(ਸਮਾਜ ਵੀਕਲੀ)
ਪੜ੍ਹ ਕੇ ਪੋਥੀ ਦੱਸ ਵੇ ਬਾਬਾ।
ਖੋਲ ਮੱਥੇ ਦੀ ਅੱਖ ਵੇ ਬਾਬਾ
ਪੋਥੀ ਹੀ ਪਰਬਤ ਵੇ।
ਗੂੰਗੇ ਵੀ ਪੜ੍ਹ ਜਾਂਦੇ ਨੇ
ਗੁਰੂਆਂ ਦੀ ਬਰਕਤ ਵੇ।
ਚੰਨ ਤੇ ਬਹਿ ਕੇ ਜਿਹੜੇ
ਖੁਦ ਨੂੰ ਸ਼ਾਹ ਦੱਸਦੇ ਨੇ।
ਚਰਖੇ ਨੂੰ ਪੁੱਠਾ ਕਰਕੇ
ਪੂਣੀਆਂ ਕੱਤਦੇ ਨੇ।
ਪੜ੍ਹ ਕੇ ਪੋਥੀ ਦੱਸ ਵੇ ਬਾਬਾ।
ਬੰਨ ਹਵਾ ਦੀ ਗੱਠ ਵੇ ਬਾਬਾ ।
ਇਹ ਬੰਦੇ ਤਾਂ ਭੋਲੇ ਨੇ
ਗੁਰੂਆਂ ਜੋ ਅੱਖਰ ਬੀਜੇ
ਸਾਹਾਂ ਦੇ ਕੋਲੇ ਨੇ।
ਤਵੀਆਂ ਤੇ ਬਹਿ ਕੇ ਜਿਹੜੇ
ਮਾਣਦੇ ਵਸਲਾਂ ਨੂੰ,
ਮਰਕੇ ਵੀ ਮਰਨ ਨੀ ਦਿੰਦੇ
ਸਾਡੀਆਂ ਨਸਲਾਂ ਨੂੰ ।
ਪੜ੍ਹ ਕੇ ਪੋਥੀ ਦੱਸ ਵੇ ਬਾਬਾ।
ਗੱਲ ਦਾ ਜੋ ਰਹੱਸ ਵੇ ਬਾਬਾ
ਵੱਡਾ ਕੀ ਭਾਣੇ ਤੋਂ
ਰੋਮ ਦਾ ਰਾਜਾ ਹਰ ਗਿਆ
ਮੱਛਰ ਦੇ ਦਾਣੇ ਤੋਂ ।
ਪੈਰਾਂ ਵਿਚ ਪਾਏ ਜੋੜੇ
ਰੁੱਖਾਂ ਦੀ ਖੱਲ ਦੇ ਨੇ।
ਤੈਥੋਂ ਉਹ ਝੱਲ ਨੀ ਹੋਣੀ
ਜਿਹੜੀ ਇਹ ਝੱਲਦੇ ਨੇ।
ਪੜ੍ਹ ਕੇ ਪੋਥੀ ਦੱਸ ਵੇ ਬਾਬਾ।
ਕਰ ਕੇ ਉੱਚਾ ਹੱਥ ਵੇ ਬਾਬਾ।
ਰਿਸ਼ਤੇ ਇਕ ਗੂੜੇ ਨੂੰ
ਜੂੜੇ ਤੋੰ ਹੋਣ ਨਾ ਦਿਉ
ਵੱਖਰਾ ਊੜੇ ਨੂੰ।
ਪਾਣੀ ਦੀ ਪੱਗ ਸਾਂਭ ਲਉ,
ਪਾਣੀ ਹੀ ਬਾਪੂ ਹੈ
ਪਾਣੀ ਹੀ ਤਾਜ ਸਿਰਾਂ ਦਾ
ਪਾਣੀ ਹੀ ਖਾਕੂ ਹੈ।
ਪੜ੍ਹ ਕੇ ਪੋਥੀ ਦੱਸ ਵੇ ਬਾਬਾ।
ਨਾਲ ਨਬੀ ਦੇ ਨੱਥ ਵੇ ਬਾਬਾ,
ਨਿੱਕੇ ਪਿੰਡ ਲੰਘ ਕੇ ਵੇ।
ਸੁੱਚਾ ਸੀ ਸਾਜ਼ ਲਿਆਇਆ,
ਭੈਣ ਤੋਂ ਮੰਗ ਕੇ ਵੇ।
ਸਾਦਾ ਸੀ ਬੰਦਾ ਜਿਹੜਾ
ਭੋਲੀ ਜਿਹੀ ਸੁਰਤ ਸੀ।
ਧਰਤੀ ‘ਤੇ ਬਣ ਕਰ ਆਇਆ
ਡਾਹਢੇ ਦੀ ਮੂਰਤ ਸੀ।
ਸਤਗੁਰ ਸਿੰਘ
98723-77057