(ਸਮਾਜ ਵੀਕਲੀ)
(ਕਾਕੀਨਾੜਾ ਵਿਖੇ 1928 ਵਿਚ ਕਾਂਗਰਸ ਸੰਮੇਲਨ ਹੋਇਆ ਜਿਸ ਵਿਚ ਮੁਹੰਮਦ ਅਲੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਅਨੁਸੂਚਿਤ ਜਾਤੀ ਦੇ ਮੈਂਬਰਾਂ ਨੂੰ ਜਿਨਾਂ ਨੂੰ ਅਛੂਤ ਕਿਹਾ ਜਾਂਦਾ ਸੀ, ਹਿੰਦੂ ਅਤੇ ਮੁਸਲਮਾਨ ਸੰਸਥਾਵਾਂ ਵਿਚ ਵੰਡ ਦੇਣ ਦਾ ਸੁਝਾਅ ਦਿੱਤਾ। ਏਸੇ ਦੌਰਾਨ ਭਗਤ ਸਿੰਘ ਦਾ ਇਹ ਲੇਖ ‘ਕਿਰਤੀ’ ਦੇ ਜੂਨ, 1928 ਦੇ ਅੰਕ ਵਿਚ ‘ਵਿਦਰੋਹੀ’ ਦੇ ਜਾਅਲੀ ਨਾਂਮ ਹੇਠ ਛਪਿਆ ਸੀ)
ਸਾਡਾ ਦੇਸ਼ ਬਾਹਲਾ ਹੀ ਅਧਿਆਤਮਵਾਦੀ ਹੈ। ਅਸੀਂ ਮਨੁੱਖ ਨੂੰ ਮਨੁੱਖ ਦਾ ਦਰਜਾ ਦੇਣ ਤੋਂ ਝਿਜਕਦੇ ਹਾਂ, ਜਦ ਕਿ ਬਿਲਕੁੱਲ ਹੀ ਪੂੰਜੀਵਾਦੀ ਕਹਾਉਣ ਵਾਲਾ ਯੂਰਪ ਸਦੀਆਂ ਤੋਂ ਪਹਿਲਾਂ ਦੀ ਡੌਂਡੀ ਪਿੱਟਦਾ ਆ ਰਿਹਾ ਹੈ। ਉਨਾਂ ਨੇ ਸਮਤਾ ਦਾ ਐਲਾਨ ਅਮਰੀਕਾ ਅਤੇ ਫ਼ਰਾਸ ਦੇ ਇਨਕਲਾਬ ਵਿਚ ਹੀ ਕਰ ਦਿੱਤਾ ਸੀ।
ਅੱਜ ਰੂਸ ਕਿਸੇ ਵੀ ਤਰਾਂ ਦੇ ਭੇਦ ਭਾਵ ਨੂੰ ਮਿਟਾ ਦੇਣ ਲਈ ਪਹਿਲੀ ਮਈ ਦੇ ਸਿਧਾਂਤ ਉਤੇ ਅਡੋਲ ਹੈ ਅਸੀਂ ਪ੍ਰਮਾਤਮਾਂ ਦਾ ਹੀ ਰੋਣਾ ਰੋਣ ਵਾਲੇ ਅੱਜ ਵੀ ਇਨਾਂ ਮੁੱਦਿਆਂ ਉੱਤੇ ਜੋਰਦਾਰ ਬਹਿਸਾਂ ਵਿਚ ਉਲਝੇ ਹੋਏ ਹਾਂ ਕਿ ਅਛੂਤਾਂ ਨੂੰ ਜਨੇਊ ਪਾਉਣ ਦਿੱਤਾ ਜਾਵੇ ਜਾਂ ਨਾ ਅਤੇ ਉਹ ਵੇਦ ਸ਼ਾਸ਼ਤਰ ਪੜਨ ਦੇ ਹੱਕਦਾਰ ਹਨ ਜਾਂ ਨਹੀਂ? ਅਸੀਂ ਇਸ ਨੂੰ ਨਾ ਮਨਜ਼ੂਰ ਕਰ ਦਿੰਦੇ ਹਾਂ ਅਤੇ ਸਾਨੂੰ ਸ਼ਿਕਾਇਤ ਹੈ ਕਿ ਦੂਜੇ ਦੇਸ਼ਾਂ ਵਿਚ ਸਾਡੇ ਨਾਲ ਚੰਗਾ ਸਲੂਕ ਨਹੀਂ ਕੀਤਾ ਜਾਂਦਾ। ਗੋਰਾਸ਼ਾਹੀ ਵਿਚ ਸਾਨੂੰ ਗੋਰਿਆਂ ਦੇ ਬਰਾਬਰ ਨਹੀਂ ਸਮਝਿਆ ਜਾਂਦਾ, ਸਾਨੂੰ ਇਹ ਸ਼ਿਕਾਇਤ ਕਰਨ ਦਾ ਹੱਕ ਹੀ ਕੀ ਹੈ? ਸਿੰਧ ਦੇ ਇਕ ਮੁਸਲਮਾਨ ਸੱਜਣ ਸ੍ਰੀ ਨੂਰ ਮੁਹੰਮਦ, ਮੈਂਬਰ ਕੌਂਸਲ ਨੇ ਇਸ ਮਸਲੇ ਬਾਰੇ 1926 ਵਿਚ ਖੂਬ ਕਿਹਾ ਸੀ-
“ If a Hindu society refuses to allow other human beings, fellow creatures to attend public Schools, and if…. The President of local board representing so many lakhs of people in this house refuses to allow his fellows and broth-ers elementary human right of having water to drink, what right have they to ask for more rights from the bureaucracy? Before we accuse people coming from other lands, we should see how we our selves behave to words our own people… How can we ask for greater political rights when we ourselves deny elementary rights of others human beings.”
ਉਹ ਕਹਿੰਦਾ ਹੈ ਕਿ ਜਦੋਂ ਤੁਸੀ ਇਕ ਮਨੁੱਖ ਨੂੰ ਪੀਣ ਵਾਲਾ ਪਾਣੀ ਦੇਣ ਤੋਂ ਵੀ ਇਨਕਾਰ ਕਰਦੇ ਹੋ ਜਾਂ ਜਦੋਂ ਤੁਸੀ ਉਨਾਂ ਨੂੰ ਸਕੂਲਾਂ ਵਿਚ ਪੜਨ ਤੱਕ ਨਹੀਂ ਦਿੰਦੇ ਤਾਂ ਤੁਹਾਡਾ ਕੀ ਹੱਕ ਬਣਦਾ ਹੈ ਕਿ ਆਪਣੇ ਲਈ ਹੋਰ ਹੱਕਾਂ ਦੀ ਮੰਗ ਕਰੋ? ਜਦੋਂ ਤੁਸੀਂ ਇਕ ਇਨਸਾਨ ਦੇ ਸਾਧਰਨ ਅਧਿਕਾਰ ਵੀ ਉਸ ਨੂੰ ਨਹੀਂ ਦੇ ਸਕਦੇ ਤਾਂ ਤੁਸੀਂ ਹੋਰ ਰਾਜਨੀਤਕ ਅਧਿਕਾਰ ਮੰਗਣ ਦੇ ਹੱਕਦਾਰ ਕਿਵੇਂ ਬਣ ਗਏ? ਇਹ ਵੱਡੀ ਸਹੀ, ਸੱਚੀ ਗੱਲ ਹੈ। ਪਰ ਕਿਉਂਕਿ ਇਕ ਮੁਸਲਮਾਨ ਨੇ ਇਹ ਗੱਲ ਆਖੀ ਹੈ, ਇਸ ਲਈ ਹਿੰਦੂ ਇਹ ਆਖਣਗੇ ਕਿ ਉਹ ਅਛੂਤਾਂ ਨੂੰ ਮੁਸਲਮਾਨ ਬਣਾ ਕੇ ਆਪਣੇ ‘ਚ ਸ਼ਾਮਲ ਕਰਨ ਲਈ ਇਹੋ ਜਿਹੀਆਂ ਗੱਲਾਂ ਕਰ ਰਿਹਾ ਹੈ।
ਉਸ ਨੇ ਸਾਫ ਤੌਰ ਤੇ ਇਹ ਮੰਨ ਲਿਆ ਹੈ ਕਿ ਜਦ ਇਨਸਾਨਾਂ ਨੂੰ ਇਸ ਤਰਾਂ ਜਾਨਵਰਾਂ ਨਾਲੋਂ ਵੀ ਗਿਆ-ਗੁਜ਼ਾਰਿਆ ਸਮਝੋਗੇ ਤਾਂ ਉਹ ਨਿਸਚੇ ਹੀ ਦੂਜਾ ਧਰਮ ਅਪਣਾ ਲੈਣਗੇ, ਜਿੱਥੇ ਉਨਾਂ ਨੂੰ ਵੱਧ ਅਧਿਕਾਰ ਮਿਲਣਗੇ, ਜਿੱਥੇ ਉਨਾਂ ਨਾਲ ਮਨੁੱਖਾ ਵਰਗਾ ਵਿਹਾਰ ਕੀਤਾ ਜਾਵੇਗਾ। ਫਿਰ ਇਹ ਕਹਿਣਾ ਕਿ ਈਸਾਈ ਅਤੇ ਮੁਸਲਮਾਨ ਹਿੰਦੂ ਕੌਮ ਨੂੰ ਨੁਕਸਾਨ ਪਹੁੰਚਾ ਰਹੇ ਹਨ, ਫਜ਼ੂਲ ਹੋਵੇਗਾ। ਕਿੰਨੀ ਸੱਚੀ ਗੱਲ ਹੈ, ਪਰ ਇਹ ਸੁਣ ਕੇ ਸਾਰੇ ਤੜਪ ਉਠੱਦੇ ਹਨ। ਖੈਰ ਠੀਕ ਏਸੇ ਗੱਲ ਦੀ ਚਿੰਤਾ ਹਿੰਦੂਆਂ ਨੂੰ ਵੀ ਹੋਈ।
ਸਨਾਤਨੀ ਪੰਡਤ ਵੀ ਇਸ ਮਸਲੇ ਉੱਤੇ ਕੁਝ ਸੋਚਾਂ ਵਿਚ ਪੈ ਗਏ। ਵਿਚ-ਵਿਚ ਵੱਡੇ ‘ਯੁੱਗ ਪਰਿਵਰਤਕ’ ਅਖਵਾਉਣ ਵਾਲੇ ਸ਼ਾਮਿਲ ਹੋਏ। ਪਟਨਾ ਵਿਚ ਹਿੰਦੂ ਮਹਾਂਸਭਾ ਹੋਈ ਲਾਲਾ ਲਾਜਪਾਤ ਰਾਏ, ਜੋ ਕਿ ਅਛੂਤਾਂ ਦੇ ਬੜੇ ਪੁਰਾਣੇ ਹਮਾਇਤੀ ਹਨ, ਪ੍ਰਧਾਨ ਬਣੇ। ਲੰਮੀ ਚੌੜੀ ਬਹਿਸ ਛਿੜੀ ਗਰਮਾ-ਗਰਮ ਝੜਪਾਂ ਹੋਈਆਂ ਮਾਮਲਾ ਇਹ ਕਿ ਕੀ ਅਛੂਤ ਨੂੰ ਜਨੇਊ ਧਾਰਨ ਕਰਨ ਦਾ ਹੱਕ ਹੈ? ਕੀ ਉਨਾਂ ਨੂੰ ਵੇਦ ਸ਼ਾਸਤਰ ਪੜਨ ਦਾ ਅਧਿਕਾਰ ਹੈ? ਵੱਡੇ-ਵੱਡੇ ਸਮਾਜ ਸੁਧਾਰਕ ਗਰਮ ਹੋ ਗਏ, ਪਰ ਲਾਲਾ ਜੀ ਨੇ ਸਾਰਿਆਂ ਨੂੰ ਸਮਝਾ ਲਿਆ ਅਤੇ ਦੋਵੇ ਗੱਲਾਂ ਮੰਨ ਕੇ ਹਿੰਦੂ ਧਰਮ ਦੀ ਲਾਜ ਰੱਖ ਲਈ।
ਨਹੀਂ ਤਾਂ ਇਹ ਕਿਨੀ ਸ਼ਰਮ ਦੀ ਗੱਲ ਸੀ। ਜ਼ਰਾ ਸੋਚੋ, ਇਕ ਕੁੱਤਾ ਤੁਹਾਡੀ ਗੋਦ ਵਿਚ ਬੈਠ ਸਕਦਾ ਹੈ, ਰਸੋਈ ਅੰਦਰ ਘੁੰਮ-ਫਿਰ ਸਕਦਾ ਹੈ, ਪਰ ਇਕ ਆਦਮੀ ਨੂੰ ਜੇ ਛੋਹ ਲਉ ਤਾਂ ਧਰਮ ਭਿੱਟਿਆ ਜਾਂਦਾ ਹੈ।ਪੰਡਤ ਮਾਲਵੀਆ ਵਰਗੇ ਮਹਾਨ ਸਮਾਜ ਸੁਧਾਰਕ ਅਛੂਤਾਂ ਦੇ ਬਹੁਤ ਵੱਡੇ ਪ੍ਰੇਮੀ ਤੇ ਹੋਰ ਪਤਾ ਨਹੀਂ ਕੀ-ਕੀ ਪਹਿਲਾਂ ਤਾਂ ਇਕ ਭੰਗੀ ਹੱਥੋਂ ਹਾਰ ਪੁਆ ਲੈਂਦੇ ਹਨ, ਬਾਅਦ ਵਿਚ ਕੱਪੜਿਆਂ ਸਣੇ ਇਸ਼ਨਾਨ ਕੀਤੇ ਬਗੈਰ ਆਪਣੇ ਆਪ ਨੂੰ ਅਸ਼ੁੱਧ ਸਮਝਦੇ ਹਨ, ਹੈ ਬੜੀ ਚਾਲਬਾਜ਼ੀ ਸਾਰਿਆਂ ਨੂੰ ਪਿਆਰ ਕਰਨ ਵਾਲਾ ਪ੍ਰਮਾਤਮਾ! ਉਸ ਦੀ ਪੂਜਾ ਕਰਨ ਲਈ ਜੋ ਮੰਦਰ ਬਣਿਆ ਹੈ, ਉੱਥੇ ਜੇ ਉਹ ਗਰੀਬ ਚਲਾ ਜਾਵੇ ਤਾਂ ਮੰਦਰ ਭਿੱਟਿਆ ਜਾਂਦਾ ਹੈ ਪ੍ਰਮਾਤਮਾ ਨਾਰਾਜ਼ ਹੋ ਜਾਂਦਾ ਹੈ ਘਰ ਦੀ ਇਹ ਹਾਲਤ ਹੋਵੇ ਤਾਂ ਬਾਹਰ ਅਸੀਂ ਬਰਾਬਰੀ ਨੇ ਨਾਂਅ ਉੱਤੇ ਝਗੜਾ ਕਰਦੇ ਕਿਵੇਂ ਲੱਗਦੇ ਹਾਂ? ਸਾਡੇ ਇਸ ਵਿਹਾਰ ਵਿਚ ਅਕ੍ਰਿਤਘਣਤਾ ਦੀ ਹੱਦ ਹੈ ਸਾਡੇ ਲਈ ਜੋ ਘਟੀਆ ਤੋਂ ਘਟੀਆ ਕੰਮ ਕਰਕੇ ਸਾਡੇ ਸੁੱਖਾਂ ਵਿਚ ਵਾਧਾ ਕਰਦੇ ਹਨ, ਉਨਾਂ ਨੂੰ ਅਸੀਂ ਦੁਰਕਾਰਦੇ ਹਾਂ।
ਜਾਨਵਰਾਂ ਦੀ ਪੂਜਾ ਕਰ ਸਕਦੇ ਹਾਂ, ਪਰ ਇਨਸਾਨ ਨੂੰ ਕੋਲ ਵੀ ਨਹੀਂ ਬਿਠਾ ਸਕਦੇ ਹਾਂ। ਅੱਜ ਇਸ ਸਵਾਲ ਉੱਤੇ ਬੜਾ ਹੰਗਾਮਾ ਹੋ ਰਿਹਾ ਹੈ। ਉਨਾਂ ਵਿਚਾਰਾਂ ਵੱਲ ਖ਼ਾਸ ਤਵੱਜੋਂ ਦਿੱਤੀ ਜਾ ਰਹੀ ਹੈ। ਦੇਸ਼ ਸੁਤੰਤਰਤਾ ਦਾ ਜੋ ਵਿਕਾਸ ਹੋ ਰਿਹਾ ਹੈ, ਉਸ ਵਿਚ ਫਿਰਕੂ ਰਾਜਨੀਤੀ ਨੇ ਹੋਰ ਕੋਈ ਫਾਇਦਾ ਕੀਤਾ ਹੋਵੇ ਜਾਂ ਨਾ, ਏਨਾ ਜ਼ਰੂਰ ਕੀਤਾ ਹੈ ਕਿ ਬਹੁਤੇ ਹੱਕ ਮੰਗਣ ਲਈ ਆਪਣੀ-ਆਪਣੀ ਕੌਮ ਦੀ ਗਿਣਤੀ ਵਧਾਉਣ ਦਾ ਫਿਕਰ ਸਭ ਨੂੰ ਹੋਇਆ ਹੈ। ਮੁਸਲਮਾਨਾਂ ਨੇ ਜ਼ਰਾ ਜ਼ਿਆਦਾ ਹੀ ਜ਼ੋਰ ਦਿੱਤਾ। ਅਛੂਤਾਂ ਨੂੰ ਮੁਸਲਮਾਨ ਬਣਾ ਕੇ ਆਪਣੇ ਬਰਾਬਰ ਦੇ ਇਨਸਾਨ ਬਣਾ ਕੇ ਉਨਾਂ ਨੂੰ ਇਨਸਾਨਾਂ ਦੇ ਹੱਕ ਹਕੂਕ ਦੇਣੇ ਸ਼ੁਰੂ ਕਰ ਦਿੱਤੇ। ਹੁਣ ਹਿੰਦੂਆਂ ਉੱਤੇ ਵੀ ਸੱਟ ਪਈ, ਤੇ ਫ਼ਸਾਦ ਵੀ ਹੋਏ। ਖੈਰ ਹੌਲੀ-ਹੌਲੀ ਸਿੱਖਾਂ ਨੂੰ ਵੀ ਖਿਆਲ ਆਇਆ ਕਿ ਅਸੀਂ ਪਿੱਛ ਨਾ ਰਹਿ ਜਾਈਏ। ਉਨਾਂ ਨੇ ਅੰਮ੍ਰਿਤ ‘ਛਕਾਉਣਾ’ ਸ਼ੁਰੂ ਕਰ ਦਿੱਤਾ। ਹਿੰਦੂ ਸਿੱਖਾਂ ਵਿਚ ਅਛੂਤਾਂ ਦੇ ਜਨੇਊ ਉਤਾਰਨ ਜਾਂ ਕੇਸ ਕਟਾਵਾਉਣ ਦੇ ਸਵਾਲ ਉੱਤੇ ਝਗੜੇ ਹੋਏ।
ਹੁਣ ਤਿੰਨੋ ਕੌਮਾਂ ਉਨਾਂ ਨੂੰ ਆਪਣੇ ਵੱਲ ਖਿੱਚ ਰਹੀਆਂ ਹਨ ਅਤੇ ਬੜਾ ਰੋਲਾ ਰੱਪਾ ਪੈ ਰਿਹਾ ਹੈ। ਓਧਰ ਈਸਾਈ ਚੁੱਪ-ਚਾਪ ਉਨਾਂ ਦਾ ਰੁਤਬਾ ਵਧਾਉਣ ਵਿਚ ਲੱਗੇ ਹੋਏ ਹਨ। ਇਸ ਸਾਰੀ ਹਲ ਚਲ ਵਿਚ ਹਿਦੋਸਤਾਨ ਦੀ ਲਾਹਨਤ ਦੂਰ ਹੋ ਰਹੀ ਹੈ। ਇਧਰ ਜਦ ਅਛੂਤਾਂ ਨੇ ਦੇਖਿਆ ਕੀ ਸਾਡੀ ਖਾਤਰ ਇਨਾਂ ਵਿਚਾਲੇ ਫ਼ਸਾਦ ਹੋ ਰਹੇ ਹਨ ਅਤੇ ਹਰ ਕੋਈ ਸਾਨੂੰ ਆਪਣੀ ਖ਼ਰਾਕ ਸਮਝ ਰਿਹਾ ਹੈ, ਤਾਂ ਉਨਾਂ ਸੋਚਿਆ ਕਿ ਕਿਉਂ ਨਾ ਅਸੀਂ ਵੱਖਰੇ ਤੌਰ ਤੇ ਸੰਗਠਤ ਹੋਈਏ। ਇਸ ਵਿਚਾਰ ਨੂੰ ਪੈਦਾ ਕਰਨ ਵਿਚ ਅੰਗਰੇਜ਼ ਸਰਕਾਰ ਦਾ ਕੋਈ ਹੱਥ ਹੋਵੇ ਜਾਂ ਨਾ ਹੋਵੇ ਏਨਾ ਜ਼ਰੂਰ ਹੈ ਕਿ ਉਸ ਦੇ ਪ੍ਰਚਾਰ ਵਿਚ ਸਰਕਾਰੀ ਆਦਮੀਆਂ ਦਾ ਵੀ ਕਾਫੀ ਹੱਥ ਰਿਹਾ ਆਦਿ ਧਰਮ ਮੰਡਲ ਉਸੇ ਵਿਚਾਰ ਦੇ ਪ੍ਰਚਾਰ ਦਾ ਨਤੀਜਾ ਹੈ। ਹੁਣ ਇਕ ਸਵਾਲ ਹੋਰ ਉੱਠਦਾ ਹੈ ਕਿ ਇਸ ਮਸਲੇ ਦਾ ਠੀਕ-ਠੀਕ ਹੱਲ ਕੀ ਹੈ?
