ਮਾਨਸਾ- ਸ਼ਹਿਰ ਦੇ ਵਾਰਡ ਨੰਬਰ-15 ’ਚ ਅਣਖ ਖ਼ਾਤਰ ਨਾਬਾਲਗ ਦਲਿਤ ਲੜਕੇ ਜਸਪ੍ਰੀਤ ਸਿੰਘ (17) ਨੂੰ ਜਿਊਂਦਾ ਸਾੜ ਕੇ ਕਤਲ ਕਰ ਦਿੱਤਾ ਗਿਆ ਹੈ। ਉਸ ਦੀ ਲਾਸ਼ ਪੁਲੀਸ ਨੂੰ ਅੱਜ ਸਵੇਰੇ ਇੱਕ ਸ਼ੈਲਰ ਨੇੜਿਓਂ ਖੁੱਲ੍ਹੇ ਮੈਦਾਨ ਵਿੱਚ ਪਈ ਮਿਲੀ। ਜ਼ਿਲ੍ਹਾ ਪੁਲੀਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਦੋ ਭਰਾਵਾਂ ਸਮੇਤ ਤਿੰਨ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਦੇ ਵੱਡੇ ਭਰਾ ਕੁਲਵਿੰਦਰ ਸਿੰਘ ਨੇ ਗੁਆਂਢ ’ਚ ਰਹਿੰਦੀ ਲੜਕੀ ਰਾਜੂ ਕੌਰ ਨਾਲ 2 ਵਰ੍ਹੇ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ। ਜੋੜਾ ਵਿਆਹ ਤੋਂ ਬਾਅਦ ਬੁਢਲਾਡਾ ਰਹਿਣ ਲੱਗ ਪਿਆ ਸੀ ਅਤੇ ਪਿਛਲੇ ਦਿਨੀਂ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਸੀ। ਜਸਪ੍ਰੀਤ ਮੁਹੱਲੇ ਵਿਚ ਖ਼ੁਸ਼ੀ ਮਨਾਉਂਦਾ ਕਹਿ ਰਿਹਾ ਸੀ ਕਿ ਉਸ ਦੇ ਭਰਾ-ਭਰਜਾਈ ਹੁਣ ਘਰ ਵਾਪਸ ਆਉਣਗੇ ਤੇ ਇਸੇ ਗੱਲ ’ਤੇ ਲੜਕੀ ਦੇ ਪਰਿਵਾਰ ਵਾਲੇ ਪਹਿਲਾਂ ਨਾਲੋਂ ਵੀ ਵੱਧ ਰੰਜਿਸ਼ ਰੱਖਣ ਲੱਗ ਗਏ। ਸ਼ਨਿਚਰਵਾਰ ਰਾਤ ਕੁਝ ਨੌਜਵਾਨ ਉਸ ਨੂੰ ਘਰੋਂ ਲੈ ਗਏ ਤੇ ਨੇੜੇ ਹੀ ਪੀਰਖਾਨੇ ਦੇ ਪਿਛਲੇ ਪਾਸੇ ਖਾਲੀ ਪਏ ਪਲਾਟ ’ਚ ਉਸ ਦੇ ਹੱਥ-ਪੈਰ ਬੰਨ੍ਹ ਕੇ ਤਸ਼ੱਦਦ ਤੋਂ ਬਾਅਦ ਪੂਰੇ ਸਰੀਰ ’ਤੇ ਪੈਟਰੋਲਛਿੜਕ ਕੇ ਜਿਊਂਦੇ ਨੂੰ ਸਾੜ ਦਿੱਤਾ। ਥਾਣਾ ਸ਼ਹਿਰੀ-1 ਦੇ ਮੁੱਖ ਅਫ਼ਸਰ ਸੁਖਜੀਤ ਸਿੰਘ ਅਨੁਸਾਰ ਮ੍ਰਿਤਕ ਦੇ ਪਿਤਾ ਸੂਰਤ ਸਿੰਘ ਦੇ ਬਿਆਨਾਂ ’ਤੇ ਜਸ਼ਨ, ਗੁਰਜੀਤ ਸਿੰਘ ਤੇ ਰਾਜੂ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਤੇ ਅੱਜ ਦੇਰ ਸ਼ਾਮ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਵਿਸ਼ੇਸ਼ ਟੀਮਾਂ ਨੂੰ ਜਾਂਚ ਲਈ ਬੁਲਾਇਆ ਗਿਆ ਹੈ ਅਤੇ ਲਾਸ਼ ਦੇ ਨੇੜਿਓਂ ਕੁਝ ਨਮੂਨੇ ਲਏ ਗਏ ਹਨ, ਜਿਨ੍ਹਾਂ ਨੂੰ ਟੈਸਟ ਲਈ ਲੈਬ ਵਿੱਚ ਭੇਜਿਆ ਗਿਆ ਹੈ।
INDIA ਅਣਖ ਖ਼ਾਤਰ ਨਾਬਾਲਗ ਦਲਿਤ ਜਿਊਂਦਾ ਸਾੜਿਆ