(ਸਮਾਜ ਵੀਕਲੀ)
(ਭਗਤ ਸਿੰਘ ਦੇ ਜਨਮ ਦਿਨ ਤੇ ਵਿਸ਼ੇਸ਼)
ਭਾਰਤ ਜੀ ਅਜ਼ਾਦੀ ਦੀ ਲੜਾਈ ਵਿੱਚ ਜਿੱਥੇ ਅਨੇਕਾਂ ਦੇਸ਼ ਭਗਤਾਂ ਨੇ ਸ਼ਹੀਦੀਆਂ ਪ੍ਰਾਪਤ ਕਰਕੇ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਕੀਤਾ, ਉੱਥੇ ਭਾਰਤ ਦੇ ਇਨਕਲਾਬੀ ਇਤਿਹਾਸ ਵਿੱਚ ਸ਼ਹੀਦ ਤੋਂ ਸ਼ਹੀਦ-ਏ-ਆਜਮ ਬਣਨ ਦਾ ਮਾਣ ਸਿਰਫ਼ ਭਗਤ ਸਿੰਘ ਦੇ ਹਿੱਸੇ ਆਇਆ। ਉਸ ਬਾਰੇ ਵੱਡੇ ਵਿਦਵਾਨਾਂ/ਬੁੱਧੀਜੀਵੀਆਂ ਨੇ ਬਹੁਤ ਵਿਸਤਾਰਮਈ ਲਿਖਿਆ ਹੈ। ਜਿਹਨਾਂ ਨੂੰ ਸਮਝ ਮਾੜਾ ਮੋਟਾ ਆਪਣੇ ਵਿਚਾਰਾਂ ਚ ਲਿਖਣ ਦਾ ਯਤਨ ਕੀਤਾ ਹੈ। ਭਗਤ ਸਿੰਘ ਬਾਰੇ ਮੇਰੇ ਵਰਗੇ ਦਾ ਲਿਖਣਾ ਸੂਰਜ ਨੂੰ ਦੀਵਾ ਦਿਖਾਉਣ ਬਰਾਬਰ ਹੈ। ਪਰ ਕੁਝ ਵਿਚਾਰਾਂ ਦੇ ਵਹਿਣ ਚ ਵਗ ਹੋ ਗਿਆ। 28 ਸਤੰੰਬਰ 1907 ਨੂੰ ਮਾਂ ਵਿੱਦਿਆਵਤੀ ਦੀ ਕੁੱਖੋਂ ਪਿਤਾ ਕਿਸ਼ਨ ਸਿੰਘ ਦੇ ਘਰ ਬੰਗੇ (ਲਾਇਲਪੁਰ ਪਾਕਿਸਤਾਨ) ਚ ਜਨਮੇ ਭਗਤ ਸਿੰਘ ਨੂੰ ਦੇਸ਼-ਭਗਤੀ ਦੀ ਗੁੜਤੀ ਉਸ ਦੇ ਪਰਿਵਾਰ ਚੋਂ ਹੀ ਮਿਲੀ ਸੀ ।
ਜਦੋਂ ਉਹ ਪੈਦਾ ਹੋਇਆ ਤਾਂ ਜਿੱਥੇ ਉਸ ਦਾ ਪਿਤਾ ਅੰਗਰੇਜ ਹਕੂਮਤ ਦੀ ਜੇਲ੍ਹ ਚੋਂ ਰਿਹਾਅ ਹੋ ਕੇ ਘਰ ਆਇਆ, ਉੱਥੇ ਉਸ ਦਾ ਚਾਚਾ ਅਜੀਤ ਸਿੰਘ ਵੀ ਮਾਂਡਲਾ ਜੇਲ੍ਹ ਤੋਂ ਰਿਹਾਅ ਹੋ ਕੇ ਘਰ ਆਇਆ ਸੀ, ਤਾਂ ਹੀ ਘਰਦਿਆਂ ਨੇ ਪਿਆਰ ਨਾਲ ਉਸ ਦਾ ਨਾਂ ਭਾਗਾਂ ਵਾਲਾ ਰੱਖਿਆ, ਜੋ ਬਾਅਦ ਵਿੱਚ ਭਗਤ ਸਿੰਘ ਬਣਿਆ। ਛੋਟਾ ਚਾਚਾ ਸਵਰਨ ਸਿੰਘ ਵੀ ਅੰਗਰੇਜ ਹਕੂਮਤ ਨੇ ਜੇਲ੍ਹ ਅੰਦਰ ਅਸਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ। ਤਿੰਨ ਭੈਣਾਂ ਤੇ ਚਾਰ ਭਰਾਵਾਂ ਦਾ ਭਰਾ ਸੀ ਭਗਤ ਸਿੰਘ। ਪਰਿਵਾਰਕ ਪਿਛੋਕੜ ਕੁਰਬਾਨੀਆਂ ਭਰਿਆ ਹੋਣ ਕਰਕੇ ਭਗਤ ਸਿੰਘ ਦੀ ਵੀ ਬਚਪਨ ਤੋਂ ਹੀ ਇੱਛਾ ਸੀ ਕਿ ਮੇਰੀ ਜ਼ਿੰਦਗੀ ਵੀ ਭਾਰਤ ਦੀ ਅਜ਼ਾਦੀ ਦੇ ਕਾਰਜ ਦੇ ਲੇਖੇ ਲੱਗੇ। ਉਸ ਦੇ ਵੱਡੇ-ਵਡੇਰੇ ਪਿੰਡ ਨਾਰਲੀ (ਅੰਮ੍ਰਿਤਸਰ) ਨਾਲ ਸਬੰਧਤ ਸਨ ,ਜੋ ਬਾਅਦ ਵਿੱਚ ਖਟਕੜ ਕਲਾਂ (ਨਵਾਂ ਸ਼ਹਿਰ) ਵਸ ਗਏ। ਮੁੱਢਲੀ ਸਿੱਖਿਆ ਉਸ ਨੇ ਆਪਣੇ ਪਿੰਡ ਬੰਗੇ ਤੋਂ ਤੇ ਬਾਅਦ ਵਿੱਚ ਲਾਹੌਰ ਦੇ ਨੈਸ਼ਨਲ ਕਾਲਜ ਤੋਂ ਪੜ੍ਹਾਈ ਕੀਤੀ।
ਪਰਿਵਾਰਕ ਪਿਛੋਕੜ ਤੋਂ ਇਲਾਵਾ ਉਸ ਸਮੇਂ ਦੇਸ਼ ਅੰਦਰ ਵਾਪਰੀਆਂ ਇਤਿਹਾਸਕ ਘਟਨਾਵਾਂ,ਉੱਚ ਸਖਸ਼ੀਅਤਾਂ ਤੇ ਸੰਗੀ-ਸਾਥੀਆਂ ਦੇ ਪ੍ਰਭਾਵ ਤੇ ਵਿਚਾਰਧਾਰਾ ਦਾ ਵੀ ਭਗਤ ਸਿੰਘ ਤੇ ਅਸਰ ਪਿਆ। 1857 ਦੀ ਪਹਿਲੀ ਜੰਗ ਏ ਅਜ਼ਾਦੀ,ਗਦਰ ਪਾਰਟੀ ਦੇ ਇਤਿਹਾਸ,ਜਲਿਆਂਵਾਲਾ ਬਾਗ ਦਾ ਸਾਕਾ,ਕਾਕੋਰੀਕਾਂਡ ਆਦਿ ਨੇ ਭਗਤ ਸਿੰਘ ਨੂੰ ਬੌਧਿਕ ਤੌਰ ਤੇ ਪ੍ਰਭਾਵਿਤ ਹੀ ਨਹੀਂ ਕੀਤਾ ਸਗੋਂ ਪੱਕਾ ਇਨਕਲਾਬੀ ਬਣਾ ਦਿੱਤਾ। ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਉਹ ਆਪਣਾ ਪ੍ਰੇਰਣਾ ਸਰੋਤ ਮੰਨਦਾ ਸੀ। ਆਪਣੇ ਸਾਥੀਆਂ ਜਤਿੰਦਰ ਨਾਥ ਦਾਸ,ਭਗਵਾਨ ਦਾਸ ਜੌਹਰ,ਸੁਖਦੇਵ,ਰਾਜਗੁਰੂ,ਭਗਵਤੀ ਵੋਹਰਾ ਤੇ ਉਹਨਾਂ ਦੀ ਪਤਨੀ ਦੁਰਗਾਵਤੀ,ਬੀ ਕੇ ਦੱਤ ਤੇ ਚੰਦਰ ਸ਼ੇਖਰ ਆਜ਼ਾਦ ਨਾਲ ਮਿਲ ਉਹ ਆਪਣੇ ਸੁਪਨੇ ਸਾਕਾਰ ਕਰਨ ਲਈ ਇਸ ਯੁੱਧ ਵਿੱਚ ਕੁੱਦਿਆ। ਉਸ ਸਮੇਂ ਪੰਜਾਬ ਅੰਦਰ ਚੱਲੀਆਂ ਕੂਕਾ ਲਹਿਰ,ਕਿਸਾਨੀ ਲਹਿਰ, ਜਲਿਆਂਵਾਲਾ ਬਾਗ ਕਾਂਡ,ਗੁਰਦੁਆਰਾ ਸੁਧਾਰ ਲਹਿਰ,ਬੱਬਰ ਅਕਾਲੀ ਲਹਿਰ ਆਦਿ ਨੇ ਜਿੱਥੇ ਦੇਸ਼ ਦੇ ਨੌਜਵਾਨਾਂ ਨੂੰ ਪ੍ਰਭਾਵਿਤ ਕੀਤਾ ਉੱਥੇ ਭਗਤ ਸਿੰਘ ਦੇ ਮਨ ਤੇ ਵੀ ਇਹਨਾਂ ਦਾ ਡੂੰਘਾ ਪ੍ਰਭਾਵ ਪਿਆ।
ਵੀਹਵੀਂ ਸਦੀ ਦੇ ਦੂਜੇ ਦਹਾਕੇ ਦੀ ਸ਼ੁਰੂਆਤ ਵਿੱਚ ਵਿਗਿਆਨਕ ਸਮਾਜਵਾਦ ਦੀ ਵਿਚਾਰਧਾਰਾ ਕਾਰਨ ਦੇਸ਼ ਦੇ ਵੱਖ ਵੱਖ ਥਾਵਾਂ ਤੇ ਮੁੱਢਲੇ ਕਮਿਉਨਿਸਟ ਗਰੁੱਪ ਹੋਂਦ ਵਿੱਚ ਆਏ। ਪੰਜਾਬ ਅੰਦਰ ਕਿਰਤੀ ਕਿਸਾਨ ਪਾਰਟੀ ਦੇ ਆਗੂ ਸੋਹਣ ਸਿੰਘ ਜੋਸ਼ ਨਾਲ ਹੋਏ ਮੇਲ ਨੇ ਬੌਧਿਕ ਤੌਰ ਤੇ ਭਗਤ ਸਿੰਘ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ, ਜਿਸ ਨੇ ਦਹਿਸ਼ਤਪਸੰਦੀ ਵਾਲੀ ਵਿਚਾਰਧਾਰਾ ਨੂੰ ਕਮਜੋਰ ਕਰ ਮਾਰਕਸਵਾਦ ਵੱਲ ਤੋਰਿਆ। ਉਸ ਨੇ ਦੁਨੀਆਂ ਭਰ ਦੇ ਸਾਹਿਤ,ਇਤਿਹਾਸ,ਉੱਘੇ ਲੋਕਾਂ ਦੀਆਂ ਜੀਵਨੀਆਂ ਤੋਂ ਬਿਨਾਂ ਕਲਾਸੀਕਲ ਸਾਹਿਤ,ਲੈਨਿਨ ਆਦਿ ਦੇ ਵਿਚਾਰਾਂ ਦਾ ਅਧਿਐਨ ਕੀਤਾ।
ਅਜਾਦੀ ਦੀ ਲੜਾਈ ਵਿੱਚ ਜਿੱਥੇ ਗਾਂਧੀਵਾਦੀ ਵਿਚਾਰਧਾਰਾ ਨੇ ਅਗਵਾਈ ਕੀਤੀ,ਉੱਥੇ ਨੌਜਵਾਨੀ (ਭਗਤ ਸਿੰਘ ਦੀ) ਵਿਚਰਾਧਾਰਾ ਨੇ ਵੀ ਬਰਾਬਰ ਦਾ ਯੋਗਦਾਨ ਪਾਇਆ। ਪਰ ਪੂੰਜੀਵਾਦੀ ਹਾਕਮਾਂ ਨੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅੱਜ ਤੱਕ ਵੀ ਮਾਨਤਾ ਨਹੀਂ ਦਿੱਤੀ। ਜਿਸ ਕਰਕੇ ਅੱਜ ਅਜੋਕੀ ਨੌਜਵਾਨੀ ਨੂੰ ਇਹ ਗੱਲਾਂ ਸਮਝਣ ਦੀ ਲੋੜ ਹੈ ।