ਸਭ ਤੋਂ ਪਹਿਲਾਂ ਇਹ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਸਭ ਇਨਸਾਨ ਇਕੋ ਜਿਹੇ ਹਨ। ਨਾ ਤਾਂ ਜਨਮ ਨਾਲ ਤੇ ਨਾ ਹੀ ਕੰਮਕਾਜ ਨਾਲ ਕੋਈ ਹਨ, ਨਾ ਹੀ ਇਕ ਆਦਮੀ ਭੰਗੀ ਦੇ ਘਰ ਪੈਦਾ ਹੋਇਆ ਹੈ ਸਿਰਫ ਇਸ ਲਈ ਸਾਰੀ ਉਮਰ ਉਹ ਭੰਗੀ ਦਾ ਹੀ ਕੰਮ ਕਰੇਗਾ ਅਤੇ ਦੁਨੀਆਂ ਵਿਚ ਕਿਸੇ ਕਿਸਮ ਦੀ ਤਰੱਕੀ ਕਰਨ ਦਾ ਉਸਦਾ ਕੋਈ ਹੱਕ ਨਹੀਂ। ਇਹ ਬਿਲਕੁੱਲ ਵਿਅਰਥ ਗੱਲ ਹੈ। ਇਹਨਾਂ ਲੋਕਾਂ ਨਾਲ ਜਦੋਂ ਸਾਡੇ ਬਜ਼ੁਰਗ ਆਰੀਆਂ ਨੇ ਇਹ ਜ਼ੁਲਮ ਕੀਤਾ ਉਨਾਂ ਨੇ ਨੀਚ ਕਹਿ ਕੇ ਅਲੱਗ ਕਰ ਦਿੱਤਾ ਅਤੇ ਨੀਚ ਕੰਮ ਕਰਵਾਉਣ ਲੱਗੇ ਅਤੇ ਨਾਲ ਹੀ ਇਹ ਚੰਤਾ ਹੋਈ ਕਿ ਕਿਤੇ ਇਹ ਬਗਾਵਤ ਨਾ ਕਰ ਦੇਣ, ਉਦੋਂ ਪੁਨਰ-ਜਨਮ ਦੇ ਦਰਸ਼ਨ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਸਭ ਤੁਹਾਡੇ ਪਿਛਲੇ ਜਨਮਾਂ ਦੇ ਪਾਪਾਂ ਦਾ ਫਲ ਹੈ, ਕੀ ਹੋ ਸਕਦਾ ਹੈ? ਚੁੱਪ-ਚਾਪ ਗੁਜਾਰਾ ਕਰੋ। ਇਸ ਤਰਾਂ ਸਬਰ ਕਰਨ ਦਾ ਸਬਕ ਪੜਾ ਕੇ ਉਹ ਇਨਾਂ ਲੋਕਾਂ ਨੂੰ ਏਨੇ ਸਮੇਂ ਤੱਕ ਚੁੱਪ ਕਰਵਾ ਗਏ। ਉਨਾਂ ਨੇ ਬਹੁਤ ਵੱਡਾ ਪਾਪ ਕੀਤਾ। ਇਨਸਾਨ ਅੰਦਰ ਇਨਸਾਨੀਅਤ ਦਾ ਮਾਦਾ ਸਵੈ-ਭਰੋਸਾ, ਸਵੈ-ਨਿਭਰਤਾ ਦੀ ਭਾਵਨਾ ਨੂੰ ਖਤਮ ਕਰ ਦਿੱਤਾ ਗਿਆ।
ਖੈਰ, ਅੱਜ ਇਹ ਸਭ ਕਾਸੇ ਲਈ ਪਛਤਾਉਣ ਦਾ ਸਮਾਂ ਹੈ। ਇਸੇ ਦੇ ਨਾਲ ਹੀ ਇਕ ਹੋਰ ਗੜਬੜ ਪੈਦਾ ਹੋਈ। ਲੋਕਾਂ ਦੇ ਮਨਾਂ ਅੰਦਰ ਜ਼ਰੂਰੀ ਕੰਮਾਂ ਲਈ ਨਫਰਤ ਪੈਦਾ ਹੋ ਗਈ। ਅਸੀਂ ਬਣਕਰਾਂ ਨੂੰ ਵੀ ਦੁਰਕਾਰ ਦਿੱਤਾ ਅਤੇ ਅੱਜ ਕੱਪੜਾ ਬੁਣਨ ਵਾਲੇ ਅਛੂਤ ਸਮਝੇ ਜਾਂਦੇ ਹਨ। ਉਤਰ ਪ੍ਰਦੇਸ਼ ਵੱਲ ਕਹਾਰ ਨੂੰ ਵੀ ਅਛੂਤ ਸਮਝਿਆ ਜਾਂਦਾ ਹੈ। ਇਹ ਸਾਰੀਆਂ ਗੱਲਾਂ ਸਾਡੀ ਤਰੱਕੀ ਵਿਚ ਬਹੁਤ ਵੱਡੀਆਂ ਰੁਕਾਵਟਾਂ ਬਣਦੀਆਂ ਹਨ। ਇਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਵਧਣਾ ਹੈ।
ਇਨਸਾਨਾਂ ਨੂੰ ਨਾ ਅਛੂਤ ਕਹਿਣਾ ਹੈ ਤੇ ਨਾ ਹੀ ਸਮਝਣਾ ਹੈ। ਨੌਜਵਾਨ ਕਾਨਫਰੰਸ ਅਤੇ ਨੌਜਵਾਨ ਭਾਰਤ ਸਭਾ ਨੇ ਜੋ ਤਰੀਕਾ ਤਿਆਰ ਕੀਤਾ ਹੈ। ਉਹ ਬੇਹੱਦ ਖੂਬਸੂਰਤ ਹੈ। ਜਿਨਾਂ ਭਰਾਵਾਂ ਨੂੰ ਅੱਜ ਤੱਕ ਅਛੂਤ-ਅਛੂਤ ਕਿਹਾ ਕਰਦੇ ਸਨ, ਉਨਾਂ ਤੋਂ ਆਪਣੇ ਇਸ ਪਾਪ ਲਈ ਮੁਆਫ਼ੀ ਮੰਗਣੀ ਅਤੇ ਉਨਾਂ ਨੂੰ ਆਪਣੇ ਵਰਗੇ ਹੀ ਇਨਸਾਨ ਸਮਝਣਾ ਬਿਨਾਂ ‘ਅਮ੍ਰਿਤ’ ਛਕਾਏ ਜਾਂ ‘ਕਲਮਾਂ’ ਪੜਾਏ ਜਾਂ ‘ਸ਼ੁੱਧ ਕੀਤੇ’, ਉਨਾਂ ਨੂੰ ਆਪਣੇ ਵਿਚ ਸ਼ਾਮਲ ਕਰ ਲੈਣਾ, ਉਨਾਂ ਹੱਥੋਂ ਪਾਣੀ ਪੀਣਾ, ਏਹੀ ਠੀਕ ਤਰੀਕਾ ਹੈ ਆਪਸ ਵਿਚ ਹੀ ਖਿੱਚੋਤਾਣਾ ਕਰਨੀ ਅਤੇ ਅਮਲ ਵਿਚ ਕੋਈ ਵੀ ਅਧਿਕਾਰ ਨਾ ਦੇਣਾ, ਇਹ ਅਨੁਚਿਤ ਹੈ।
ਜਦੋਂ ਪਿੰਡਾਂ ਵਿਚ ‘ਕਿਰਤੀ’ ਦਾ ਪ੍ਰਚਾਰ ਸ਼ੁਰੂ ਹੋਇਆ, ਉਦੋਂ ਜੱਟਾਂ ਨੂੰ ਸਰਕਾਰੀ ਆਦਮੀ ਇਹ ਸਮਝਾ ਕੇ ਭੜਕਾਉਂਦੇ ਸਨ ਕਿ ਇਹ ਚੂਹੜੇ-ਚਮਾਰਾਂ ਨੂੰ ਸਿਰ ‘ਤੇ ਚੜਾਂ ਰਹੇ ਹਨ ਅਤੇ ਤੁਹਾਡਾ ਕੰਮ ਬੰਦ ਕਰਵਾਉਣਗੇ। ਬਸ, ਜੱਟ ਏਸੇ ਗੱਲੋਂ ਉਲਟ ਹੋ ਗਏ। ਉਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਨਾਂ ਦੀ ਹਾਲਤ ਉਦੋਂ ਤੱਕ ਨਹੀਂ ਸੁਧਰ ਸਕੇਗੀ, ਜਦ ਤੱਕ ਕਿ ਇਨਾਂ ਗ਼ਰੀਬਾਂ ਨੂੰ ਕਮੀਣ ਅਤੇ ਨੀਚ ਕਹਿ ਕੇ ਆਪਣੇ ਪੈਰਾਂ ਥੱਲੇ ਦਬਾਈ ਰੱਖਣਾ ਚਾਹੁੰਣਗੇ। ਉਹ ਸਫਾਈ ਨਹੀਂ ਰੱਖਦੇ, ਕਿਉਂਕਿ ਗ਼ਰੀਬ ਹਨ। ਗ਼ਰੀਬ ਦਾ ਇਲਾਜ਼ ਕਰੋ। ਬੜੀ ਉੱਚੀ ਕੁਲ ਦੇ ਗ਼ਰੀਬ ਆਦਮੀ ਵੀ ਘੱਟ ਗੰਦੇ ਨਹੀਂ ਰਹਿੰਦੇ, ਗੰਦਾ ਕੰਮ ਕਰਨ ਦਾ ਬਹਾਨਾ ਵੀ ਨਹੀਂ ਚਲ ਸਕਦਾ ਮਾਵਾਂ ਬੱਚਿਆਂ ਦੀ ਗੰਦਗੀ ਸਾਫ ਕਰਨ ਨਾਲ ਅਛੂਤ ਨਹੀਂ ਹੋ ਜਾਂਦੀਆਂ। ਪਰ ਇਹ ਕੰਮ ਉਦੋਂ ਤੱਕ ਨਹੀਂ ਹੋ ਸਕਦਾ, ਜਦੋਂ ਤੱਕ ਕਿ ਅਛੂਤ ਕੌਮਾਂ ਆਪਣੇ ਆਪ ਨੂੰ ਸੰਗਠਿਤ ਨਹੀਂ ਕਰ ਲੈਦੀਆਂ।
ਅਸੀ ਤਾਂ ਸਮਝਦੇ ਹਾਂ ਕਿ ਉਨਾਂ ਦਾ ਆਪਣੇ ਆਪ ਨੂੰ ਵੱਖਰੇ ਤੌਰ ਤੇ ਸੰਗਠਿਤ ਕਰ ਲੈਣਾ ਅਤੇ ਮੁਸਲਮਾਨਾਂ ਦੇ ਬਰਾਬਰ ਦੀ ਗਿਣਤੀ ਵਿਚ ਹੋਣ ਉੱਤੇ ਬਰਾਬਰ ਦੇ ਹੱਕ-ਹਕੂਕ ਦੀ ਮੰਗ ਕਰਨਾ ਬੜੀ ਹੌਸਲਾ-ਵਧਾਊ ਸਥਿਤੀ ਹੈ, ਜਾਂ ਤਾਂ ਫਿਰਕਾਵਾਰਾਨਾ ਰਾਜਨੀਤੀ ਦਾ ਟੰਟਾ ਹੀ ਖਤਮ ਹੋਵੇ ਜਾਂ ਫਿਰ ਉਨਾਂ ਦੇ ਅਧਿਕਾਰ ਉਨਾਂ ਦਿੱਤੇ ਜਾਣ। ਕੌਸਲਾਂ ਅਤੇ ਅਸੈਂਬਲੀਆਂ ਦਾ ਕਰਤੱਵ ਹੋ ਕਿ ਸਕੂਲਾਂ, ਕਾਲਜ਼ਾ, ਖੂਹਾਂ ਅਤੇ ਸੜਕਾਂ ਦੇ ਇਸਤੇਮਾਲ ਦੀ ਪੂਰੀ ਸੁਤੰਤਰਤਾ ਉਨਾਂ ਨੂੰ ਦਿਵਾਉਣ, ਮੂੰਹ-ਜ਼ਬਾਨੀ ਹੀ ਨਹੀਂ, ਸਗੋਂ ਨਾਲ ਲਿਜਾ ਕੇ ਉਨਾਂ ਨੂੰ ਖੂਹਾਂ ਉੱਤੇ ਚੜਾਉਣ, ਉਨਾਂ ਦੇ ਬੱਚਿਆਂ ਨੂੰ ਸਕੂਲਾਂ ਵਿਚ ਦਾਖਲ ਕਰਵਾਉਣ।
ਖੈਰ, ਜਿਸ ਵਿਧਾਨ ਪਾਲਿਕਾ ਵਿਚ ਘੱਟ ਉਮਰ ਵਿਚ ਵਿਆਹ ਵਿਰੁੱਧ ਪੇਸ਼ ਕੀਤੇ ਗਏ ਬਿੱਲ ਉਤੇ ਮਜ਼ਬ ਦਾ ਬਹਾਨਾ ਲੈ ਕੇ ਹਾਏ-ਤੌਬਾ ਮਚਾ ਦਿੱਤੀ ਜਾਂਦੀ ਹੈ, ਉਥੇ ਅਛੂਤਾਂ ਨੂੰ ਨਾਲ ਰਲਾਉਣ ਦੀ ਹਿੰਮਤ ਉਹ ਕਿਸ ਤਰਾਂ ਕਰ ਸਕਦੇ ਹਨ? ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਉਨਾਂ ਦੇ ਆਪਣੇ ਪ੍ਰਤੀਨਿਧ ਕਿਉਂ ਨਾ ਹੋਣ? ਉਹ ਵੱਖਰੇ ਅਧਿਕਾਰਾਂ ਦੀ ਮੰਗ ਕਿਉਂ ਨਾ ਕਰਨ? ਅਸੀਂ ਸਪਸ਼ਟ ਕਹਿੰਦੇ ਹਾਂ ਕਿ ਅਛੂਤ ਕਹਾਉਣ ਵਾਲੇ ਭਰਾਵੋ ਉਠੋ। ਆਪਣਾ ਇਤਿਹਾਸ ਦੇਖੋ! ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿਚ ਅਸਲੀ ਤਾਕਤ ਤੁਹਾਡੀ ਹੀ ਸੀ। ਸ਼ਿਵਾ ਜੀ ਸਿਰਫ ਤੁਹਾਡੀ ਤਾਕਤ ਉੱਤੇ ਹੀ ਸਭ ਕੁਝ ਕਰ ਸਕਿਆ, ਜਿਸ ਕਰਕੇ ਉਨਾਂ ਦਾ ਨਾਂ ਅੱਜ ਤੱਕ ਜਿਉਂਦਾ ਹੈ।
ਤੁਹਾਡੀਆਂ ਕੁਰਬਾਨੀਆਂ ਸਵਰਨ ਲੇਖਕਾਂ ਨੇ ਲਿਖੀਆਂ ਹੋਈਆਂ ਹਨ। ਤੁਸੀ ਜੇ ਸੇਵਾ ਕਰਕੇ, ਕੌਮ ਦੇ ਸੁੱਖ ਵਿਚ ਵਾਧਾ ਕਰਕੇ ਅਤੇ ਜ਼ਿੰਦਗੀ ਨੂੰ ਸੁਖਾਲਾ ਬਣਾ ਕੇ ਭਾਰੀ ਅਹਿਸਾਨ ਕਰ ਰਹੇ ਹੈ, ਉਸ ਸਭ ਕੁਝ ਨੂੰ ਅਸੀਂ ਲੋਕ ਨਹੀਂ ਸਮਝਦੇ। ਇੰਤਕਾਲੇ- ਇਰਾਜ਼ੀ ਐਕਟ ਦੇ ਮੁਤਾਬਿਕ ਤੁਸੀਂ ਪੈਸੇ ਇੱਕਠ ਕਰਕੇ ਵੀ ਜ਼ਮੀਨ ਨਹੀਂ ਖਰੀਦ ਸਕਦੇ। ਤੁਹਾਡੇ ਉੱਤੇ ਏਨੇ ਜ਼ੁਲਮ ਹੋ ਰਹੇ ਹਨ ਕਿ ਅਮਰੀਕਾ ਦੀ ਮਿਸ ਮਯੋ ਇਸ ਨੂੰ ਇਨਸਾਨ ਤੋਂ ਬਹੁਤ ਹੇਠਾਂ ਕਹਿੰਦੀ ਹੈ। ਉੱਠੋ ਆਪਣੀ ਤਾਕਤ ਪਛਾਣੋ। ਸੰਗਠਤ ਹੋ ਜਾਓ। ਅਸਲ ਵਿਚ ਤੁਹਾਡੇ ਆਪਣੇ ਯਤਨਾਂ ਬਿਨਾਂ ਤੁਹਾਨੂੰ ਕੁਝ ਵੀ ਨਹੀਂ ਮਿਲ ਸਕੇਗਾ।
