ਵਾਸ਼ਿੰਗਟਨ (ਸਮਾਜਵੀਕਲੀ)– ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀਆਂ ਨੂੰ ਚੌਕਸ ਕੀਤਾ ਹੈ ਕਿ ਆਉਣ ਵਾਲੇ ਦੋ ਹਫ਼ਤੇ ਬਹੁਤ ਕਰੜੇ ਸਾਬਿਤ ਹੋਣ ਵਾਲੇ ਹਨ। ਮੁਲਕ ਵਿਚ ਵਾਇਰਸ ਦੇ ਕੇਸ ਤਿੰਨ ਲੱਖ ਤੋਂ ਟੱਪ ਗਏ ਹਨ ਤੇ ਮੌਤਾਂ ਦੀ ਗਿਣਤੀ ਅੱਠ ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ। ਟਰੰਪ ਨੇ ਕਿਹਾ ਕਿ ਅਗਲੇ ਦੋ ਹਫ਼ਤੇ ਬਹੁਤ, ਬਹੁਤ ਜਾਨਲੇਵਾ ਹੋਣਗੇ। ਉਨ੍ਹਾਂ ਕਿਹਾ ਕਿ ਇਹ ਸਾਡੀ ਬਦਕਿਸਮਤੀ ਹੈ, ਪਰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਘੱਟ ਤੋਂ ਘੱਟ ਜਾਨਾਂ ਜਾਣ।
ਰਾਸ਼ਟਰਪਤੀ ਨੇ ਆਸ ਜਤਾਈ ਕਿ ਉਹ ਕਾਮਯਾਬ ਹੋਣਗੇ। ਟਰੰਪ ਨੇ ਵਾਈਟ ਹਾਊਸ ਵਿਚ ਮੀਡੀਆ ਕਾਨਫ਼ਰੰਸ ਦੌਰਾਨ ਕਿਹਾ ਕਿ ਅਜਿਹਾ ਸਮਾਂ ਮੁਲਕ ਨੇ ਕਦੇ ਦੇਖਿਆ ਹੀ ਨਹੀਂ ਹੈ। ਇਸ ਮੌਕੇ ਹਾਜ਼ਰ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਕਿਹਾ ਕਿ ਟੈਸਟਿੰਗ ਵਧਾਈ ਜਾ ਰਹੀ ਹੈ ਤੇ ਇਸ ਨਾਲ ਕੇਸਾਂ ਦੀ ਗਿਣਤੀ ਵਧਣੀ ਲਾਜ਼ਮੀ ਹੈ। ਵਾਈਟ ਹਾਊਸ ਦੀ ਟਾਸਕ ਫੋਰਸ ਮੁਤਾਬਕ ਕਰੋਨਾਵਾਇਰਸ ਕਾਰਨ ਅਗਲੇ ਦੋ ਮਹੀਨਿਆਂ ਵਿਚ ਅਮਰੀਕਾ ’ਚ ਇਕ ਤੋਂ ਦੋ ਲੱਖ ਮੌਤਾਂ ਹੋ ਸਕਦੀਆਂ ਹਨ।
ਅਧਿਕਾਰੀ ਹਾਲੇ ਵੀ ਆਸ ਰੱਖ ਰਹੇ ਹਨ ਕਿ ਸ਼ਾਇਦ ਸਮਾਜਿਕ ਦੂਰੀ ਬਣਾਉਣ ਤੇ ਘਰੇ ਰਹਿਣ ਨਾਲ ਇਨ੍ਹਾਂ ਦਰਦਨਾਕ ਦ੍ਰਿਸ਼ਾਂ ਤੋਂ ਬਚਿਆ ਜਾ ਸਕੇ। ਸ਼ਨਿਚਰਵਾਰ ਤੱਕ ਅਮਰੀਕਾ ਦੀ 90 ਫ਼ੀਸਦ ਆਬਾਦੀ ਘਰਾਂ ਵਿਚ ਹੈ। 40 ਰਾਜਾਂ ਵਿਚ ਵੱਡੀ ਆਫ਼ਤ ਐਲਾਨੀ ਗਈ ਹੈ। ਨਿਊ ਯਾਰਕ ਸ਼ਹਿਰ, ਨਿਊ ਜਰਸੀ ਤੇ ਕਨੈਕਟੀਕਟ ਵਾਇਰਸ ਦਾ ਕੇਂਦਰ ਬਣੇ ਹੋਏ ਹਨ। ਅਮਰੀਕੀ ਰਾਸ਼ਟਰਪਤੀ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦਾ ਸਭ ਤੋਂ ਛੋਟਾ ਬੇਟਾ ਬੈਰਨ (14) ਵੀ ਪਹਿਲਾ ਵਾਂਗ ਖ਼ੁਸ਼ ਨਹੀਂ ਹੈ ਕਿਉਂਕਿ ਉਸ ਨੂੰ ਘਰ ਬੈਠਣਾ ਪੈ ਰਿਹਾ ਹੈ, ਜਿਵੇਂ ਬਾਕੀ ਸਾਰੇ ਅਮਰੀਕੀ ਵੀ ਘਰ ਬੈਠ ਕੇ ਸਾਵਧਾਨੀ ਵਰਤ ਰਹੇ ਹਨ।
ਬੈਰਨ ਵਾਈਟ ਹਾਊਸ ’ਚ ਟਰੰਪ ਤੇ ਮੇਲਾਨੀਆ ਦੇ ਨਾਲ ਰਹਿੰਦਾ ਹੈ। 6-7 ਦਿਨਾਂ ਵਿਚ ਨਿਊ ਯਾਰਕ ਵਿਚ ਕਰੋਨਾ ਦਾ ਕਹਿਰ ਸਿਖ਼ਰਾਂ ’ਤੇ ਹੋਵੇਗਾ। ਇਸ ਤੋਂ ਬਾਅਦ ਸ਼ਾਇਦ ਕੁਝ ਰਾਹਤ ਮਿਲ ਸਕਦੀ ਹੈ। ਪੈਂਸ ਨੇ ਲੋਕਾਂ ਨੂੰ ਕਿਹਾ ਕਿ ਉਹ ਕਰੋਨਾ ਪੀੜਤਾਂ ਦੇ ਵਧਦੇ ਅੰਕੜੇ ਤੋਂ ਨਿਰਾਸ਼ ਨਾ ਹੋਣ ਕਿਉਂਕਿ ਰਿਪੋਰਟਾਂ ਮੁਤਾਬਕ ਹੁਣ ਸਮਾਜਿਕ ਦੂਰੀ ਤੇ ਹੋਰ ਨੇਮਾਂ ਦਾ ਪਾਲਣ ਕੀਤਾ ਜਾ ਰਿਹਾ ਹੈ। ਇਸ ਨਾਲ ਫ਼ਰਕ ਪੈ ਰਿਹਾ ਹੈ।