ਜਲੰਧਰ ਦੇ ਮਕਸੂਦਾਂ ਪੁਲੀਸ ਥਾਣੇ ਅੱਗੇ ਕੀਤੇ ਬੰਬ ਧਮਾਕੇ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਇਹ ਧਮਾਕਾ ਪਹਿਲਾਂ ਡੇਰਾਬੱਸੀ ਪੁਲੀਸ ਸਟੇਸ਼ਨ ਨੇੜੇ ਕਰਨ ਦੀ ਯੋਜਨਾ ਸੀ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਨ੍ਹਾਂ ਤਿੰਨ ਵਾਰ ਪੁਲੀਸ ਸਟੇਸ਼ਨ ਦੀ ਰੇਕੀ ਵੀ ਕੀਤੀ ਸੀ, ਪਰ ਐਨ ਮੌਕੇ ਉਨ੍ਹਾਂ ਦੀ ਯੋਜਨਾ ਬਦਲ ਗਈ ਤੇ ਧਮਾਕੇ ਲਈ ਜਲੰਧਰ ਦਾ ਮਕਸੂਦਾਂ ਥਾਣਾ ਚੁਣ ਲਿਆ ਗਿਆ। ਇਸ ਖੁਲਾਸੇ ਮਗਰੋਂ ਇੱਥੋਂ ਦੀ ਪੁਲੀਸ ਵੱਲੋਂ ਹੁਣ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ ਤੇ ਥਾਣੇ ਦੀ ਨਜ਼ਰਸਾਨੀ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਡੇਰਾਬੱਸੀ ਪੁਲੀਸ ਥਾਣਾ ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ਕੰਢੇ ਫਲਾਈਓਵਰ ਦੇ ਹੇਠਾਂ ਹੈ। ਪੁੱਛਗਿੱਛ ਵਿਚ ਸਾਹਮਣੇ ਆਇਆ ਹੈ ਕਿ ਫਲਾਈਓਵਰ ਉੱਤੋਂ ਗ੍ਰਨੇਡ ਸੁੱਟਿਆ ਜਾਣਾ ਸੀ। ਚੌਕਸੀ ਵਰਤਦਿਆਂ ਹੁਣ ਪੁਲੀਸ ਨੇ ਫਲਾਈਓਵਰ ਉੱਤੇ ਟੀਨ ਦੀ ਚਾਦਰ ਲਾ ਦਿੱਤੀ ਹੈ। ਇਸ ਤੋਂ ਇਲਾਵਾ ਥਾਣੇ ਵਿਚ ਸੀਸੀਟੀਵੀ ਕੈਮਰੇ ਲਾਉਣ ਤੋਂ ਇਲਾਵਾ ਬਾਹਰੀ ਗੇਟ ’ਤੇ ਸੰਤਰੀ ਦੀ ਪੋਸਟ ਨੂੰ ਕਵਰ ਕਰਕੇ ਪੱਕੀ ਪੋਸਟ ਬਣਾ ਦਿੱਤੀ ਗਈ ਹੈ। ਪੁਲੀਸ ਦੇ ਉੱਚ ਅਧਿਕਾਰੀਆਂ ਨੇ ਥਾਣੇ ਦਾ ਦੌਰਾ ਵੀ ਕੀਤਾ ਹੈ। ਦੱਸਣਯੋਗ ਹੈ ਕਿ ਪੁਲੀਸ ਨੇ ਮਕਸੂਦਾਂ ਧਮਾਕੇ ਦੇ ਦੋਸ਼ ਹੇਠ ਅਤਿਵਾਦੀ ਜਥੇਬੰਦੀ ਅਨਸਰ ਗ਼ਜਾਵਤ-ਉੱਲ-ਹਿੰਦ ਨਾਲ ਰਾਬਤਾ ਰੱਖਣ ਵਾਲੇ ਦੋ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਇਲਾਵਾ ਦੋ ਹੋਰ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਮੁਲਜ਼ਮਾਂ ਦੇ ਸਾਥੀ ਡੇਰਾਬੱਸੀ ਨੇੜਲੇ ਇਕ ਇੰਜਨੀਅਰਿੰਗ ਕਾਲਜ ਵਿਚ ਪੜ੍ਹਦੇ ਸਨ ਤੇ ਉਨ੍ਹਾਂ ਕੋਲ ਇਹ ਅਕਸਰ ਆਉਂਦੇ ਰਹਿੰਦੇ ਸਨ। ਇਸੇ ਦੌਰਾਨ ਉਨ੍ਹਾਂ ਪਹਿਲਾਂ ਡੇਰਾਬੱਸੀ ਦੀ ਚੋਣ ਕੀਤੀ ਸੀ। ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਮੁਖੀ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਇੰਟੈਲੀਜੈਂਸ ਤੋਂ ਸੂਚਨਾ ਮਿਲਣ ਮਗਰੋਂ ਚੌਕਸੀ ਵਰਤਦੇ ਹੋਏ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।