ਲਸ਼ਕਰ-ਏ-ਤਇਬਾ ਦੇ ਅਤਿਵਾਦੀਆਂ ਦੀ ਘੁਸਪੈਠ ਹੋਣ ਦੀ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਕੇਰਲ ਤੇ ਤਾਮਿਲਨਾਡੂ ਵਿੱਚ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ।
ਕੋਇੰਬਟੂਰ ਦੇ ਪੁਲੀਸ ਕਮਿਸ਼ਨਰ ਸੁਮਿਤ ਸ਼ਰਨ ਨੇ ਕਿਹਾ ਕਿ ਅਤਿਵਾਦੀਆਂ ਦੇ ਇੱਥੇ ਆਉਣ ਦੀ ਸੂਚਨਾ ਮਿਲਣ ਤੋਂ ਬਾਅਦ ਸ਼ਹਿਰ ’ਚ ਹਾਈ ਅਲਰਟ ਹੈ। ਅਧਿਕਾਰੀਆਂ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਇਸ ਵੱਲ ਇਸ਼ਾਰਾ ਕਰਦੀ ਹੈ ਕਿ ਸ੍ਰੀਲੰਕਾ ਦੇ ਸਮੁੰਦਰੀ ਰਸਤੇ ਰਾਹੀਂ ਸੂਬੇ ’ਚ ਲਸ਼ਕਰ ਦੇ ਛੇ ਅਤਿਵਾਦੀ ਆਏ ਅਤੇ ਕੋਇੰਬਟੂਰ ਸਮੇਤ ਹੋਰਨਾਂ ਸ਼ਹਿਰਾਂ ’ਚ ਗਏ। ਪੁਲੀਸ ਨੇ ਦੱਸਿਆ ਕਿ ਸੂਬੇ ’ਚ ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਧਾਰਮਿਕ ਥਾਵਾਂ ਸਮੇਤ ਕਈ ਥਾਵਾਂ ’ਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸੰਭਾਵੀ ਘੁਸਪੈਠ ਨੂੰ ਰੋਕਣ ਲਈ ਖਾਸ ਤੌਰ ’ਤੇ ਤੱਟੀ ਜ਼ਿਲ੍ਹਿਆਂ ’ਚ ਅਲਰਟ ਜਾਰੀ ਕੀਤਾ ਗਿਆ ਹੈ। ਚੇਨੱਈ ਪੁਲੀਸ ਦੇ ਕਮਿਸ਼ਨਰ ਏਕੇ ਵਿਸ਼ਵਨਾਥਨ ਨੇ ਕਿਹਾ ਇਹਤਿਆਤ ਵਜੋਂ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਦਸਤਿਆਂ ਦੀਆਂ 10 ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਤਾਂ ਜੋ ਲੋੜ ਪੈਣ ’ਤੇ ਕਾਰਵਾਈ ਕੀਤੀ ਜਾ ਸਕੇ। ਸਾਰੇ ਸ਼ਾਪਿੰਗ ਮਾਲ, ਮਸ਼ਹੂਰ ਮੰਦਰਾਂ ਤੇ ਹੋਰ ਮਸ਼ਹੂਰ ਥਾਵਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਹਵਾਈ ਸੈਨਾ ਤੇ ਥਲ ਸੈਨਾ ਨੂੰ ਅਲਰਟ ਰਹਿਣ ਦੀ ਸੂਚਨਾ ਦਿੱਤੀ ਹੈ। ਪੁਲੀਸ ਨੇ ਦੱਸਿਆ ਕਿ ਇਲਾਕੇ ’ਚ ਗਸ਼ਤ ਵਧਾ ਦਿੱਤੀ ਗਈ ਹੈ। ਸ਼ਹਿਰ ਵਿੱਚ ਅਤੇ ਸਰਹੱਦੀ ਖੇਤਰ ’ਚ ਵਾਹਨਾਂ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਸੂਤਰਾਂ ਨੇ ਦੱਸਿਆ ਘੁਸਪੈਠੀਆਂ ਦੀ ਪਛਾਣ ਜਾਂ ਉਨ੍ਹਾਂ ਦੀ ਨਾਗਰਿਕਤਾ ਬਾਰੇ ਅਜੇ ਪਤਾ ਨਹੀਂ ਲਗ ਸਕਿਆ ਹੈ ਪਰ ਉਨ੍ਹਾਂ ’ਚੋਂ ਇੱਕ ਵਿਅਕਤੀ ਪਾਕਿਸਤਾਨ ਤੋਂ ਹੈ।
HOME ਅਤਿਵਾਦੀਆਂ ਬਾਰੇ ਖੁਫ਼ੀਆ ਸੂਚਨਾ ਮਗਰੋਂ ਕੇਰਲ ਤੇ ਤਾਮਿਲਨਾਡੂ ’ਚ ਅਲਰਟ