ਸ੍ਰੀਨਗਰ (ਸਮਾਜਵੀਕਲੀ) : ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਅੱਜ ਅਤਿਵਾਦੀਆਂ ਵੱਲੋਂ ਸੁਰੱਖਿਆ ਬਲਾਂ ਦੀ ਟੀਮ ’ਤੇ ਕੀਤੇ ਗਏ ਹਮਲੇ ’ਚ ਸੀਆਰਪੀਐੱਫ ਦੇ ਜਵਾਨ ਤੇ ਇੱਕ ਅੱਠ ਸਾਲਾ ਲੜਕੇ ਦੀ ਮੌਤ ਹੋ ਗਈ।
ਪੁਲੀਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਦੁਪਹਿਰ 12 ਵਜੇ ਦੇ ਕਰੀਬ ਅਤਿਵਾਦੀਆਂ ਨੇ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਬਿਜਬਹੇੜਾ ਇਲਾਕੇ ਦੇ ਪਾਦਸ਼ਾਹੀ ਬਾਗ ਪੁਲ ਨੇੜੇ ਸੀਆਰਪੀਐੱਫ 90 ਬਟਾਲੀਅਨ ’ਤੇ ਗੋਲੀਆਂ ਚਲਾ ਦਿੱਤੀਆਂ।
ਉਨ੍ਹਾਂ ਦੱਸਿਆ ਕਿ ਇਸ ਹਮਲੇ ’ਚ ਸੀਆਰਪੀਐੱਫ ਦਾ ਜਵਾਨ ਤੇ ਇੱਕ ਅੱਠ ਸਾਲਾ ਲੜਕਾ ਜ਼ਖ਼ਮੀ ਹੋ ਗਿਆ। ਦੋਵਾਂ ਨੂੰ ਬਿਜਬਹੇੜਾ ਦੇ ਹਸਪਤਾਲ ਦਾਖਲ ਕਰਵਾਇਆ ਗਿਆਜਿੱਥੇ ਦੋਵਾਂ ਦੀ ਮੌਤ ਹੋ ਗਈ। ਸੀਆਰਪੀਐੱਫ ਦੇ ਜਵਾਨ ਦੀ ਪਛਾਣ ਕਾਂਸਟੇਬਲ ਸ਼ਾਮਲ ਕੁਮਾਰ ਜਦਕਿ ਲੜਕੇ ਦੀ ਪਛਾਣ ਨਿਹਾਨ ਯਾਵਰ ਵਜੋਂ ਹੋਈ ਹੈ।
ਪੁਲੀਸ ਨੇ ਦੱਸਿਆ ਕਿ ਸੁਰੱਖਿਆ ਬਲਾਂ ’ਤੇ ਹਮਲਾ ਕਰਨ ਵਾਲੇ ਅਤਿਵਾਦੀ ਦੀ ਪਛਾਣ ਜ਼ਾਹਿਦ ਦਾਸ ਵਜੋਂ ਹੋਈ ਹੈ ਤੇ ਉਹ ਜੰਮੂ ਕਸ਼ਮੀਰ ਇਸਲਾਮਿਕ ਸਟੇਟ (ਜੇਕੇਆਈਐੱਸ) ਜਥੇਬੰਦੀ ਨਾਲ ਸਬੰਧਤ ਹੈ। ਇਸੇ ਦੌਰਾਨ ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲ੍ਹਾ ਨੇ ਹਮਲੇ ’ਚ ਮਾਰੇ ਗਏ ਬੱਚੇ ਦੀ ਮੌਤ ’ਤੇ ਦੁਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, ‘ਇਹ ਮਾਸੂਮ ਬੱਚਾ ਕਸ਼ਮੀਰ ਹਿੰਸਾ ਦਾ ਸ਼ਿਕਾਰ ਹੋ ਗਿਆ ਹੈ। ਇਹ ਘਟਨਾ ਬਹੁਤ ਦੁਖ ਭਰੀ ਹੈ ਤੇ ਇਸ ਦੀ ਆਲੋਚਨਾ ਕੀਤੀ ਜਾਣੀ ਚਾਹੀਦੀ ਹੈ।’