ਅਕਾਲੀ ਆਗੂ ਰਾਜੂ ਖੰਨਾ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਖਿਲਾਫ ਮਾਮਲਾ ਦਰਜ

ਫਤਿਹਗੜ ਸਾਹਿਬ – ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸੰਤ ਬਾਬਾ ਦਲਵਾਰਾ ਸਿੰਘ ਜੀ ਰੋਹੀਸਰ ਵਾਲੇ ਅਤੇ ਮੰਡੀ ਗੋਬਿੰਦਗੜ ਦੇ ਰਣਧੀਰ ਸਿੰਘ ਪੱਪੀ ਨੂੰ ਮੋਬਾਇਲ ਫੋਨ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਵਿਅਕਤੀ ਖਿਲਾਫ ਥਾਣਾ ਅਮਲੋਹ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਇਸ ਸੰਬੰਧੀ
ਡੀ. ਐਸ. ਪੀ. ਜਾਂਚ ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਅਮਲੋਹ ਦੇ ਹਲਕਾ ਇੰਚਾਰਜ ਰਾਜੂ ਖੰਨਾ ਅਤੇ ਰਣਧੀਰ ਸਿੰਘ ਵਾਸੀ ਮੰਡੀ ਗੋਬਿੰਦਗੜ ਨੇ ਪੁਲਸ ਕੋਲ ਸ਼ਿਕਾਇਤ ਕੀਤੀ ਸੀ ਕਿ ਬੀਤੀ 10 ਦਸੰਬਰ ਨੂੰ ਉਨ੍ਹਾਂ ਨੂੰ ਇਕ ਅਣਜਾਣ ਵਿਅਕਤੀ ਨੇ ਫੋਨ ਕਰਕੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਰਾਜੂ ਖੰਨਾ ਨੇ ਇਹ ਵੀ ਦੱਸਿਆ ਸੀ ਉਕਤ ਨੰਬਰ ਤੋਂ ਲਗਭਗ 2 ਮਹੀਨੇ ਪਹਿਲਾ ਵੀ ਉਨ੍ਹਾਂ ਨੂੰ ਵੀ ਜਾਨੋ ਮਾਰਨ ਦੀ ਧਮਕੀ ਮਿਲੀ ਸੀ। ਉਸਤੋਂ ਬਾਦ ਵਿਚ ਉਕਤ ਮੋਬਾਇਲ ਨੰਬਰ ਬੰਦ ਆਉਣ ਲੱਗਾ ਸੀ। ਰਣਧੀਰ ਸਿੰਘ ਮੰਡੀ ਗੋਬਿੰਦਗੜ ਨੇ ਦੱਸਿਆ ਸੀ ਉਸਨੂੰ ਅਣਜਾਣ ਫੋਨ ਨੰਬਰ ਤੋਂ ਫੋਨ ਆਇਆ ਅਤੇ ਇਕ ਵਿਅਕਤੀ ਮੰਦਾ ਚੰਗਾ ਬੋਲਣ ਲੱਗਾ ਅਤੇ ਕਹਿਣ ਲੱਗਾ ਕਿ ਤੂੰ ਸਾਡੇ ਬੰਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ ਇਸ ਲਈ ਤੈਨੂੰ ਦੇਖਾਗੇ, ਉਸਨੇ ਇਹ ਵੀ ਕਿਹਾ ਕਿ ਡੀ.