(ਸਮਾਜ ਵੀਕਲੀ)
1 .
===========
ਕਿਸਾਨ ਆਗੂਆਂ ਨੇ ਜੋ ਕੀਤੈ
ਫੈਸਲਾ ਬਹੁਤ ਹੀ ਸਿਆਣਾ ।
ਜਿੱਥੇ ਕਿਤੇ ਵੀ ਰੋਕੇ ਹਾਕਮ
ਅਸੀਂ ਓਥੇ ਹੀ ਬਹਿ ਜਾਣਾ ।
ਨਾ ਕੋਈ ਅੰਦਰੋਂ ਬਾਹਰ ਨਿੱਕਲੇ
ਨਾ ਕੋਈ ਅੰਦਰ ਜਾਵੇ ;
ਕਿਹੈ ਟਰਾਲੀਆਂ ਵਿੱਚ ਰੱਖ ਲਿਓ
ਲੰਮੇਂ ਸਮੇਂ ਦਾ ਖਾਣਾਂ ।
2 .
ਸੁਣ ਦੋਹਾਂ ਸਰਕਾਰਾਂ ਦੇ ਵਿੱਚ
ਹਫੜਾ ਦਫੜੀ ਮੱਚੀ ।
ਇਹ ਪੰਜਾਬੀ ਹੁੰਦੇ ਨੇ
ਕਦੇ ਗੱਲ ਨਾ ਆਖਣ ਕੱਚੀ ।
ਕੁੰਢੀਅਾਂ ਦੇ ਸਿੰਗ ਜਦੋਂ ਫਸਣਗੇ
ਸਾਰੀ ਦੁਨੀਆਂ ਵੇਖੂ ;
ਨਿੱਤਰੂ ਵੜੇਵੇਂ ਖਾਣੀ ਤੇ ਫਿਰ
ਜਿੱਤੂ ਸ਼ੇਰ ਦੀ ਬੱਚੀ ।
3 .
===
ਜਦੋਂ ਲੁੱਟੇ ਕੋਈ ਅਮੀਰ ,
ਤਾਂ ਆਖਣ ਵਿਉਪਾਰੀ ਹੈ ।
ਜਦੋਂ ਕਿਰਤੀ ਮੰਗਣ ਹੱਕ ,
ਕਹਿਣ ਇਹ ਗੱਦਾਰੀ ਹੈ ।
ਇਹ ਦੇਸ਼ ਧ੍ਰੋਹੀ ਅੱਤਵਾਦੀ ,
ਗੁਮਰਾਹ ਹੋ ਗਏ ਨੇ ;
ਇਹ ਲੋਕਰਾਜ ਦੀ ਦੂਹਰੀ ਤੀਹਰੀ,
ਗੱਲ ਹੀ ਨਿਆਰੀ ਹੈ ।
4 .
===
ਛੱਬੀ ਸਤਾਈ ਨਵੰਬਰ ਨੇ ,
ਲਿਖ ਦੇਣੀ ਨਵੀਂ ਕਹਾਣੀ ।
ਜਾਂ ਸਰਕਾਰ ਦੀ ਲੱਗੂ ਗੋਡਣੀ,
ਜਾਂ ਫਿਰ ਡੁੱਬ ਜਾਊ ਕਿਰਸਾਣੀ।
ਹਾਲ਼ੇ ਵੀ ਕੁੱਝ ਦਿਨ ਬਾਕੀ ਨੇ,
ਕੀ ਨਹੀਓਂ ਹੋ ਸਕਦਾ ;
ਜੇ ਕੋਈ ਵਿੱਚ ਵਿਚਾਲ਼ੇ ਹੋ ‘ਜੇ ,
ਹੋ ਜਾਊਗੀ ਗੱਲ ਸਿਆਣੀ ।
5 .
===
ਦਿਲ ਰੁਲਦੂ ਦਾ ਵੀ ਕਰਦਾ ਏ,
ਕਿ ਉਹ ਦਿੱਲੀ ਨੂੰ ਜਾਵੇ ।
ਐਪਰ ਕਿਹਾ ਕਿਸਾਨਾਂ ਨੇ ,
ਤੇਰੀ ਉਮਰ ਰਾਸ ਨਾ ਆਵੇ ।
ਠੰਡ ਦੇ ਮੌਸਮ ਵਿੱਚ ਕਿਤੇ ,
ਤੇਰਾ ਆਹਲਾ ਹੀ ਨਾ ਹੋ ‘ਜੇ ;
ਸਾਨੂੰ ਅਜੇ ਤੇਰੀ ਪੂਰੀ ਲੋੜ ਹੈ,
ਤੇਰੀ ਕੁਦਰਤ ਉਮਰ ਵਧਾਵੇ ।
6 .
===
ਐਪਰ ਫਿਰ ਵੀ ਰੁਲਦੂ ਨੇ ,
ਕਰ ਲਈ ਜਾਣ ਦੀ ਤਿਆਰੀ ।
ਚਾਰ ਮੀਨੇ੍ ਦਾ ਰਾਸ਼ਨ ਪਾ ਲਈ,
ਚੀਜ਼ ਵਸਤ ਵੀ ਸਾਰੀ ।
ਪਿੰਡ ਵਾਲ਼ਿਆਂ ਨੂੰ ਕਹਿ ‘ਤਾ ,
ਮਗਰੋਂ ਢਿੱਲੇ ਨਾ ਪੈ ਜਾਇਓ ;
ਟੋਲੇ ਕਈ ਤਿਆਰ ਰਹਿਣ ,
ਭੇਜਣ ਲਈ ਵਾਰੋ ਵਾਰੀ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
ਪੰਜਾਬ 9478408898