ਪਹਿਲਾਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਤੇ ਫਿਰ ਆਮ ਆਦਮੀ ਪਾਰਟੀ ਨਾਲ ਗੱਠਜੋੜ ਦੀਆਂ ਗੱਲਾਂ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਅੱਜ ਲੁਧਿਆਣਾ ਵਿੱਚ ਐਲਾਨ ਕੀਤਾ ਕਿ ਉਹ ਲੋਕ ਸਭਾ ਚੋਣਾਂ ਕਿਸੇ ਦੇ ਨਾਲ ਨਹੀਂ ਬਲਕਿ ਇਕੱਲੇ ਲੜੇਗੀ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਸੀਨੀਅਰ ਆਗੂ ਸੇਵਾ ਸਿੰਘ ਸੇਖਵਾਂ ਨੇ ਦਾਅਵਾ ਕੀਤਾ ਕਿ ਉਹ ਨਾ ਤਾਂ ਆਮ ਆਦਮੀ ਪਾਰਟੀ ਨਾਲ ਲੋਕ ਸਭਾ ਚੋਣਾਂ ਲਈ ਗੱਠਜੋੜ ਕਰੇਗੀ ਤਾਂ ਨਾ ਹੀ ਖਹਿਰਾ ਗਰੁੱਪ ਨਾਲ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਸਿਰਫ਼ ਆਪਣੇ ਦਮ ’ਤੇ ਚੋਣ ਲੜੇਗਾ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਉਨ੍ਹਾਂ ਨੇ ਮਹਾਂਗਠਜੋੜ ਬਣਾਉਣ ਲਈ ਬਾਕੀ ਪਾਰਟੀਆਂ ਨਾਲ ਬਹੁਤ ਕੋਸ਼ਿਸ਼ਾਂ ਕੀਤੀਆਂ ਸੀ ਤਾਂ ਕਿ ਸੂਬੇ ਦੇ ਲੋਕਾਂ ਨੂੰ ਇੱਕ ਨਵਾਂ ਦਲ ਦਿੱਤਾ ਜਾ ਸਕੇ। ਆਮ ਆਦਮੀ ਪਾਰਟੀ ਤੇ ਖਹਿਰਾ ਨਾਲ ਗੱਠਜੋੜ ਲਈ ਕਈ ਮੀਟਿੰਗਾਂ ਹੋਈਆਂ, ਪਰ ਸਹਿਮਤੀ ਨਹੀਂ ਬਣੀ। ਰਾਜਸੀ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ ’ਚ ਡੇਰਾ ਵੋਟ ਲੈਣ ਦੇ ਸਵਾਲ ’ਤੇ ਸੇਖਵਾਂ ਨੇ ਸਾਫ਼ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸੇ ਡੇਰੇ ਦਾ ਸਮਰਥਨ ਨਹੀਂ ਲਵੇਗੀ। ਅਕਾਲੀ ਦਲ ਦੀ ਨਜ਼ਰ ਡੇਰਾ ਵੋਟ ’ਤੇ ਹੋ ਸਕਦੀ ਹੈ, ਕਿਉਂਕਿ ਬੇਅਦਬੀ ਤੋਂ ਬਾਅਦ ਪੰਜਾਬ ਦੇ ਲੋਕ ਤਾਂ ਉਨ੍ਹਾਂ ਨੂੰ ਵੋਟ ਦੇਣਗੇ ਨਹੀਂ। ਇਸ ਲਈ ਹੁਣ ਡੇਰੇ ਦੀ ਵੋਟ ’ਤੇ ਉਨ੍ਹਾਂ ਦੀ ਅੱਖ ਹੈ। ਸੱਤਾਧਾਰੀ ਕਾਂਗਰਸ ਖਿਲਾਫ਼ ਬੋਲਦੇ ਹੋਏ ਸੇਖਵਾਂ ਨੇ ਕਿਹਾ ਕਿ ਦੋ ਸਾਲ ’ਚ ਪੰਜਾਬ ’ਚ ਸਿਰਫ਼ ਵਿਨਾਸ਼ ਹੋਇਆ ਹੈ। ਗੁਟਕਾ ਸਾਹਿਬ ਨੂੰ ਹੱਥ ’ਚ ਲੈ ਕੇ ਸਹੁੰ ਖਾਣ ਵਾਲੇ ਕੈਪਟਨ ਕੁਝ ਨਹੀਂ ਕਰ ਸਕੇ। ਜਨਤਾ ਨੂੰ ਝੂਠੇ ਵਾਅਦੇ ਕਰਕੇ ਕੈਪਟਨ ਸੱਤਾ ’ਤੇ ਤਾਂ ਕਾਬਜ਼ ਹੋ ਗਿਆ, ਪਰ ੁਣ ਜਨਤਾ ਜਾਣ ਚੁੱਕੀ ਹੈ ਕਿ ਇਹ ਕੁਝ ਨਹੀਂ ਕਰ ਸਕਦੇ। ਅਕਾਲੀ ਦਲ ਵੱਲੋਂ ਬੀਬੀ ਜਗੀਰ ਕੌਰ ਨੂੰ ਟਿਕਟ ਦੇਣ ਦੇ ਫੈਸਲੇ ’ਤੇ ਸੇਖਵਾਂ ਨੇ ਕਿਹਾ ਕਿ ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਰਹਿ ਚੁੱਕੀ ਹੈ। ਉਨ੍ਹਾਂ ਦੀ ਪਹਿਲੀ ਰੈਲੀ ’ਚ ਜੰਮ ਕੇ ਸ਼ਰਾਬ ਚੱਲੀ। ਇਸ ਦੀ ਸ਼ਿਕਾਇਤ ਉਨ੍ਹਾਂ ਚੋਣ ਕਮਿਸ਼ਨ ਨੂੰ ਵੀ ਕਰ ਦਿੱਤੀ ਹੈ। ਇਸ ਤੋਂ ਸਾਫ਼ ਹੈ ਕਿ ਅਕਾਲੀ ਦਲ ਕਿੰਨਾ ਕੁ ਪੰਥਕ ਹੈ। ਹੁਣ ਅਕਾਲੀ ਦਲ ਪੰਥਕ ਦਲ ਨਹੀਂ ਰਿਹਾ, ਸਿਰਫ਼ ਪੰਥਕ ਹੋਣ ਦਾ ਨਾਂ ਹੀ ਬਚਿਆ ਹੈ। ਇਸ ਮੌਕੇ ’ਤੇ ਰਤਨ ਸਿੰਘ ਅਜਨਾਲਾ, ਬੱਬੀ ਬਾਦਲ, ਕਰਨੈਲ ਪੀਰ ਮਹੁੰਮਦ, ਆਨੰਦਪੁਰ ਸਾਹਿਬ ਦੇ ਉਮੀਦਵਾਰ ਬੀਰ ਦਵਿੰਦਰ ਸਿੰਘ ਆਦਿ ਮੌਜੂਦ ਸਨ।
INDIA ਅਕਾਲੀ ਦਲ ਟਕਸਾਲੀ ਦਾ ‘ਆਪ’ ਤੇ ਖਹਿਰਾ ਨਾਲ ਨਹੀਂ ਹੋਵੇਗਾ ਸਮਝੌਤਾ: ਸੇਖਵਾਂ