ਨਗਰ ਕੌਂਸਲ ਦੀ ਪ੍ਰਧਾਨਗੀ ਲਈ ਸੱਤਾਧਾਰੀ ਪਾਰਟੀ ਅਤੇ ਅਕਾਲੀ ਦਲ ਵਿੱਚ ਛਿੜੀ ਜੰਗ ਨੇ ਕੌਂਸਲ ਦੇ ਮੁਲਾਜ਼ਮਾਂ ਦੀ ਜਾਨ ਕੁੜਿੱਕੀ ਵਿੱਚ ਲਿਆ ਦਿੱਤੀ ਹੈ। ਦੋਵੇਂ ਪਾਰਟੀਆਂ ਨਗਰ ਕੌਂਸਲ ‘ਤੇ ਆਪਣਾ ਗ਼ਲਬਾ ਸਾਬਿਤ ਕਰਨ ਲਈ ਮੁਲਾਜ਼ਮਾਂ ‘ਤੇ ਨਿੱਤ ਦਿਨ ਆਪੋ-ਆਪਣੇ ਹੁਕਮ ਚਾੜ੍ਹ ਰਹੀਆਂ ਹਨ। ਮੁਲਾਜ਼ਮ ਕਿਸਦੀ ਗੱਲ ਮੰਨਣ, ਉਹ ਆਪਣੇ-ਆਪ ਨੂੰ ਕਸੂਤਾ ਫਸਿਆ ਮਹਿਸੂਸ ਕਰ ਰਹੇ ਹਨ। ਹਾਲ ਹੀ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਰਕੇਸ਼ ਕੁਮਾਰ ਗਰਗ ਨੇ ਕੌਂਸਲ ਦੇ ਸ਼ਾਖਾ ਇੰਚਾਰਜਾਂ ਨੂੰ ਆਪਣੀ ਸ਼ਾਖਾ ਸਮੇਤ ਲੋਕਾਂ ਦੇ ਬਕਾਇਆ ਕੰਮ ਪੰਜ ਦਿਨਾਂ ਵਿੱਚ ਨਿਪਟਾ ਕੇ ਲਿਖਤੀ ਰਿਪੋਰਟ ਪੇਸ਼ ਕਰਨ ਦੀ ਹਦਾਇਤ ਜਾਰੀ ਕੀਤੀ ਹੈ। ਉਨ੍ਹਾਂ ਡਿਊਟੀ ਵਿੱਚ ਕੁਤਾਹੀ ਵਰਤਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਕਾਰਵਾਈ ਕਰਨ ਅਤੇ ਕਾਰਜ ਸਾਧਕ ਅਫ਼ਸਰ, ਸਹਾਇਕ ਮਿਉਂਸਿਪਲ ਇੰਜਨੀਅਰ ਅਤੇ ਲੇਖਾਕਾਰ ਵਿਰੁੱਧ ਕਾਰਵਾਈ ਕਰਨ ਲਈ ਸਥਾਨਕ ਸਰਕਾਰਾਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖੇ ਜਾਣ ਦੀ ਚੇਤਾਵਨੀ ਦਿੱਤੀ ਜਦਕਿ ਕੌਂਸਲ ਵਿੱਚ ਜੇਈ ਦੀ ਆਸਾਮੀ ਖਾਲੀ ਹੋਣ ਕਾਰਨ ਸ਼ਹਿਰ ਦੇ ਵਿਕਾਸ ਕੰਮ ਅਤੇ ਨਕਸ਼ੇ ਪਾਸ ਕਰਨ ਸਮੇਤ ਹੋਰ ਸਬੰਧਤ ਕੰਮ ਲਟਕੇ ਹੋਏ ਹਨ। ਈਓ ਨੂੰ ਵੀ ਇਸ ਕੌਂਸਲ ਦਾ ਐਡੀਸ਼ਨਲ ਚਾਰਜ ਮਿਲਿਆ ਹੋਇਆ ਹੈ। ਗੁਪਤ ਸੂਤਰਾਂ ਅਨੁਸਾਰ ਕੌਂਸਲ ਦੇ ਦਫ਼ਤਰ ਵਿੱਚ ਬਣੀ ਖਿੱਚੋਤਾਣ ਤੋਂ ਪ੍ਰੇਸ਼ਾਨ ਕੁਝ ਮੁਲਾਜ਼ਮ ਇਸ ਨਗਰ ਕੌਂਸਲ ਤੋਂ ਕਿਨਾਰਾ ਕਰਨਾ ਚਾਹੁੰਦੇ ਹਨ। ਇੱਕ ਅਧਿਕਾਰੀ ਨੇ ਤਾਂ ਉੱਚ ਅਧਿਕਾਰੀਆਂ ਨੂੰ ਲਿਖਤੀ ਬੇਨਤੀ ਭੇਜ ਕੇ ਤਿੰਨ ਸਾਲ ਪਹਿਲਾਂ ਹੀ ਸੇਵਾਮੁਕਤੀ ਦੀ ਇਜਾਜ਼ਤ ਮੰਗੀ ਹੈ। ਉਸ ਨੇ ਲਿਖਿਆ ਕਿ ਉਸ ਨੂੰ ਜਾਨ-ਮਾਲ ਦਾ ਖ਼ਤਰਾ ਹੈ। ਉਹ ਇਸ ਮਾਨਸਿਕ ਪ੍ਰੇਸ਼ਾਨੀ ਤੋਂ ਬਚਣ ਲਈ ਸਮੇਂ ਤੋਂ ਪਹਿਲਾਂ ਸੇਵਾਮੁਕਤ ਹੋਣਾ ਚਾਹੁੰਦਾ ਹੈ। ਇਸ ਖਾਤਰ ਆਪਣੀ ਇੱਕ ਮਹੀਨੇ ਦੀ ਤਨਖਾਹ ਜਮ੍ਹਾਂ ਕਰਵਾਉਣ ਲਈ ਤਿਆਰ ਹੈ। ਨਗਰ ਕੌਂਸਲ ਵਿਕਾਸ ਦੀ ਥਾਂ ਜੰਗ ਦਾ ਅਖਾੜਾ ਬਣੀ ਹੋਈ ਹੈ। ਲੋਕ ਇਸ ਤਰਾਸਦੀ ਦਾ ਖ਼ਮਿਆਜ਼ਾ ਭੁਗਤ ਰਹੇ ਹਨ।