(ਸਮਾਜਵੀਕਲੀ)
ਪ੍ਰਸਿੱਧ ਅਮਰੀਕੀ ਲੇਖਕ ਜੌਰਜ ਕਾਰਲਿਨ ਦਾ ਇਕ ਲੇਖ ਪੜ੍ਹਿਆ ਜਿਸ ਵਿੱਚ ਅਜੋਕੇ ਮਨੁੱਖੀ ਜੀਵਨ ਦੀਆ ਸਚਾਈਆਂ ਦੀ ਬਹੁਤ ਹੀ ਉਮਦਾ ਤਸਵੀਰ ਪੇਸ਼ ਕੀਤੀ ਗਈ ਹੈ । ਲੇਖਕ ਨੇ ਆਪਣੇ ਇਸ ਲੇਖ ਵਿੱਚ ਅਜੋਕੇ ਮਨੁੱਖੀ ਦਾ ਜੋ ਸੰਤਾਪ ਪੇਸ਼ ਕੀਤਾ ਹੈ, ਉਹ ਮੇਰੇ ਮਨ ਦੀਆ ਧੁਰ ਡੂੰਘੀਆਂ ਵਿੱਚ ਉਤਰ ਗਿਆ ਤੇ ਮੈਥੋ ਉਸ ਲੇਖ ਦਾ ਤੱਤਸਾਰ ਤੁਹਾਡੇ ਨਾਲ ਸਾਂਝਾ ਕਰਨ ਤੋਂ ਬਿਨਾ ਰਿਹਾ ਨਾ ਗਿਆ ।
ਜੌਰਜ ਲਿਖਦਾ ਹੈ ਕਿ ਸਾਡੇ ਜੁੱਗ ਦਾ ਵਿਰੋਧਾਭਾਸ ਇਹ ਹੈ ਕਿ ਅਸੀਂ ਮਹਿਲ ਮਾੜੀਆਂ ਤਾਂ ਬਹੁਤ ਵੱਡੇ ਵੱਡੇ ਉਸਾਰ ਲਏ, ਪਰ ਆਪਣੀ ਮਾਨਸਿਕਤਾ ਦਾ ਵਿਕਾਸ ਕਰਨਾ ਭੁੱਲ ਗਏ ਜਿਸ ਕਾਰਨ ਉਹ ਦਿਨੋ ਦਿਨ ਤੰਗ ਤੇ ਬੌਨੀ ਹੁੰਦੀ ਚਲੀ ਗਈ, ਜਿਸ ਕਾਰਨ ਅੱਜ ਅਸੀਂ ਈਰਖਾ, ਨਫ਼ਰਤ ਤੇ ਦਵੈਤ ਦੇ ਸਾੜੇ ਨਾਲ ਨੱਕੋ ਨੱਕ ਭਰੇ ਪਏ ਹਾਂ ।
ਲੰਮੇ ਲੰਮੇ ਮਾਰਗਾਂ ਨੇ ਸ਼ਹਿਰਾਂ ਨੂੰ ਸ਼ਹਿਰਾਂ ਨਾਲ ਬੇਸ਼ੱਕ ਮੇਲ ਦਿੱਤਾ, ਪਰ ਸਾਡਾ ਦਿ੍ਰਸਟੀਕੋਣ ਬਹੁਤ ਤੰਗ ਕਰ ਦਿੱਤਾ ।
ਅਸੀਂ ਬਹੁਤ ਖ਼ਰਚੀਲੇ ਹੋ ਗਏ ਹਾਂ, ਪਰ ਸਾਡੇ ਪੱਲੇ ਕੁੱਝ ਵੀ ਨਹੀਂ ਜਿਸ ਕਾਰਨ ਸਾਡੀ ਹਾਲਤ ਅੱਜ ਉੱਚਾ ਲੰਮਾ ਗੱਭਰੂ ਤੇ ਬੋਝੇ ਵਿੱਚ ਗਾਜਰਾਂ ਵਾਲੀ ਬਣ ਚੁੱਕੀ ਹੈ ।