ਆਈ. ਜੀ. ਸਾਹਿਬ ਹੁਣ ਤੈਨੂੰ ਫੋਨ ਕਰਨਗੇ, ਇਸਤੋਂ ਬਾਦ ਇਕ ਹੋਰ ਅਣਜਾਣ ਫੋਨ ਨੰਬਰ ਤੋਂ ਫੋਨ ਆਇਆ ਅਤੇ ਇਹ ਫੋਨ ਵਾਲਾ ਵਿਅਕਤੀ ਕਹਿਣ ਲੱਗਾ ਕਿ ਮੈਂ ਡੀ. ਆਈ. ਜੀ. ਮਨਪ੍ਰੀਤ ਚੰਡੀਗੜ ਬੋਲ ਰਿਹਾ ਹਾਂ ਅਤੇ ਉਹ ਵੀ ਇਸੇ ਤਰਾਂ ਮੰਦਾ ਚੰਗਾ ਬੋਲਣ ਲੱਗਾਂ ਅਤੇ ਉਸਨੇ ਫੋਨ ਕੱਟ ਦਿੱਤਾ । ਜਸਵਿੰਦਰ ਸਿੰਘ ਟਿਵਾਣਾ ਡੀ. ਐਸ. ਪੀ. ਜਾਂਚ ਨੇ ਦੱਸਿਆ ਕਿ ਜਾਂਚ ਕਰਨ ਤੇ ਪਤਾ ਲੱਗਾ ਕਿ ਉਕਤ ਮੋਬਾਇਲ ਨੰਬਰ ਗੁਰਮੀਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਕਪੂਰਗੜ ਜਿਲਾ ਫਤਿਹਗੜ ਸਾਹਿਬ ਅਤੇ ਕੁਲਵੰਤ ਕੌਰ (ਅਸਲੀ ਨਾਮ ਨਹੀ) ਵਾਸੀ ਪਿੰਡ ਚਹਿਲ ਦੇ ਨਾਮ ਤੇ ਚੱਲਦਾ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਕੁਲਵੰਤ ਕੌਰ (ਅਸਲੀ ਨਾਮ ਨਹੀ) ਵਾਲਾ ਸਿਮ ਕਾਰਡ ਨੰਬਰ ਗੁਰਮੀਤ ਸਿੰਘ ਨੇ ਲਲਹੇੜੀ ਰੋੜ ਖੰਨਾ ਵਿਖੇ ਇਕ ਮੋਬਾਇਲ ਦੀ ਦੁਕਾਨ ਤੋਂ ਖਰੀਦਿਆ ਸੀ। ਜਦਕਿ ਕੁਲਵੰਤ ਕੌਰ ਨੇ ਬਿਆਨ ਦਿੱਤਾ ਕਿ ਉਸਦਾ ਆਈਡੀ ਪਰੂਫ ਲਗਾਕੇ ਕਿਸੇ ਨੇ ਉਸਦੇ ਨਾਮ ਤੇ ਨੰਬਰ ਲਿਆ ਹੋਣਾ ਹੈ, ਪਰ ਉਸਨੂੰ ਇਸ ਬਾਰੇ ਕੋਈ ਜਾਣਕਾਰੀ ਨਹੀ ਹੈ। ਇਹ ਤਿੰਨੇ ਮੋਬਾਇਲ ਫੋਨ ਗੁਰਮੀਤ ਸਿੰਘ ਕੋਲ ਹੀ ਚੱਲਦੇ ਸਨ। ਇਸ ਲਈ ਗੁਰਮੀਤ ਸਿੰਘ ਖਿਲਾਫ ਆਈ. ਪੀ. ਸੀ. ਦੀ ਧਾਰਾ 419, 420 ਅਤੇ 506 ਦੇ ਤਹਿਤ ਥਾਣਾ ਅਮਲੋਹ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜਸਪਾਲ ਸਿੰਘ ਇੰਚਾਰਜ ਪੁਲਸ ਚੌਕੀ ਬੁੱਗਾ ਕਲਾਂ ਹਵਾਲੇ ਕਰ ਦਿੱਤੀ ਹੈ।

Previous articleਪੰਜਾਬ ਸਕੂਲ ਸਿੱਖਿਆ ਬੋਰਡ ਨੇ ਫਾਈਨਲ ਐਗਜ਼ਾਮ ਸ਼ੁਰੂ ਹੋਣ ਤੋਂ ਦੋ ਮਹੀਨੇ ਪਹਿਲਾਂ 12ਵੀਂ ਕਲਾਸ ਦਾ ਸਿਲੇਬਸ ਬਦਲਿਆ
Next articleਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਲਖਨਊ ‘ਚ ਹੰਗਾਮਾ, ਯੋਗੀ ਨੇ ਕਿਹਾ-ਹੰਗਾਮਾਕਾਰੀਆਂ ਤੋਂ ਕਰਾਂਗੇ ਨੁਕਸਾਨ ਦੀ ਵਸੂਲੀ