ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ 1920 ਵਿਚ ਸਥਾਪਤ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਸਬੰਧੀ ਸ਼ੁਰੂ ਕੀਤੀਆਂ ਗਤੀਵਿਧੀਆਂ ਤਹਿਤ ਹੁਣ ਜਲਦੀ ਸ਼੍ਰੋਮਣੀ ਅਕਾਲੀ ਦਲ ਤੋਂ ਨਿਰਾਸ਼ ਅਤੇ ਨਾਰਾਜ਼ ਅਕਾਲੀਆਂ ਨੂੰ ਇਕ ਮੰਚ ’ਤੇ ਲਿਆਉਣ ਲਈ ਯਤਨ ਸ਼ੁਰੂ ਹੋਣਗੇ। ਇਸ ਤਹਿਤ ਜਲਦੀ ਵੱਖ ਵੱਖ ਅਕਾਲੀ ਦਲਾਂ ਦੇ ਆਗੂਆਂ ਦੀ ਮੀਟਿੰਗ ਸੱਦੀ ਜਾਵੇਗੀ, ਜਿਸ ਵਿਚ ਮੁੱਢਲੇ ਪੜਾਅ ’ਤੇ ਤਾਲਮੇਲ ਕਮੇਟੀ ਬਣਾਉਣ ਦੀ ਸੰਭਾਵਨਾ ਹੈ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਦਸੰਬਰ ਮਹੀਨੇ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਇਆ ਗਿਆ ਸੀ। ਇਸ ਮੌਕੇ ਅਕਾਲੀ ਦਲ (ਟਕਸਾਲੀ) ਦੇ ਮੁਖੀ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ, ਡਾ. ਸੇਵਾ ਸਿੰਘ ਸੇਖਵਾਂ, ਬੀਰ ਦਵਿੰਦਰ ਸਿੰਘ ਤੋਂ ਇਲਾਵਾ ਹੋਰ ਅਕਾਲੀ ਦਲਾਂ ਦੇ ਆਗੂ ਇਕ ਮੰਚ ’ਤੇ ਪੁੱਜੇ ਸਨ, ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਸ਼ਾਮਲ ਹੋਏ ਸਨ। ਇਨ੍ਹਾਂ ਤੋਂ ਇਲਾਵਾ ਅਕਾਲੀ ਦਲ 1920 ਦੇ ਰਵੀਇੰਦਰ ਸਿੰਘ, ਅਕਾਲੀ ਦਲ ਦਿੱਲੀ ਦੇ ਪਰਮਜੀਤ ਸਿੰਘ ਸਰਨਾ, ਬਲਵੰਤ ਸਿੰਘ ਰਾਮੂਵਾਲੀਆ ਸਮੇਤ ਵੱਖ ਵੱਖ ਫੈਡਰੇਸ਼ਨ ਧੜਿਆਂ ਦੇ ਆਗੂ ਸ਼ਾਮਲ ਸਨ। ਇਨ੍ਹਾਂ ਆਗੂਆਂ ਨੇ ਇਕ ਮੰਚ ’ਤੇ ਇਕੱਠੇ ਹੁੰਦਿਆਂ ਹੋਰ ਨਿਰਾਸ਼ ਤੇ ਨਾਰਾਜ਼ ਅਕਾਲੀ ਆਗੂਆਂ ਨੂੰ ਵੀ ਇਕ ਮੰਚ ’ਤੇ ਇਕੱਠੇ ਹੋਣ ਅਤੇ ਪੁਰਾਤਨ ਅਕਾਲੀ ਦਲ ਦੀ ਸੁਰਜੀਤੀ ਦਾ ਹੋਕਾ ਦਿੱਤਾ ਸੀ। ਇਸ ਸਬੰਧੀ ਅਕਾਲੀ ਦਲ (ਟਕਸਾਲੀ) ਦੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੱਸਿਆ ਕਿ ਜਲਦੀ ਇਸ ਸਬੰਧੀ ਮੀਟਿੰਗ ਸੱਦੀ ਜਾ ਰਹੀ ਹੈ, ਜਿਸ ਵਿਚ ਜਥੇਬੰਦੀ ਨਾਲ ਜੁੜੇ ਅਕਾਲੀ ਆਗੂ ਇਕੱਠੇ ਹੋਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਅਗਲੀ ਰਣਨੀਤੀ ਉਲੀਕੀ ਜਾਵੇਗੀ। ਉਨ੍ਹਾਂ ਆਖਿਆ ਕਿ ਸਥਾਪਨਾ ਦਿਵਸ ਮੌਕੇ ਵੱਖ-ਵੱਖ ਅਕਾਲੀ ਆਗੂਆਂ ਦਾ ਇਕ ਮੰਚ ’ਤੇ ਆਉਣਾ ਵੱਡੀ ਪ੍ਰਾਪਤੀ ਹੈ ਅਤੇ ਇਸ ਪ੍ਰਾਪਤੀ ਨੂੰ ਹੋਰ ਅਗਾਂਹ ਤੋਰਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਨਿਰਾਸ਼ ਤੇ ਨਾਰਾਜ਼ ਬੈਠੇ ਆਗੂਆਂ ਨੂੰ ਵੀ ਇਸ ਮੰਚ ’ਤੇ ਆਉਣ ਲਈ ਸੱਦਾ ਦਿੱਤਾ ਜਾਵੇਗਾ। ਇਸ ਸਬੰਧੀ ਹੋਣ ਵਾਲੀ ਮੀਟਿੰਗ ਵਿਚ ਮੁਢਲੇ ਪੜਾਅ ਵਿਚ ਤਾਲਮੇਲ ਕਮੇਟੀ ਕਾਇਮ ਕੀਤੀ ਜਾਵੇਗੀ, ਜੋ ਆਪਸੀ ਇਕਜੁੱਟਤਾ ਲਈ ਉਪਰਾਲੇ ਕਰੇਗੀ। ਇਸ ਤੋਂ ਇਲਾਵਾ ਮੌਜੂਦਾ ਸਿਆਸੀ ਪ੍ਰਸਿਥਤੀਆਂ ’ਤੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ। ਜਥੇਬੰਦੀ ਦੇ ਸੂਤਰਾਂ ਮੁਤਾਬਕ ਜਥੇਬੰਦੀ ਨੇ ਸੁਖਦੇਵ ਸਿੰਘ ਢੀਂਡਸਾ ਸਮੇਤ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨਾਲ ਵੀ ਸੰਪਰਕ ਬਣਾਇਆ ਹੋਇਆ ਹੈ। ਇਸ ਤੋਂ ਪਹਿਲਾਂ ਢੀਂਡਸਾ ਪਰਿਵਾਰ ਵੱਲੋਂ ਜਥੇਬੰਦੀ ਨਾਲ ਜਨਤਕ ਤੌਰ ’ਤੇ ਇਕਜੁੱਟਤਾ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ ਸੀ ਪਰ ਸਥਾਪਨਾ ਦਿਵਸ ਮੌਕੇ ਸੁਖਦੇਵ ਸਿੰਘ ਢੀਂਡਸਾ ਦੀ ਆਮਦ ਨਾਲ ਟਕਸਾਲੀਆਂ ਤੇ ਹੋਰਨਾਂ ਨੂੰ ਉਤਸ਼ਾਹ ਮਿਲਿਆ ਹੈ। ਹਾਲ ਹੀ ਵਿਚ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਵਿਧਾਨ ਸਭਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਆਗੂ ਵਜੋਂ ਦਿੱਤੇ ਅਸਤੀਫ਼ੇ ਅਤੇ ਆਪਣੇ ਪਿਤਾ ਦਾ ਸਾਥ ਦੇਣ ਦੇ ਕੀਤੇ ਐਲਾਨ ਨਾਲ ਵੀ ਇਨ੍ਹਾਂ ਅਕਾਲੀਆਂ ਨੂੰ ਉਤਸ਼ਾਹ ਮਿਲਿਆ ਹੈ।
INDIA ਅਕਾਲੀ ਦਲ ਦੀ ਮੁੜ-ਸੁਰਜੀਤੀ ਲਈ ਨਾਰਾਜ਼ ਆਗੂਆਂ ਨੂੰ ‘ਮਨਾਉਣਗੇ’ ਟਕਸਾਲੀ