ਚੰਡੀਗੜ੍ਹ (ਸਮਾਜ ਵੀਕਲੀ) : ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਵਿਚ ਅਣਵਰਤੇ ਪਏ ਨਵੇਂ ਵੈਂਟੀਲੇਟਰ ਚਲਾਉਣ ਲਈ ਮੈਡੀਕਲ ਮਾਹਿਰਾਂ ਦੀ ਭਰਤੀ ਕਰਨ ਦੀ ਮੰਗ ਕੀਤੀ ਹੈ। ਇਕ ਬਿਆਨ ਵਿਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਵੇਖ ਕਿ ਹੈਰਾਨੀ ਹੋਈ ਹੈ ਕਿ ਕਈ ਮਹੀਨੇ ਪਹਿਲਾਂ ਸੂਬੇ ਨੂੰ ਮਿਲੇ 300 ਨਵੇਂ ਵੈਂਟੀਲੇਟਰ ਸਟਾਫ ਦੀ ਘਾਟ ਕਾਰਨ ਅਣਵਰਤੇ ਪਏ ਹਨ। ਕੁਝ ਮਾਮਲਿਆਂ ਵਿਚ ਤਾਂ ਇਹ ਫਿੱਟ ਵੀ ਨਹੀਂ ਕੀਤੇ ਗਏ।
ਉਨ੍ਹਾਂ ਕਿਹਾ ਕਿ ਜਦੋਂ ਲੋੜ ਪਵੇ ਕਾਰਜਪਾਲਿਕਾ ਨੂੰ ਫੈਸਲਾਕੁਨ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ। ਇਹ ਸਾਧਾਰਨ ਸਥਿਤੀ ਨਹੀਂ ਹੈ। ਇਸ ਸਮੇਂ ਲੋੜੀਂਦਾ ਸਟਾਫ ਭਰਤੀ ਕਰਨ ਲਈ ਆਮ ਪ੍ਰਕਿਰਿਆ ਦਰ ਕਿਨਾਰ ਕਰ ਦੇਣੀ ਚਾਹੀਦੀ ਹੈ। ਪਹਿਲਾਂ ਵੀ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਅੰਮ੍ਰਿਤਸਰ ਵਿਚ 200 ਨਵੇਂ ਵੈਂਟੀਲੇਟਰ ਵਰਤੇ ਨਹੀਂ ਜਾ ਰਹੇ ਤੇ ਹੁਣ ਫਿਰ ਰਿਪੋਰਟ ਆਈ ਹੈ ਕਿ ਮੁਕਤਸਰ ਲਈ ਭੇਜੇ ਵੈਂਟੀਲੇਟਰ ਸਟਾਫ ਦੀ ਘਾਟ ਕਾਰਨ ਅਣਵਰਤੇ ਪਏ ਹਨ।
ਅਕਾਲੀ ਆਗੂ ਨੇ ਕਿਹਾ ਕਿ ਕਰੋਨਾ ਅਹਿਮ ਪੜਾਅ ’ਤੇ ਹੈ। ਕੋਈ ਵੀ ਢਿੱਲ ਮੱਠ ਸੂਬੇ ਨੂੰ ਮਹਿੰਗੀ ਪੈ ਸਕਦੀ ਹੈ। ਸਰਕਾਰ ਨੂੰ ਸਾਰੇ ਵੈਂਟੀਲੇਟਰਾਂ ਦੀ ਵਰਤੋਂ, ਆਕਸੀਜਨ ਅਤੇ ਕਰੋਨਾ ਨਾਲ ਨਜਿੱਠਣ ਲਈ ਲੋੜੀਂਦੀਆਂ ਜੀਵਨ ਰੱਖਿਅਕ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਨ੍ਹਾਂ ਸਰੋਤਾਂ ਦੀ ਵੰਡ ਤੋਂ ਭੱਜਣਾ ਨਹੀਂ ਚਾਹੀਦਾ। ਸੂਬੇ ਵਿਚ ਮੌਤ ਦਰ, ਜੋ ਕੌਮੀ ਔਸਤ ਨਾਲੋਂ ਦੁੱਗਣੀ ਅਤੇ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ, ਨੂੰ ਘੱਟ ਕਰਨ ਦਾ ਇਹ ਹੀ ਇਕ ਤਰੀਕਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly