ਚੀਨ ਨੇ ਅੱਜ ਕਿਹਾ ਹੈ ਕਿ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵਲੋਂ ਆਲਮੀ ਦਹਿਸ਼ਤਗਰਦ ਐਲਾਨੇ ਜਾਣ ਦੇ ਗੰਭੀਰ ਮਸਲੇ ਦਾ ਯੋਗ ਹੱਲ ਕੱਢਿਆ ਜਾਵੇਗਾ ਪਰ ਉਸ ਨੇ ਇਸ ਕੰਮ ਲਈ ਕੋਈ ਸਮਾਂ ਸੀਮਾ ਨਹੀਂ ਦੱਸੀ। ਚੀਨ ਦਾ ਇਹ ਰੁਖ਼ ਕੁਝ ਦਿਨ ਪਹਿਲਾਂ ਇੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਤੋਂ ਬਾਅਦ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਚੀਨ ਨੇ ਪਾਕਿਸਤਾਨ ਦੇ ਦਹਿਸ਼ਤੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ’ਤੇ ਪਾਬੰਦੀ ਲਾਉਣ ਦੇ ਇੱਕ ਨਵੇਂ ਪ੍ਰਸਤਾਵ ’ਤੇ ਮਾਰਚ ਵਿੱਚ ਤਕਨੀਕੀ ਰੋਕ ਲਗਾ ਦਿੱਤੀ ਸੀ। ਜੈਸ਼ ਨੇ ਪੁਲਵਾਮਾ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਚੀਨ ਨੇ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵਲੋਂ ਦਹਿਸ਼ਤਗਰਦ ਐਲਾਨੇ ਜਾਣ ਦੇ ਪ੍ਰਸਤਾਵ ’ਤੇ ਚੌਥੀ ਵਾਰ ਰੋਕ ਲਗਾਈ ਹੈ।ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਗੇਂਗ ਸ਼ੂਆਂਗ ਨੇ ਇੱਥੇ ਮੀਡੀਆ ਨਾਲ ਗੱਲਬਾਤ ਮੌਕੇ ਕਿਹਾ, ‘‘ਮੈਂ ਕੇਵਲ ਏਨਾ ਕਹਿ ਸਕਦਾ ਹਾਂ ਕਿ ਇਸ ਦਾ ਸਹੀ ਤਰੀਕੇ ਨਾਲ ਹੱਲ ਕੱਢਿਆ ਜਾਵੇਗਾ।’’ ਉਹ ਇਸ ਮੀਡੀਆ ਰਿਪੋਰਟ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਚੀਨ ਨੇ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ 1267 ਅਲ-ਕਾਇਦਾ ਪਾਬੰਦੀ ਕਮੇਟੀ ਤਹਿਤ ਸੂਚੀਬੱਧ ਕਰਨ ਦੇ ਫਰਾਂਸ, ਬਰਤਾਨੀਆ ਅਤੇ ਅਮਰੀਕਾ ਦੇ ਤਾਜ਼ਾ ਪ੍ਰਸਤਾਵ ’ਤੇ ਤਕਨੀਕੀ ਰੋਕ ਹਟਾਉਣ ’ਤੇ ਸਹਿਮਤੀ ਦੇ ਦਿੱਤੀ ਹੈ। ਇਸ ਵਾਰ ਅਮਰੀਕਾ, ਬਰਤਾਨੀਆ ਅਤੇ ਫਰਾਂਸ ਨੇ ਇਸ ਮੁੱਦੇ ਨੂੰ ਸਿੱਧਾ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਲਿਜਾ ਕੇ ਚੀਨ ’ਤੇ ਦਬਾਅ ਵਧਾ ਦਿੱਤਾ ਹੈ।
HOME ਅਜ਼ਹਰ ਮਾਮਲੇ ਦਾ ਯੋਗ ਹੱਲ ਕੱਢਿਆ ਜਾਵੇਗਾ: ਚੀਨ