ਜ਼ਿਲ੍ਹਾ ਪ੍ਰਸ਼ਾਸਨ ਨੇ ਸ਼੍ਰੋਮਣੀ ਅਕਾਲੀ ਦਲ ਦੀ 16 ਸਤੰਬਰ ਨੂੰ ਇੱਥੋਂ ਦੀ ਮੁੱਖ ਅਨਾਜ ਮੰਡੀ ਵਿੱਚ ਹੋਣ ਵਾਲੀ ਪੋਲ ਖੋਲ੍ਹ ਰੈਲੀ ਲਈ ਲੋੜੀਂਦੀ ਇਜਾਜ਼ਤ ਨਹੀਂ ਦਿੱਤੀ ਹੈ। ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਮਗਰੋਂ ਵਿਵਾਦਾਂ ’ਚ ਘਿਰੇ ਅਕਾਲੀ ਦਲ ਨੇ ਸੂਬੇ ਵਿੱਚ ਕੈਪਟਨ ਸਰਕਾਰ ਖਿਲਾਫ਼ ਪੋਲ ਖੋਲ੍ਹ ਰੈਲੀਆਂ ਕਰਨ ਦਾ ਐਲਾਨ ਕੀਤਾ ਸੀ। ਫ਼ਰੀਦਕੋਟ ਵਾਲੀ ਰੈਲੀ ਪਹਿਲਾਂ ਕੋਟਕਪੂਰਾ ਵਿਖੇ ਹੋਣੀ ਸੀ ਪਰੰਤੂ ਕੁਝ ਕਾਰਨਾਂ ਕਰਕੇ ਅਕਾਲੀ ਦਲ ਨੇ ਇਹ ਰੈਲੀ ਫ਼ਰੀਦਕੋਟ ਤਬਦੀਲ ਕਰ ਦਿੱਤੀ ਸੀ। ਰੈਲੀ ਵਾਲੀ ਥਾਂ ’ਤੇ ਪਿਛਲੇ ਚਾਰ ਦਿਨਾਂ ਤੋਂ ਤਿਆਰੀਆਂ ਲਈ ਟੈਂਟ, ਕੁਰਸੀਆਂ ਆਦਿ ਦਾ ਪ੍ਰਬੰਧ ਕੀਤਾ ਜਾ ਰਿਹਾ ਸੀ। ਅਕਾਲੀ ਦਲ ਨੇ ਰੈਲੀ ਵਾਸਤੇ ਇਜਾਜ਼ਤ ਲੈਣ ਲਈ ਬਕਾਇਦਾ ਤੌਰ ’ਤੇ ਜ਼ਿਲ੍ਹਾ ਮੈਜਿਸਟਰੇਟ ਨੂੰ ਅਰਜ਼ੀ ਦਿੱਤੀ ਹੋਈ ਸੀ ਅਤੇ ਮਾਰਕਿਟ ਕਮੇਟੀ ਤੇ ਮੰਡੀ ਬੋਰਡ ਨੂੰ 12 ਹਜ਼ਾਰ ਰੁਪਏ ਫੀਸ ਵਜੋਂ ਵੀ ਅਦਾ ਕੀਤੇ ਸਨ। ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਨੇ ਰੈਲੀ ਦੀ ਇਜਾਜ਼ਤ ਨਾ ਦੇਣ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਪਰ ਮੰਨਿਆ ਜਾ ਰਿਹਾ ਹੈ ਕਿ ਬੇਅਦਬੀ, ਬਹਿਬਲ ਅਤੇ ਬਰਗਾੜੀ ਕਾਂਡ ਜ਼ਿਲ੍ਹੇ ’ਚ ਵਾਪਰਨ ਕਰਕੇ ਸੁਰੱਖਿਆ ਵਜੋਂ ਅਕਾਲੀ ਦਲ ਨੂੰ ਰੈਲੀ ਦੀ ਇਜਾਜ਼ਤ ਨਹੀਂ ਦਿੱਤੀ ਗਈ। ਦੋ ਦਿਨ ਪਹਿਲਾਂ ‘ਆਪ’ ਆਗੂ ਭਗਵੰਤ ਮਾਨ ਨੇ ਵੀ ਜੈਤੋ ਵਿਧਾਨ ਸਭਾ ਹਲਕੇ ਵਾਲੀ ਰੈਲੀ ਰੱਦ ਕਰ ਦਿੱਤੀ ਸੀ। ਰੈਲੀ ਦੀਆਂ ਤਿਆਰੀਆਂ ਲਈ ਕੁਝ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਫ਼ਰੀਦਕੋਟ ਆਏ ਸਨ ਅਤੇ ਕੁਝ ਪੰਥਕ ਜਥੇਬੰਦੀਆਂ ਨੇ ਉਨ੍ਹਾਂ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਕਰਕੇ ਅਕਾਲੀ ਦਲ ਅਤੇ ਪੰਥਕ ਧਿਰਾਂ ਦਰਮਿਆਨ ਝੜਪ ਹੋਈ ਸੀ ਅਤੇ ਵੱਡਾ ਟਕਰਾਅ ਹੋਣੋਂ ਟਲ ਗਿਆ ਸੀ। ਰੈਲੀ ਪ੍ਰਬੰਧਾਂ ਦੇ ਇੰਚਾਰਜ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਫ਼ਰੀਦਕੋਟ ਰੈਲੀ ਕਿਸੇ ਵੀ ਤਰ੍ਹਾਂ ਅਮਨ-ਕਾਨੂੰਨ ਲਈ ਖ਼ਤਰਾ ਨਹੀਂ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਬੋਹਰ ਰੈਲੀ ਦੀ ਸਫ਼ਲਤਾ ਤੋਂ ਘਬਰਾ ਕੇ ਫ਼ਰੀਦਕੋਟ ਰੈਲੀ ਲਈ ਜਾਣ ਬੁੱਝ ਕੇ ਮਨਜ਼ੂਰੀ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਧਿਰਾਂ ਨੇ ਬਰਗਾੜੀ ਮੋਰਚਾ ਲਾਇਆ ਹੈ, ਉਹ ਪੰਜਾਬ ਦੀ ਅਮਨ ਤੇ ਸ਼ਾਂਤੀ ਲਈ ਖ਼ਤਰਾ ਹਨ ਪਰੰਤੂ ਸਰਕਾਰ ਉਨ੍ਹਾਂ ਨੂੰ ਲੁਕਵਾਂ ਸਹਿਯੋਗ ਦੇ ਰਹੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਓਐੱਸਡੀ ਚਰਨਜੀਤ ਸਿੰਘ ਬਰਾੜ, ਪਰਮਜੀਤ ਸਿੰਘ ਸਿੱਧਵਾਂ, ਮੱਖਣ ਸਿੰਘ, ਨਵਦੀਪ ਸਿੰਘ ਬੱਬੂ ਬਰਾੜ ਅਤੇ ਨਿਰਦੇਵ ਸਿੰਘ ਨੋਨੀ ਮਾਨ ਨੇ ਕਿਹਾ ਕਿ ਪਾਰਟੀ ਸਰਕਾਰ ਦੀ ਧੱਕੇਸ਼ਾਹੀ ਅੱਗੇ ਨਹੀਂ ਝੁਕੇਗੀ।