ਭਗਤ ਸਿੰਘ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਖਤਮ ਕਰਨ ਦਾ ਹਾਮੀ ਸੀ। ਆਪਣੇ ਵਿਚਾਰਾਂ ਸਦਕਾ ਜਿੰਨਾ ਉਹ ਆਪਣੇ ਜਿਉਂਦੇ ਜੀਅ ਨੌਜਵਾਨਾਂ ਚ ਮਕਬੂਲ ਸੀ,ਉਨਾਂ ਹੀ ਉਹ ਸ਼ਹੀਦੀ ਤੋਂ ਬਾਅਦ ਅੱਜ ਵੀ ਹੈ। ਪਰ ਤਰਾਸਦੀ ਇਹ ਹੈ ਕਿ ਅਜੋਕੀ ਨੌਜਵਾਨੀ ਬੌਧਿਕ ਤੌਰ ਤੇ ਹਲਕੀ ਹੋਣ ਕਾਰਨ ਉਸ ਦੀ ਵਿਚਾਰਧਾਰਾ ਨੂੰ ਹਕੀਕੀ ਰੂਪ ਵਿੱਚ ਸਮਝਣ ਤੋਂ ਅਸਮਰੱਥ ਹੈ। ਸਰਮਾਏਦਾਰੀ ਅੱਜ ਵੀ ਉਸ ਦੀ ਵਿਚਾਰਧਾਰਾ ਤੋਂ ਕੰਨ ਭੱਨਦੀ ਹੈ। ਉਹ ਆਪਣੀਆਂ ਪੈਦਾ ਕੀਤੀਆਂ ਸਰਕਾਰਾਂ ਰਾਹੀਂ ਨੌਜਵਾਨੀ ਨੂੰ ਨਸ਼ਿਆਂ,ਬੇਰੁਜ਼ਗਾਰੀ,ਅੰਧ-ਵਿਸ਼ਵਾਸ,ਕੱਟੜ ਧਾਰਮਿਕਤਾ,ਜਾਤੀਵਾਦ ਤੇ ਖਪਤੀ ਸੱਭਿਆਚਾਰ ਦੇ ਕੰਧੇੜੇ ਚਾੜ ਖੁਦ ਉਹਨਾਂ ਦੀ ਵਿਚਾਰਧਾਰਾ ਨੂੰ ਖਤਮ ਕਰ ਰਹੀ ਹੈ। ਕਿਉਂਕਿ ਨੌਜਵਾਨ ਸ਼ਕਤੀ ਦੀ ਤਾਕਤ ਦੀ ਹਰ ਇੱਕ ਨੂੰ ਪਛਾਣ ਹੈ। ਇਸ ਦੀ ਉਦਾਹਰਣ ਮੌਜੂਦਾ ਦੌਰ ਵਿੱਚ ਸਾਲ ਭਰ ਤੋਂ ਵੱਧ ਚੱਲੇ ਕਿਸਾਨੀ ਅੰਦੋਲਨ ਚੋਂ ਪ੍ਰਤੱਖ ਦੇਖੀ ਗਈ ਹੈ। ਪਰ ਸਰਮਾਏਦਾਰੀ ਸਿਸਟਮ ਤਕੜਾ ਹੋਣ ਕਾਰਨ ਅਜੇ ਹੋਰ ਲੰਮੀ ਤੇ ਤਕੜੀ ਲੜਾਈ ਦੀ ਲੋੜ ਹੈ।