ਅਸੀਂ ਵਧੇਰੇ ਖਰੀਦੋ ਫ਼ਰੋਖ਼ਤ ਕਰਨ ਦੇ ਬਾਵਜੂਦ ਵੀ ਬੇਚੈਨ ਹਾਂ, ਅਸੰਤੁਸ਼ਟ ਤੇ ਪਰੇਸ਼ਾਨ ਹਾਂ । ਸਾਡਾ ਮਨ ਭਟਕਣ ਦਾ ਸ਼ਿਕਾਰ ਹੈ ਤੇ ਭੋਗ ਪਦਾਰਥਾਂ ‘ਚੋ ਹੀ ਅਸਲੀ ਆਨੰਦ ਲੱਭਣ ਦੀ ਅੰਨ੍ਹੀ ਦੌੜ ਚ ਭਟਕ ਰਿਹਾ ਹੈ ।
ਅਸੀਂ ਵੱਡੇ ਵੱਡੇ ਮਹਿਲ ਉਸਾਰ ਕੇ ਵੀ ਇਕੱਲੇ ਹਾਂ । ਸਾਂਝੇ ਪਰਿਵਾਰਾਂ ਦੀ ਪ੍ਰਥਾ ਕਦੋਂ ਦੀ ਖਤਮ ਕਰ ਲਈ ਹੈ, ਜਿਸ ਕਾਰਨ ਵੱਡੇ ਘਰਾਂ ਵਿੱਚ
ਜਾਂ ਤਾਂ ਛੋਟੇ ਪਰਿਵਾਰਾਂ ਦਾ ਵਸੇਬਾ ਹੈ ਜਾਂ ਫਿਰ ਜਾਨਵਰਾਂ ਤੇ ਪੰਛੀਆ ਦਾ ਰੈਣ ਬਸੇਰਾ ਹੈ ।
ਸਾਡੀਆਂ ਯੂਨੀਵਰਸਿਟੀਆਂ ਹਰ ਸਾਲ ਹਜ਼ਾਰਾਂ ਡਿਗਰੀਆਂ ਵੰਡਦੀਆਂ ਹਨ, ਪਰ ਅਸਲ ਸੂਝ, ਸਿਆਣਪ ਤੇ ਅਕਲ ਦੀ ਸਿੱਖਿਆ ਦੇਣ ਵਾਲਾ ਅਸੀਂ ਅਜੇ ਤੱਕ ਇਕ ਵੀ ਸਕੂਲ ਨਹੀਂ ਉਸਾਰ ਸਕੇ ।
ਸਾਡੀ ਬਿਰਤੀ ਮੁਫ਼ਤ ਦੀਆ ਸਲਾਹਾਂ ਦੇਣ ਤੱਕ ਸੀਮਤ ਹੋ ਕੇ ਰਹਿ ਗਈ ਹੈ । ਇਹੀ ਕਾਰਨ ਹੈ ਕਿ ਅਸੀਂ ਲੋੜਵੰਦਾਂ ਦੀ ਤਹਿ ਦਿਲੋਂ ਮੱਦਦ ਕਰਨ ਦੀ ਬਜਾਏ ਉਹਨਾਂ ਨੂੰ ਬਿਨਾ ਮੰਗੇ ਸਲਾਹਾਂ ਦੇ ਕੇ ਅਕਸਰ ਹੀ ਆਪਣੀ ਇੱਜਤ ਤੇ ਅਕਲ ਦਾ ਦੀਵਾਲਾ ਕੱਢਣ ਚ ਸ਼ਾਨ ਸਮਝਣ ਦੇ ਆਦੀ ਹੋ ਗਏ ਹਾਂ ।
ਸਾਡੇ ਆਲੇ ਦੁਆਲੇ ਮਾਹਿਰਾਂ ਦੀ ਭਰਮਾਰ ਹੈ, ਪਰ ਸਮੱਸਿਆਵਾ, ਬੀਮਾਰੀਆਂ ਤੇ ਮਹਾਮਾਰੀਆ ਵੀ ਅਪਾਰ ਹਨ । ਸਾਡੇ ਘਰਾਂ ਚ ਹਲਵਾਰੀਆਂ ਦਵਾਈਆ ਦੀਆ ਡੱਬੀਆਂ ਨਾਲ ਭਰੀਆ ਪਈਆ ਹਨ, ਪਰ ਤੰਦਰੁਸਤੀ ਵਾਲੀ ਦਵਾਈ ਉਹਨਾਂ ਵਿੱਚ ਇਕ ਵੀ ਨਹੀਂ ।
ਨਸ਼ਿਆ ਦੀ ਵਰਤੋ ਕਰਨ ਦੇ ਅਸੀਂ ਆਦੀ ਬਣ ਚੁੱਕੇ ਹਾਂ, ਹੱਸਣ ਤੇ ਮੁਸਕਰਾਉਣ ਵਿੱਚ ਸਿਰੇ ਦੇ ਕੰਜੂਸ ਬਣ ਚੁੱਕੇ ਹਾ ਤੇ ਖੁਸ਼ੀਆਂ ਵੰਡਣ ਦੀ ਬਜਾਏ ਨਰਾਜ਼ਗੀਆਂ ਵੰਡਣ ਵਿਚ ਮਸ਼ਰੂਫ ਹਾਂ।
ਰਾਤ ਦੇਰ ਨਾ ਸੌਂਦੇ ਹਾਂ, ਸਵੇਰੇ ਥੱਕੇ ਟੁੱਟੇ ਉਠਦੇ ਹਾਂ, ਜ਼ਿੰਦਗੀ ਨੂੰ ਆਪਣੀਆ ਪ੍ਰਾਪਤੀਆਂ ਚ ਗਿਣਨ ਮਿਣਨ ਦੀ ਬਜਾਏ ਸਾਲਾਂ ਚ ਗਿਣਦੇ ਹਾਂ, ਜ਼ਿੰਦਗੀ ਨੂੰ ਜੀਊਣ ਦੀ ਬਜਾਏ ਜ਼ਿੰਦਗੀ ਖਿਚ ਧੂਅ ਕੇ ਬਿਤਾਉਣ ਦੇ ਆਦੀ ਹੋ ਗਏ ਹਾਂ ।
ਸੱਚ ਦੀ ਕੌੜੀ ਦਵਾਈ ਲੈਣ ਤੋਂ ਬਿਲਕੁਲ ਹੀ ਨਾਬਰ ਹਾਂ ਤੇ ਇਸ ਨੂੰ ਅਸੀਂ ਹਰ ਵਾਰ ਨੈਗਟਿਵਟੀ ਦੱਸ ਕੇ ਸੱਚ ਬੋਲਣ ਵਾਲੇ ਨੂੰ ਭੰਡਣ ਤੇ ਆਪਣੇ ਆਪ ਨੂੰ ਝੂਠਾ ਦਿਲਾਸਾ ਦੇਣ ਦੇ ਆਦੀ ਹੋ ਚੁੱਕੇ ਹਾਂ ।
ਅਸੀਂ ਜਾਇਦਾਦਾਂ ਤੇ ਪਦਾਰਥਾਂ ਨੂੰ ਜੱਫੇ ਮਾਰਨ ਦੇ ਧਿਆਨ ਚ ਇਹ ਭੁੱਲ ਗਏ ਹਾਂ ਕਿ ਸਾਡੀ ਆਪਣੀ ਕੀਮਤ ਤਾਂ ਕਾਣੀ ਕੌਡੀ ਵੀ ਨਹੀਂ ।
ਅਸੀਂ ਚੰਦ ‘ਤੇ ਪਹੁੰਚਣ ਦੇ ਦਾਅਵੇ ਠੋਕਦੇ ਹੋਏ ਪੂਰੇ ਬ੍ਰਹਿਮੰਡ ਦੀ ਥਹੁ ਪਾਉਣ ਦੀਆਂ ਡੀਂਗਾਂ ਮਾਰਦੇ ਹੋਏ ਇਹ ਭੁੱਲ ਗਏ ਹਾ ਕਿ ਆਪਣੇ ਗੁਆਂਢੀ ਨੂੰ ਤਾਂ ਸਾਡੇ ਪਾਸ ਮਿਸਣ ਦਾ ਸਮਾਂ ਤੱਕ ਨਹੀਂ ਰਿਹਾ ।
ਅਸੀਂ ਵੱਡੀਆ ਗੱਲਾਂ ਕਰਨ ਦੇ ਆਦੀ ਹੋ ਗਏ ਹਾਂ, ਪਰ ਚੰਗੀਆਂ ਗੱਲਾਂ ਤੇ ਚੰਗੇ ਆਚਾਰ ਵਿਵਹਾਰ ਤੋਂ ਦੂਰ ਹੋ ਗਏ ਹਾਂ ।
ਅਸੀਂ ਆਪਣਾ ਅੰਦਰ ਵੀ ਤੇ ਬਾਹਰ ਦਾ ਵਾਤਾਵਰਨ ਵੀ ਆਪਣੀ ਮਲੀਨ ਸੋਚ ਨਾਲ ਮੈਲਾ ਕਚੈਲਾ ਕਰ ਲਿਆ ਹੈ । ਸਾਡੀ ਨੀਤ, ਨੀਤੀਆ ਅਤੇ ਨਿਸ਼ਾਨੇ ਸ਼ਪੱਸ਼ਟ ਨਹੀਂ ਹਨ, ਦੁਬਿੱਧਾ ਚ ਰਹਿਣ ਤੇ ਵਿਚਰਨਾ ਸਾਡੇ ਸੁਭਾਅ ਦਾ ਅਨਿੱਖੜਵਾਂ ਅੰਗ ਬਣ ਚੁੱਕਾ ਹੈ ।
ਅਸੀਂ ਆਪਣੱ ਸਮਾਜ ਨੂੰ ਸਾਫ ਸੁਥਰਾ ਤੇ ਸਭਿਅਕ ਰੱਖਣ ਦੀ ਬਜਾਏ ਮਲੀਨ ਕਰ ਲਿਆ ਹੈ ਜਿਸ ਕਰਕੇ ਕਲਾ ਕਲੰਦਰ, ਦੁਰਾਚਾਰ ਤੇ ਅਨਾਚਾਰ ਇਸ ਅੰਦਰਲਾ ਹੁਣ ਆਮ ਵਰਤਾਰਾ ਹੈ।
ਪਦਾਰਥਾਂ ਨਾਲ ਯਰਾਨਾ ਗੰਢ ਕੇ ਅਸੀਂ ਸੁੱਚੇ ਰਿਸ਼ਤੇ ਤੇ ਦੋਸਤੀਆਂ ਦਾ ਭੋਗ ਪਾ ਚੁੱਕੇ ਹਨ ।
ਗੱਲ ਕੀ ਜੌਰਜ ਕਾਰਲਿਨ ਦਾ ਲੇਖ ਅਜੋਕੇ ਮਨੁੱਖੀ ਜੀਵਨ ਦੇ ਬਹੁਤ ਕੌੜੇ ਸੱਚ ਬਿਆਨ ਕਰ ਗਿਆ ਹੈ ਜੇ ਕਿ ਅਜੋਕੇ ਮਨੁੱਖ ਦੇ ਵਾਸਤੇ ਇਕ ਵੱਡੀ ਚੇਤਾਵਨੀ ਵੀ ਹੈ ਤੇ ਨਸੀਹਤ ਵੀ ਤਾਂ ਕਿ ਮਨੁੱਖ ਜ਼ਿੰਦਗੀ ਦੇ ਅਸਲ ਅਰਥ ਤੇ ਮਹੱਤਵ ਨੂੰ ਸਮਝਦਾ ਹੋਇਆ ਮੁੜ ਸਹੀ ਜ਼ਿੰਦਗੀ ਦੀ ਲੀਹ ਤੇ ਪਰਤ ਆਵੇ ।