ਅਟਾਰੀ- ਵਿਸ਼ਵ ਭਰ ’ਚ ਤੇਜ਼ੀ ਨਾਲ ਫੈਲ ਰਹੇ ਕਰੋਨਾਵਾਇਰਸ ਦੀ ਦਹਿਸ਼ਤ ਦੇ ਮੱਦੇਨਜ਼ਰ ਬੀਤੇ ਦਿਨ ਭਾਰਤ ਸਰਕਾਰ ਵੱਲੋਂ ਅਟਾਰੀ ਵਾਹਗਾ ਸਰਹੱਦ ’ਤੇ ਰੋਜ਼ਾਨਾ ਸ਼ਾਮ ਨੂੰ ਹੁੰਦੀ ਰੀਟਰੀਟ ਸੈਰੇਮਨੀ ਬੰਦ ਕਰਨ ਐਲਾਨ ਉਪਰੰਤ ਅੱਜ ਦੇਸ਼-ਵਿਦੇਸ਼ ਦੇ ਸੈਲਾਨੀਆਂ ਨੂੰ ਅਟਾਰੀ ਸਰਹੱਦ ’ਤੇ ਪਹੁੰਚਣ ਤੋਂ ਪਹਿਲਾਂ ਟੀ-ਪੁਆਇੰਟ ’ਤੇ ਰੋਕ ਕੇ ਪੰਜਾਬ ਪੁਲੀਸ ਵੱਲੋਂ ਵਾਪਸ ਭੇਜ ਦਿੱਤਾ ਗਿਆ। ਪਾਕਿਸਤਾਨ ਨੇ ਵੀ ਸੈਲਾਨੀਆਂ ’ਤੇ ਪਾਬੰਦੀ ਲਾਈ ਹੈ। ਇਹੀ ਕਾਰਨ ਸੀ ਕਿ ਸਰਹੱਦ ਦੇ ਦੋਵਾਂ ਪਾਸਿਆਂ ਤੋਂ ਦਰਸ਼ਕ ਗੈਲਰੀਆਂ ਖਾਲੀ ਰਹੀਆਂ। ਝੰਡਾ ਉਤਾਰਨ ਦੀ ਰਸਮ ਸਿਰਫ਼ ਬੀਐਸਐਫ ਅਤੇ ਪਾਕਿਸਤਾਨੀ ਰੇਂਜਰਜ਼ ਦੇ ਜਵਾਨਾਂ ਨੇ ਹੀ ਨਿਭਾਈ। ਇਸ ਮੌਕੇ ਦੇਸ਼ ਭਰ ਤੋਂ ਪੁੱਜੇ ਸੈਲਾਨੀਆਂ ਵਿਚ ਨਿਰਾਸ਼ਾ ਫੈਲ ਗਈ। ਦੂਜੇ ਪਾਸੇ ਸੈਲਾਨੀਆਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਕਰੋਨਾਵਾਇਰਸ ਨੂੰ ਰੋਕਣ ਲਈ ਚੁੱਕਿਆ ਕਦਮ ਸ਼ਲਾਘਾਯੋਗ ਹੈ।
ਅੱਜ ਪੰਜਾਬ ਪੁਲੀਸ ਵੱਲੋਂ ਅਟਾਰੀ-ਵਾਹਗਾ ਸਰਹੱਦ ਤੋਂ ਦੋ ਕਿਲੋਮੀਟਰ ਪਹਿਲਾਂ ਹੀ ਟੀ-ਪੁਆਇੰਟ ਤੇ ਬੈਰੀਕੇਡ ਲਗਾ ਕੇ ਲੋਕਾਂ ਨੂੰ ਉੱਥੋਂ ਹੀ ਵਾਪਸ ਭੇਜ ਦਿੱਤਾ ਗਿਆ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਕਿਸੇ ਵੀ ਸੈਲਾਨੀ ਨੂੰ ਅੱਗੇ ਨਾ ਜਾਣ ਦੇਣ।
ਰੀਟਰੀਟ ਸੈਰੇਮਨੀ ਨੂੰ ਇਸ ਲਈ ਬੰਦ ਕੀਤਾ ਗਿਆ ਕਿਉਂਕਿ ਇਸ ਪਰੇਡ ਨੂੰ ਦੇਖਣ ਲਈ ਦੋਵਾਂ ਦੇਸ਼ਾਂ ਦੇ ਹਜ਼ਾਰਾਂ ਲੋਕ ਇਕੱਤਰ ਹੁੰਦੇ ਹਨ। ਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਪਰੇਡ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਅਗਲੇ ਹੁਕਮਾਂ ਤੱਕ ਅਟਾਰੀ-ਵਾਹਗਾ ਸਰਹੱਦ ’ਤੇ ਪਰੇਡ ਨਹੀਂ ਹੋਵੇਗੀ ਪਰ ਝੰਡਾ ਉਤਾਰਨ ਦੀ ਰਸਮ ਰੋਜ਼ਾਨਾ ਪਹਿਲਾਂ ਦੀ ਤਰ੍ਹਾਂ ਕੀਤੀ ਜਾਵੇਗੀ।
INDIA ਅਟਾਰੀ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਦੇਖਣ ਜਾਂਦੇ ਸੈਲਾਨੀ ਵਾਪਸ ਮੋੜੇ