ਹੋਲਾ ਮਹੱਲਾ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਣ ਪੁੱਜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਪਿੱਛੇ ਦਿੱਲੀ ਤੋਂ ਸਿੱਖ ਵਿਰੋਧੀ ‘ਸਾਜ਼ਿਸ਼ਾਂ’ ਹੋਣ ਵੱਲ ਸੰਕੇਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ ਬਲਕਿ ਜਦ ਤੋਂ ਛੇਵੇਂ ਪਾਤਸ਼ਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ, ਉਦੋਂ ਤੋਂ ਹੀ ਇਹ ਸਿੱਖ ਵਿਰੋਧੀ ਤਾਕਤਾਂ ਖ਼ਾਸ ਕਰ ਕੇ ਮੁਗ਼ਲ ਤੇ ਅੰਗਰੇਜ਼ ਹਕੂਮਤ ਅਤੇ 1947 ਮਗਰੋਂ ਵੱਖ-ਵੱਖ ਮੌਕਿਆਂ ’ਤੇ ਸੱਤਾ ’ਤੇ ਕਾਬਜ਼ ਕੇਂਦਰੀ ਸਰਕਾਰਾਂ ਦੇ ਨਿਸ਼ਾਨੇ ’ਤੇ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਵੀ ਮੌਜੂਦ ਸਨ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਸਰਵਉੱਚ ਸੰਸਥਾ ਹੈ। ਇਸ ਸੰਸਥਾ ਦਾ ਇਹੋ ਮੰਤਵ ਹੈ ਕਿ ਜੇਕਰ ਕੋਈ ਕੌਮੀ ਮਸਲਾ ਹੈ ਤਾਂ ਉਸ ਦਾ ਹੱਲ ਮਿਲ ਬੈਠ ਕੇ ਸੰਵਾਦ ਰਾਹੀਂ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਕੱਢਿਆ ਜਾਵੇ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਐਨਾ ਹੀ ਨਹੀਂ ਸਿੱਖ ਧਰਮ ਇਹ ਵੀ ਦੱਸਦਾ ਹੈ ਕਿ ਜੇ ਕੋਈ ਇਨਸਾਨ ਗਲਤੀ ਕਰ ਲੈਂਦਾ ਹੈ ਤਾਂ ਉਸ ਨੂੰ ਆਪਣੀ ਗ਼ਲਤੀ ਮੰਨ ਕੇ ਭੁੱਲ ਬਖ਼ਸ਼ਾਉਣ ਦਾ ਪੂਰਾ ਅਧਿਕਾਰ ਹੈ। ਇਸ ਲਈ ਜੋ ਕੋਈ ਵੀ ਸ੍ਰੀ ਅਕਾਲ ਤਖ਼ਤ ’ਤੇ ਪੇਸ਼ ਹੋਣ ਲਈ ਆਵੇਗਾ ਉਹ ਜਥੇਦਾਰ (ਹਰਪ੍ਰੀਤ ਸਿੰਘ) ਜਾਂ ਕਿਸੇ ਹੋਰ ਨੂੰ ਨਹੀਂ ਬਲਕਿ ਗੁਰੂ ਦੇ ਪੰਜਾਂ ਜਥੇਦਾਰਾਂ ਜਾਂ ਪੰਜਾਂ ਪਿਆਰਿਆਂ ਦੇ ਸਨਮੁੱਖ ਹੀ ਪੇਸ਼ ਹੋਵੇਗਾ, ਨਿਸ਼ਚੈ ਹੀ ਉੱਥੋਂ ਉਸਾਰੂ ਹੱਲ ਹੀ ਨਿਕਲਦਾ ਹੈ। ਫਿਰ ਚਾਹੇ ਉਹ ਕੋਈ ਵੀ ਹੋਵੇ। ਉਨ੍ਹਾਂ ਦੱਸਿਆ ਕਿ 1, 2 ਤੇ 3 ਮਈ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਚ ਕੌਮੀ ਇਜਲਾਸ ਬੁਲਾਉਣ ਦੀ ਤਜਵੀਜ਼ ਹੈ ਤਾਂ ਜੋ ਪੰਥ ਅੱਗੇ ਬਣੀਆਂ ਚੁਣੌਤੀਆਂ ’ਤੇ ਗੰਭੀਰਤਾ ਨਾਲ ਵਿਚਾਰ ਹੋ ਸਕੇ। ਹੋਲਾ ਮਹੱਲਾ ਮੌਕੇ ਜਥੇਦਾਰ ਨੇ ਸਿੱਖ ਕੌਮ ਨੂੰ ਕਿਸੇ ਵੀ ਤਰ੍ਹਾਂ ਦੇ ਬਨਾਵਟੀ ਰੰਗਾਂ ਨੂੰ ਨਾ ਵਰਤਣ ਦੀ ਅਪੀਲ ਕੀਤੀ।
HOME ਅਕਾਲ ਤਖ਼ਤ ਮੁੱਢ ਤੋਂ ਹੀ ਹਕੂਮਤਾਂ ਦੇ ਨਿਸ਼ਾਨੇ ’ਤੇ ਰਿਹਾ: ਜਥੇਦਾਰ