ਅਜ਼ਾਦੀ ਦੀ ਖਾਤਰ ਅਜ਼ਾਦੀ ਚਾਹੁਣ ਵਾਲਿਆਂ ਨੂੰ ਯਤਨ ਕਰਨਾ ਚਾਹੀਦਾ ਹੈ। ਮਨੁੱਖ ਦਾ ਇਹ ਸੁਭਾਅ ਬਣ ਗਿਆ ਹੈ ਕਿ ਉਹ ਆਪਣੇ ਲਈ ਤਾਂ ਹੱਕ ਮੰਗਣਾ ਚਾਹੁੰਦਾ ਹੈ, ਪਰ ਜਿਨਾਂ ਉੱਤੇ ਉਹਦਾ ਆਪਣਾ ਦਬਦਬਾ ਹੋਵੇ, ਉਨਾਂ ਨੂੰ ਪੈਰਾਂ ਹੇਠਾਂ ਹੀ ਰੱਖਣਾ ਚਾਹੁੰਦਾ ਹੈ, ਇਸ ਲਈ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ। ਸੰਗਠਨ ਹੋ ਕੇ ਆਪਣੇ ਪੈਰਾਂ ਉੱਤੇ ਖੜੇ ਹੋ ਕੇ ਸਾਰੇ ਸਮਾਜ ਨੂੰ ਲਲਕਾਰੋ। ਦੇਖੋ, ਫਿਰ ਕੌਣ ਤੁਹਾਡੇ ਹੱਕ ਤੁਹਾਨੂੰ ਨਾ ਦੇਣ ਦੀ ਜੁਅਰਤ ਕਰਦਾ ਹੈ। ਤੁਸੀ ਦੂਜੇ ਲੋਕਾਂ ਦੀ ਖੁਰਾਕ ਨਾ ਬਣੋ। ਦੂਜਿਆਂ ਦੇ ਮੂੰਹ ਵੱਲ ਨਾ ਤੱਕਦੇ ਰਹੇ। ਨੌਕਰਸ਼ਾਹੀ ਦੇ ਝਾਂਸੇ ਵਿਚ ਵੀ ਨਾ ਆਉਣਾ।
ਇਹ ਤੁਹਾਡੀ ਮਦਦ ਨਹੀਂ ਕਰਨਾ ਚਾਹੁੰਦੀ, ਕਿਉਂਕਿ ਤੁਹਾਨੂੰ ਇਕ ਸੰਦ ਬਣਾਉਣ ਚਾਹੁੰਦੀ ਹੈ। ਇਹੋ ਸਰਮਾਏਦਾਰ, ਨੌਕਰਸ਼ਾਹੀ ਤੁਹਾਡੀ ਗੁਲਾਮੀ ਅਤੇ ਗ਼ਰੀਬੀ ਦਾ ਮੁੱਖ ਕਾਰਨ ਹੈ। ਇਸ ਲਈ ਉਨਾਂ ਨਾਲ ਤੁਸੀਂ ਨਾ ਮਿਲ ਜਾਣਾ, ਉਨਾਂ ਦੀਆਂ ਚਾਲਾਂ ਤੋਂ ਬਚਣਾ। ਫਿਰ ਕੰਮ ਬਣ ਜਾਵੇਗਾ। ਤੁਸੀਂ ਅਸਲੀ ਮਜ਼ਦੂਰ ਹੋ। ਮਜ਼ਦੂਰੋ ਸੰਗਠਿਤ ਹੋ ਜਾਓ। ਤੁਹਾਡਾ ਕੋਈ ਨੁਕਸਾਨ ਨਹੀਂ ਹੋਵੇਗਾ, ਸਿਰਫ ਗੁਲਾਮੀ ਦੀਆਂ ਜ਼ੰਜੀਰਾਂ ਹੀ ਕੱਟਣਗੀਆਂ।
ਉਠੋ ਅਤੇ ਮੌਜੂਦਾ ਨਿਜ਼ਾਮ ਦੇ ਵਿਰੁੱਧ ਬਗਾਵਤ ਖੜੀ ਕਰ ਦਿਓ। ਇੱਕ-ਦੁੱਕਾ ਸੁਧਾਰਾਂ ਨਾਲ ਕੁਝ ਨਹੀਂ ਬਣਨਾ। ਸਮਾਜਕ ਇਨਕਲਾਬ ਪੈਦਾ ਕਰ ਦਿਓ ਅਤੇ ਰਾਜਨੀਤਿਕ ਤੇ ਆਰਥਿਕ ਇਨਕਲਾਬ ਲਈ ਕਮਰਕੱਸੇ ਕਰੋਂ। ਤੁਸੀਂ ਹੀ ਤਾਂ ਦੇਸ਼ ਦਾ ਆਧਾਰ ਹੋ, ਅਸਲੀ ਤਾਕਤ ਹੋ। ਉਠੋ ਸੁੱਤੇ ਹੋਏ ਸ਼ੇਰੋ, ਵਿਦਰੋਹੀਓ, ਵਿਦਰੋਹ ਕਰ ਦਿਓ!”
-ਸ਼ਹੀਦ ਭਗਤ ਸਿੰਘ