ਅਣਖ਼ ਖ਼ਾਤਰ ਕਤਲ: ਜੱਸੀ ਦੀ ਮਾਂ ਤੇ ਮਾਮਾ ਗ੍ਰਿਫ਼ਤਾਰ

ਪੰਜਾਬ ਵਿੱਚ ਲਗਪਗ ਸਾਢੇ ਅਠਾਰਾਂ ਸਾਲ ਪਹਿਲਾਂ ਅਣਖ਼ ਖਾਤਰ ਜਸਵਿੰਦਰ ਕੌਰ ਉਰਫ਼ ਜੱਸੀ ਸਿੱਧੂ ਦੇ ਹੋਏ ਕਤਲ ਕੇਸ ਵਿਚ ਲੋੜੀਂਦੀ ਉਸ ਦੀ ਮਾਂ ਮਲਕੀਤ ਕੌਰ ਸਿੱਧੂ ਅਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੂੰ ਦਿੱਲੀ ਹਵਾਈ ਅੱਡੇ ’ਤੇ ਲੋਂੜੀਦੀ ਪ੍ਰਕਿਰਿਆ ਮਗਰੋਂ ਕੈਨੇਡਾ ਪੁਲੀਸ ਨੇ ਸੰਗਰੂਰ ਪੁਲੀਸ ਹਵਾਲੇ ਕਰ ਦਿੱਤਾ ਹੈ। ਸੰਗਰੂਰ ਪੁਲੀਸ ਨੇ ਦੋਵਾਂ ਨੂੰ ਪਟਿਆਲਾ ਕੋਰਟ ਹਾਊਸ ਵਿੱਚ ਪੇਸ਼ ਕੀਤਾ, ਜਿੱਥੋਂ ਹੁਣ ਇਨ੍ਹਾਂ ਨੂੰ ਦੇਰ ਰਾਤ ਪੁਲੀਸ ਥਾਣਾ ਅਮਰਗੜ੍ਹ ਲਿਆਂਦਾ ਜਾਵੇਗਾ। ਦੋਵਾਂ ਨੂੰ ਭਲਕੇ 25 ਜਨਵਰੀ ਨੂੰ ਮਾਲੇਰਕੋਟਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਕੈਨੇਡਾ ਦੀ ਜੰਮਪਲ 25 ਸਾਲਾ ਜਸਵਿੰਦਰ ਕੌਰ ਉਰਫ਼ ਜੱਸੀ ਸਿੱਧੂ 1996 ਵਿੱਚ ਪੰਜਾਬ ਆਈ ਸੀ। ਇਸ ਦੌਰਾਨ ਜਗਰਾਉਂ ਵਿਚ ਉਹਦੀ ਸੁਖਵਿੰਦਰ ਸਿੰਘ ਉਰਫ਼ ਮਿੱਠੂ ਵਾਸੀ ਕਾਉਂਕੇ ਖੋਸਾ ਨਾਲ ਮੁਲਾਕਾਤ ਹੋਈ ਤੇ ਦੋਵਾਂ ਵਿੱਚ ਪਿਆਰ ਹੋ ਗਿਆ। ਇਸ ਮਗਰੋਂ 1999 ਵਿਚ ਜਦੋਂ ਜੱਸੀ ਸਿੱਧੂ ਕੈਨੇਡਾ ਤੋਂ ਭਾਰਤ ਆਈ ਤਾਂ ਉਹਨੇ ਸੁਖਵਿੰਦਰ ਸਿੰਘ ਉਰਫ਼ ਮਿੱਠੂ ਨਾਲ ਚੁੱਪ-ਚੁਪੀਤੇ ਵਿਆਹ ਕਰਵਾ ਲਿਆ। ਦੋਵਾਂ ਉਪਰ ਜੂਨ 2000 ਵਿੱਚ ਮਾਲੇਰਕੋਟਲਾ ਉਪ ਮੰਡਲ ਅਧੀਨ ਪੈਂਦੇ ਪਿੰਡ ਨਾਰੀਕੇ ਨੇੜੇ ਹਮਲਾ ਹੋਇਆ। ਦੋਵੇਂ ਉਦੋਂ ਸਕੂਟਰ ’ਤੇ ਸਵਾਰ ਸਨ। ਮਿੱਠੂ ਦੀ ਬੇਰਹਿਮੀ ਨਾਲ ਕੁੱਟਮਾਰ ਮਗਰੋਂ ਉਹਨੂੰ ਸੜਕ ਕਿਨਾਰੇ ਸੁੱਟ ਦਿੱਤਾ ਜਦੋਂ ਕਿ ਜੱਸੀ ਸਿੱਧੂ ਨੂੰ ਅਗਵਾ ਕਰਕੇ ਬਾਅਦ ਵਿਚ ਕਤਲ ਕਰ ਦਿੱਤਾ ਗਿਆ। ਪੁਲੀਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਵਾਰਦਾਤ ਕਥਿਤ ਕੈਨੇਡਾ ਰਹਿੰਦੀ ਜੱਸੀ ਦੀ ਮਾਂ ਅਤੇ ਮਾਮੇ ਨੇ ਭਾੜੇ ਦੇ ਗੁੰਡਿਆਂ ਤੋਂ ਕਰਵਾਈ ਸੀ। ਕਤਲ ਕੇਸ ਦੀ ਸੁਣਵਾਈ ਦੌਰਾਨ ਭਾਰਤੀ ਅਦਾਲਤ ਵਲੋਂ ਜੱਸੀ ਸਿੱਧੂ ਦੀ ਮਾਂ ਤੇ ਮਾਮੇ ਸਮੇਤ ਤਿੰਨ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਕੈਨੇਡੀਅਨ ਨਾਗਰਿਕ ਮਲਕੀਤ ਕੌਰ ਸਿੱਧੂ (68) ਅਤੇ ਸੁਰਜੀਤ ਸਿੰਘ ਬਦੇਸ਼ਾ (73) ਨੂੰ ਭਾਰਤ ਲਿਆਉਣ ਲਈ ਲੰਮੀ ਜਦੋਜਹਿਦ ਕਰਨੀ ਪਈ।
ਸਤੰਬਰ-2017 ਵਿੱਚ ਵੀ ਪੰਜਾਬ ਪੁਲੀਸ ਦੀ ਟੀਮ ਦੋਵਾਂ ਨੂੰ ਭਾਰਤ ਲਿਆਉਣ ਲਈ ਕੈਨੇਡਾ ਗਈ ਸੀ। ਕੈਨੇਡਾ ਦੀ ਸੁਪਰੀਮ ਕੋਰਟ ਨੇ ਉਦੋਂ ਦੋਵਾਂ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਦਿੱਤੇ ਸਨ। ਐਨ ਆਖ਼ਰੀ ਮੌਕੇ ਦੋਵਾਂ ਦੀ ਭਾਰਤ ਨੂੰ ਸਪੁਰਦਗੀ ਰੁਕ ਗਈ, ਜਿਸ ਕਾਰਨ ਪੰਜਾਬ ਪੁਲੀਸ ਦੀ ਟੀਮ ਨੂੰ ਕੈਨੇਡਾ ਤੋਂ ਖਾਲੀ ਹੱਥ ਪਰਤਣਾ ਪਿਆ।
ਜ਼ਿਲ੍ਹਾ ਪੁਲੀਸ ਮੁਖੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਗੁਰਮੀਤ ਸਿੰਘ ਐਸਪੀ(ਡੀ) ਸੰਗਰੂਰ ਦੀ ਅਗਵਾਈ ਹੇਠ ਪੁਲੀਸ ਦੀ ਵਿਸ਼ੇਸ਼ ਟੀਮ ਨੇ ਕੈਨੇਡੀਅਨ ਨਾਗਰਿਕ ਮਲਕੀਤ ਕੌਰ ਸਿੱਧੂ ਅਤੇ ਸੁਰਜੀਤ ਸਿੰਘ ਬਦੇਸ਼ਾ ਨੂੰ ਦਿੱਲੀ ਤੋਂ ਹਿਰਾਸਤ ਵਿੱਚ ਲੈ ਲਿਆ ਹੈ।

Previous articleਸੀਬੀਆਈ ਦੇ ਨਵੇਂ ਮੁਖੀ ਦੀ ਚੋਣ ਸਬੰਧੀ ਬੈਠਕ ਬੇਸਿੱਟਾ ਰਹੀ
Next articleਪ੍ਰਿਯੰਕਾ ਤੇ ਸਿੰਧੀਆ ਨੂੰ ਯੂਪੀ ’ਚ ਕਾਂਗਰਸ ਸਰਕਾਰ ਬਣਾਉਣ ਦਾ ਟੀਚਾ ਦਿੱਤੈ: ਰਾਹੁਲ