ਅਟਾਰੀ (ਸਮਾਜਵੀਕਲੀ) : ਰਾਸ਼ਟਰੀ ਸੁਰੱਖਿਆ ਲਈ ਅਟਾਰੀ ਸਰਹੱਦ ਵਿੱਚ ਸੰਗਠਿਤ ਚੈੱਕ ਪੋਸਟ ਵਿੱਚ ਸਥਾਪਤ ਫੁੱਲ ਬਾਡੀ ਟਰੱਕ ਸਕੈਨਰ ਦਾ ਅੱਜ ਫਿਰ ਟਰਾਇਲ ਹੋਇਆ। ਕੰਪਨੀ ਦੇ ਮਾਹਿਰਾਂ ਨੇ ਕਈ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਇਸ ਦਾ ਟਰਾਇਲ ਰੱਖਿਆ ਅਤੇ ਉਸ ਲਈ ਵੱਖ-ਵੱਖ ਏਜੰਸੀਆਂ ਦੇ ਅਧਿਕਾਰੀ ਸੱਦੇ ਗਏ ਪਰ ਆਖਰੀ ਮੌਕੇ ’ਤੇ ਸਕੈਨਰ ਜਵਾਬ ਦੇ ਗਿਆ ਅਤੇ ਸਭ ਨੂੰ ਵਾਪਸ ਜਾਣਾ ਪਿਆ। ਅਗਸਤ 2018 ਵਿੱਚ ਸਕੈਨਰ ਲਈ ਬੇਸ ਸਥਾਪਤ ਕੀਤਾ ਗਿਆ ਸੀ।
ਉਦੋਂ ਤੋਂ ਲੈ ਕੇ ਹੁਣ ਤੱਕ ਉਸ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੰਪਨੀ ਮਾਹਿਰਾਂ ਵੱਲੋਂ ਅੱਜ ਪਰਖ ਮਗਰੋਂ ਸਕੈਨਰ ਨੂੰ ਕਸਟਮ ਹਵਾਲੇ ਕੀਤਾ ਜਾਣਾ ਸੀ। ਜਦੋਂ ਪਰਖ ਲਈ ਸਕੈਨਰ ਵਿੱਚੋਂ ਟਰੱਕ ਲੰਘਾਏ ਗਏ ਅਤੇ ਉਨ੍ਹਾਂ ਵਿੱਚ ਛੁਪਾ ਕੇ ਸਾਮਾਨ ਵੀ ਰੱਖਿਆ ਗਿਆ ਪਰ ਸਕੈਨਰ ਇਹ ਦੱਸਣ ਵਿੱਚ ਅਸਫਲ ਰਿਹਾ ਕਿ ਕਿੱਥੇ ਕੀ ਛੁਪਾਇਆ ਹੋਇਆ ਹੈ।