ਜਿੱਥੇ ਭਗਤ ਸਿੰਘ ਨੌਜਵਾਨਾਂ ਨੂੰ ਆਪਣਾ ਭਰਮ ਛੱਡ,ਨਿੱਡਰ ਹੋ ਕੇ ਹਕੀਕਤਾਂ ਸੰਗ ਲੜਨ ਲਈ ਪ੍ਰੇਰਦਾ ਹੈ,ਉੱਥੇ ਸੰਘਰਸ਼ ਦੀਆਂ ਕਠਿਨਾਈਆਂ ਤੇ ਬਲੀਦਾਨਾਂ ਤੋਂ ਨਾਂ ਘਬਰਾਉਣ ਬਾਰੇ ਵੀ ਪ੍ਰੇਰਦਾ ਹੈ। ਤਰਕਸ਼ੀਲ ਵਿਚਾਰਧਾਰਾ ਦਾ ਧਾਰਨੀ ਹੋਣ ਕਾਰਨ ਉਹ ਹਾਕਮਾਂ ਤੇ ਅਖੌਤੀ ਬਾਬਿਆਂ ਵੱਲੋਂ ਗਰੀਬ ਜਨਤਾ ਨੂੰ ਅੰਧਕਾਰ ਵੱਲ ਧੱਕਣ ਦਾ ਵਿਰੋਧ ਵੀ ਕਰਦਾ ਹੈ। ਉਹ ਇਸ ਗੱਲ ਤੋਂ ਵੀ ਨੌਜਵਾਨਾਂ ਨੂੰ ਅਗਾਹ ਕਰਦਾ ਹੋਇਆ ਸਮਝਾਉਣ ਦਾ ਯਤਨ ਕਰਦਾ ਹੈ ਕਿ ਜਦੋਂ ਧਰਮ ਤੇ ਸਿਆਸਤ ਆਪਸ ਵਿੱਚ ਘੁਲ-ਮਿਲ ਜਾਂਦੇ ਹਨ ਤਾਂ ਇਹ ਸਮਾਜ ਲਈ ਘਾਤਕ ਜਹਿਰ ਬਣ ਜਾਂਦੇ ਹਨ। ਇਹੋ ਹਾਲਤ ਅੱਜ ਬਣ ਰਹੇ ਜਾਂ ਬਣਾਏ ਜਾ ਰਹੇ ਹਨ। ਕੋਈ ਭਗਤ ਸਿੰਘ ਨੂੰ ਟੋਪੀ ਪਹਿਨਾ,ਕੋਈ ਪੱਗ ਬੰਨ੍ਹ ਤੇ ਕੋਈ ਹੱਥ ਵਿੱਚ ਪਿਸਤੌਲ ਫੜਾ ਕੇ ਆਪੋ ਆਪਣਾ ਬਣਾਉਣ ਦਾ ਭਰਮ ਪਾਲ ਰਿਹਾ ਹੈ। ਨੌਜਵਾਨੀ ਨੂੰ ਇਹ ਹਕੀਕੀ ਰੂਪ ਵਿੱਚ ਸਮਝਣ ਲਈ ਉਸ ਦੀ ਵਿਚਾਰਧਾਰਾ ਨੂੰ ਅਪਣਾਉਣ ਦੀ ਲੋੜ ਹੈ। ਬੌਧਿਕ ਤੌਰ ਤੇ ਮਜਬੂਤ ਹੋਏ ਬਿਨਾਂ, ਸਿਰਫ ਬਸੰਤੀ ਪੱਗ ਚੋਂ ਭਗਤ ਸਿੰਘ ਨੂੰ ਲੱਭਣਾ ਦੂਰ ਦੀ ਕੌਡੀ ਹੈ। ਗੱਲ ਜਨਮ/ਸ਼ਹੀਦੀ ਦਿਵਸ ਮੌਕੇ ਸਲਾਮ ਕਰਨ/ਸ਼ਰਧਾਂਜਲੀਆਂ ਦੇਣ ਤੱਕ ਸੀਮਤ ਨਹੀਂ ਹੋਣੀ ਚਾਹੀਦੀ। ਉਸ ਤੋਂ ਅੱਗੇ ਜਾਣ ਦੀ ਲੋੜ ਹੈ। ਇਹ ਸਿਰਫ ਬੌਧਿਕ ਤੌਰ ਤੇ ਮਜਬੂਤ ਹੋਣ ਨਾਲ ਹੀ ਹੋ ਸਕਦਾ ਹੈ।
ਆਮੀਨ
ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ ਬਾਸੀਆਂ ਬੇਟ (ਲੁਧਿ;)
8437600371
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly