(ਸਮਾਜ ਵੀਕਲੀ)
ਹਾਲ ਹੀ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਨਸ਼ਿਆਂ ਬਾਰੇ ਤਿੰਨ ਵਿਸ਼ੇਸ਼ ਜਾਂਚ ਰਿਪੋਰਟਾਂ ਪੰਜਾਬ ਸਰਕਾਰ ਦੇ ਹਵਾਲੇ ਕੀਤੀਆਂ ਹਨ। ਭਗਵੰਤ ਸਿੰਘ ਮਾਨ ਜੀ ਨੇ ਲੋਕਾਂ ਨੂੰ ਵਿਸ਼ਵਾਸ਼ ਵੀ ਦਿਵਾਇਆ ਹੈ ਕਿ ਦੋਸ਼ੀਆਂ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਹਰ ਰੋਜ਼ ਸਰਹੱਦ ਦੇ ਨੇੜੋ ਪਤਾ ਨਹੀਂ ਕਿੰਨੇ ਹੀ ਕਰੋੜਾਂ ਦੀ ਹੈਰੋਇਨ ਫੜੀ ਜਾਂਦੀ ਹੈ। ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਡਰੋਨਾਂ ਰਾਹੀਂ ਨਸ਼ਾ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਰ ਰੋਜ਼ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਸੀ ਆਈ ਏ ਸਟਾਫ਼ ਵੀ ਨਸ਼ਾ ਸਮੱਗਲਰਾਂ ਨੂੰ ਕਾਬੂ ਕਰ ਰਿਹਾ ਹੈ ।ਸੂਬੇ ਦੇ ਹਰ ਰੋਜ਼ ਦੋ ਜਾਂ ਚਾਰ ਹਲਕੀ ਉਮਰ ਦੇ ਨੌਜਵਾਨ ਨਸ਼ਿਆਂ ਦੀ ਵੱਧ ਮਿਕਦਾਰ ਦਾ ਸੇਵਨ ਕਰਕੇ ਮਰ ਰਹੇ ਹਨ। ਅੰਮ੍ਰਿਤਸਰ ਦੇ ਨਾਬਾਲਗ ਬੱਚੇ ਕੋਲੋਂ 15 ਕਿਲੋ ਹੈਰੋਇਨ ਫੜਨ ਦੀ ਖਬਰ ਪੜ੍ਹੀ ਸੀ। ਹੈਰਾਨੀ ਦੀ ਗੱਲ ਹੈ ਕਿ ਬੱਚੇ ਦਾ ਪਿਓ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹੈ ।
ਹੁਣ ਤੱਕ ਪੰਜਾਬ ਪੁਲਿਸ ਨੇ 10 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਫੜੇ ਹਨ। ਓਵਰਡੋਜ਼ ਕਾਰਨ ਨਸ਼ਿਆਂ ਨਾਲ ਮੌਤਾਂ ਹੋ ਰਹੀਆਂ ਹਨ।ਹੁਣ ਤਾਂ ਕੁੜੀਆਂ ਵੀ ਚਿੱਟੇ ਦੀ ਆਦੀ ਹੋ ਚੁੱਕੀਆਂ ਹਨ। ਜੇ ਨੌਜਵਾਨਾਂ ਨੂੰ ਨਸ਼ੇ ਲਈ ਪੈਸੇ ਨਹੀਂ ਮਿਲਦੇ, ਤਾਂ ਮਾਂ ਬਾਪ ਦੀ ਕਟਾਈ ਵੀ ਕਰ ਰਹੇ ਹਨ। ਕੁੱਝ ਕੁ ਦਿਨ ਪਹਿਲਾਂ ਇੱਕ ਰੋਂਦੀ ਹੋਈ ਵਿਧਵਾ ਮਾਂ ਦੱਸ ਰਹੀ ਹੈ ਕਿ ਉਹ ਹਰ ਰੋਜ਼ ਆਪਣੇ ਮੁੰਡੇ ਨੂੰ ਤੜਫਦੇ ਹੋਇਆਂ ਨਾ ਦੇਖਣ ਲਈ 400 ਰੁਪਏ ਦੇ ਨਸ਼ੇ ਦਾ ਹਿੱਲਾ ਕਰਦੀ ਹੈ। ਪਿਉ ਵੀ ਪਹਿਲਾ ਨਸ਼ਿਆਂ ਕਾਰਨ ਮਰ ਚੁੱਕਾ ਹੈ। ਮੋਗਾ ਜ਼ਿਲ੍ਹੇ ਦੇ ਕਿਸੇ ਪਿੰਡ ਵਿੱਚ ਇੱਕ ਨਸ਼ੇੜੀ ਨੌਜਵਾਨ ਨੇ ਆਪਣੇ ਸਾਰੇ ਘਰ ਦਾ ਸਮਾਨ ਤੱਕ ਵੇਚ ਦਿੱਤਾ। ਦਰਵਾਜ਼ਿਆਂ ਦੀਆਂ ਚੁਗਾਠਾਂ ਤੱਕ ਨਹੀਂ ਛੱਡੀਆਂ। ਨਸ਼ੇ ਦੀ ਪ੍ਰਾਪਤੀ ਲਈ ਮਾਂ-ਬਾਪ ਤੱਕ ਦਾ ਕਤਲ ਕਰਨ ਦੀਆਂ ਖ਼ਬਰਾਂ ਆਮ ਸੁਣਦੇ ਹਨ।
ਪਿੱਛੇ ਜਿਹੇ ਖ਼ਬਰ ਵੀ ਪੜ੍ਹਨ ਨੂੰ ਮਿਲੀ ਸੀ ਕਿ ਇੱਕ ਨੌਜਵਾਨ ਨੇ ਆਪਣੀ ਮਾਂ ਦਾ ਹੀ ਕਤਲ ਕਰ ਦਿੱਤਾ। ਇਨਸਾਨੀਅਤ ਸ਼ਰਮਸਾਰ ਹੋ ਚੁੱਕੀ ਹੈ। ਰਿਸ਼ਤਿਆਂ ਦਾ ਘਾਣ ਹੋ ਚੁੱਕਿਆ ਹੈ। ਨਸ਼ਿਆਂ ਕਾਰਨ ਹੋ ਰਹੀ ਮੌਤਾਂ ਕਾਰਨ ਮਾਂ-ਬਾਪ ਬਹੁਤ ਚਿੰਤਿਤ ਹਨ। ਬਾਰ੍ਹਵੀਂ ਤੋਂ ਬਾਅਦ ਸਿੱਧਾ ਮਾਂ-ਬਾਪ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ। ਚਾਹੇ ਜਿਵੇਂ ਮਰਜ਼ੀ ਕਰਨ ਕਰਜ਼ਾ ਚੁੱਕਣਾ ਪਵੇ, ਘਰ ਗਹਿਣੇ ਰੱਖਣਾ ਪਵੇ, ਆੜ੍ਹਤੀ ਕੋਲ ਜ਼ਮੀਨ ਗਹਿਣੇ ਰੱਖ ਕੇ ਪੈਸਿਆਂ ਦਾ ਹੀਲਾ-ਵਸੀਲਾ ਕਰ ਰਹੇ ਹਨ। ਹੁਣ ਤਾਂ ਵੱਡੇ ਵੱਡੇ ਬਿਜਨਸਮੈਨ, ਜਿਹੜੇ ਸਮਾਜ ਵਿੱਚ ਚੰਗਾ ਰਸੂਖ਼ ਕਹਾਉਣ ਵਾਲੇ ਸਨ ,ਉਹ ਵੀ ਜ਼ਮੀਨਾਂ , ਕੋਠੀਆਂ ਵੇਚ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ।
ਚੰਗੀ ਆਮਦਨ ਹੋਣ ਦੇ ਬਾਵਜੂਦ ਮਾਂ-ਬਾਪ ਨੂੰ ਆਪਣੇ ਬੱਚਿਆਂ ਦਾ ਭਵਿੱਖ ਪੰਜਾਬ ਅੰਦਰ ਧੁੰਦਲਾ ਨਜ਼ਰ ਆ ਰਿਹਾ ਹੈ। ਸਰਹੱਦੀ ਮੁਲਕਾਂ ਦੇ ਆਲਾ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਬਣਾ ਕੇ ਨਸ਼ਿਆਂ ਦੀ ਸਮੱਗਲਿੰਗ ਨੂੰ ਰੋਕਿਆ ਜਾ ਸਕਦਾ ਹੈ। ਪੁਲਿਸ ਪ੍ਰਸ਼ਾਸਨ ਨੂੰ ਸੂਬਾ ਸਰਕਾਰ ਨਾਲ ਮਿਲ ਕੇ ਨਸ਼ਿਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਤਾਂ ਜੋ ਨੌਜਵਾਨੀ ਨੂੰ ਬਚਾਇਆ ਜਾ ਸਕੇ।
ਸੰਜੀਵ ਸਿੰਘ ਸੈਣੀ
ਮੋਹਾਲੀ 7888966168
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly