ਅੰਮ੍ਰਿਤਸਰ (ਸਮਾਜਵੀਕਲੀ) : ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਵੱਲੋਂ ਅੱਜ ਇਥੇ ਸੂਬੇ ਦੀ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਧਰਨਾ ਦਿੱਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਰਾਹੀਂ ਇਕ ਮੰਗ ਪੱਤਰ ਸੂਬੇ ਦੇ ਰਾਜਪਾਲ ਨੂੰ ਭੇਜਿਆ ਗਿਆ। ਧਰਨੇ ਦੌਰਾਨ ਅਕਾਲੀ ਭਾਜਪਾ ਆਗੂਆਂ ਵੱਲੋਂ ਕਰੋਨਾ ਸੰਕਟ ਕਾਰਨ ਸਮਾਜਿਕ ਦੂਰੀ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ।
ਕੜਕਦੀ ਧੁੱਪ ਵਿੱਚ ਦਿੱਤੇ ਗਏ ਇਸ ਧਰਨੇ ਮੌਕੇ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਬੈਨਰ, ਪੋਸਟਰ, ਤਖਤੀਆਂ ਆਦਿ ਚੁੱਕੀਆਂ ਹੋਈਆਂ ਸਨ। ਭਾਵੇਂ ਊਨ੍ਹਾਂ ਮਾਸਕ ਅਤੇ ਕੱਪੜੇ ਆਦਿ ਨਾਲ ਮੂੰਹ ਢੱਕੇ ਹੋਏ ਸਨ, ਪਰ ਧਰਨਾ ਦੇਣ ਸਮੇਂ ਸਾਰੇ ਇੱਕੋ ਥਾਂ ਹੀ ਬੈਠ ਗਏ। ਅਕਾਲੀ-ਭਾਜਪਾ ਆਗੂਆਂ ਨੇ ਨੀਲੇ ਕਾਰਡ ਮੁੜ ਬਹਾਲ ਕਰਨ, ਬੀਜ ਘੁਟਾਲੇ ਦੀ ਜਾਂਚ ਕਰਾਉਣ, ਸ਼ਰਾਬ ਤੇ ਰੇਤ ਮਾਫੀਆ ਨੂੰ ਦਿੱਤੀਆਂ ਰਿਆਇਤਾਂ ਦੀ ਉੱਚ ਪੱਧਰੀ ਜਾਂਚ, ਸਨਅਤਕਾਰਾਂ ਨੂੰ ਕਰੋਨਾ ਸੰਕਟ ਸਮੇਂ ਤਿੰਨ ਮਹੀਨੇ ਬਿਜਲੀ ਦੇ ਪੱਕੇ ਖਰਚੇ ਮੁਆਫ਼ ਕਰਨ, ਗੰਨੇ ਦੇ ਬਕਾਏ ਤੁਰੰਤ ਜਾਰੀ ਕਰਨ, ਝੋਨੇ ਦੀ ਲਵਾਈ ਸਮੇਂ ਮਜ਼ਦੂਰੀ ਦੀ ਲਾਗਤ ਵਿੱਚ ਵਾਧਾ ਹੋਣ ਕਾਰਨ ਕਿਸਾਨਾਂ ਨੂੰ ਪ੍ਰਤੀ ਏਕੜ ਤਿੰਨ ਹਜ਼ਾਰ ਰੁਪਏ ਮੁਆਵਜ਼ਾ ਦੇਣ, ਕਰੋਨਾ ਮਹਾਮਾਰੀ ਤੋਂ ਪ੍ਰਭਾਵਿਤ ਆਟੋ ਰਿਕਸ਼ਾ, ਟੈਕਸੀ, ਕੈਬ, ਬੱਸ ਅਪਰੇਟਰ, ਡਰਾਈਵਰ ਤੇ ਹੋਰ ਅਮਲੇ ਨੂੰ ਪੰਜ ਹਜ਼ਾਰ ਰੁਪਏ ਮਹੀਨਾ ਮਦਦ ਦੇਣ ਅਤੇ ਉਨ੍ਹਾਂ ਦਾ ਚਾਰ ਮਹੀਨੇ ਦਾ ਬਣਦਾ ਟੈਕਸ ਮੁਆਫ਼ ਕਰਨ, ਸੂਬੇ ਵਿੱਚ ਅਮਨ ਕਾਨੂੰਨ ਦੀ ਮਾੜੀ ਹਾਲਤ ਨੂੰ ਠੀਕ ਕਰਨ, ਤਾਲਾਬੰਦੀ ਦੌਰਾਨ ਪੱਤਰਕਾਰਾਂ ਖ਼ਿਲਾਫ਼ ਦਰਜ ਕੀਤੇ ਝੂਠੇ ਪਰਚੇ ਰੱਦ ਕਰਨ ਦੀ ਮੰਗ ਕੀਤੀ।
ਜਲੰਧਰ (ਪਾਲ ਸਿੰਘ ਨੌਲੀ) ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਗਰੀਬਾਂ ਦੇ ਨੀਲੇ ਕਾਰਡ ਕੱਟੇ ਜਾਣ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਆਗੂਆਂ ਨੇ ਸਾਂਝੇ ਤੌਰ ’ਤੇ ਡਿਪਟੀ ਕਮਿਸ਼ਨਰ ਨੂੰ ਪੰਜਾਬ ਦੇ ਰਾਜਪਾਲ ਦੇ ਨਾਂ ਮੰਗ ਪੱਤਰ ਸੌਂਪਿਆ। ਇਸ ਵਿੱਚ ਮੰਗ ਕੀਤੀ ਗਈ ਕਿ ਸੂਬਾ ਸਰਕਾਰ ਗਰੀਬਾਂ ਦੇ ਨੀਲੇ ਕਾਰਡ ਫਿਰ ਤੋਂ ਬਹਾਲ ਕਰੇ ਜਿਹੜੇ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਬਣਾਏ ਸਨ। ਆਗੂਆਂ ਨੇ ਦੋਸ਼ ਲਾਇਆ ਕਿ ਕਾਂਗਰਸੀ ਆਗੂਆਂ ਤੇ ਵਿਧਾਇਕਾਂ ਨੇ ਕੇਂਦਰ ਸਰਕਾਰ ਵੱਲੋਂ ਭੇਜਿਆ ਰਾਸ਼ਨ ਖੁਰਦ-ਬੁਰਦ ਕੀਤਾ ਹੈ ਤੇ ਇਸ ਦੀ ਨਿਰਪੱਖ ਜਾਂਚ ਕਰਵਾਈ ਜਾਵੇ।
ਇਸ ਵਫ਼ਦ ’ਚ ਦੋਹਾਂ ਪਾਰਟੀਆਂ ਦੇ ਸੀਨੀਅਰ ਆਗੂ, ਵਿਧਾਇਕ ਤੇ ਸਾਬਕਾ ਵਿਧਾਇਕ ਸ਼ਾਮਲ ਸਨ। ਦੋਹਾਂ ਪਾਰਟੀ ਦੇ ਆਗੂਆਂ ਨੇ ਕਰੋਨਾਵਾਇਰਸ ਕਾਰਨ ਸਮਾਜਿਕ ਦੂਰੀ ਰੱਖਣ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਤੇ ਕਈ ਆਗੂਆਂ ਨੇ ਤਾਂ ਮੂੰਹ ’ਤੇ ਮਾਸਕ ਵੀ ਨਹੀਂ ਸੀ ਬੰਨ੍ਹੇ। ਦੋਹਾਂ ਪਾਰਟੀਆਂ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਵੀ ਲਾਇਆ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।