(ਸਮਾਜ ਵੀਕਲੀ)- ” ਐੰ ਕਿਮੇੰ ਵੜ ਜੂ ਕਨੇਡਾ ਸਾਡੀ ਕਹਾਣੀ ‘ਚ!”
” ਵੜ ਜੂ..ਸਾਡੀਆਂ ਕਹਾਣੀਆਂ ‘ਚ ਵੀ ਵੜ ਜੂ..ਸਾਡੇ
ਤੇ ਹੁਣ ਇਹ ਮੰਨ ਲੈਣਾ ਚਾਹੀਦਾ ਕਿ ਇਹ ਭਾਣਾ ਵਾਪਰ ਚੁਕਾ..ਇਹ ਨਹੀਂ ਕਿ ਸਾਨੂੰ ਪਤਾ ਨਹੀਂ ਸੀ..ਤੇ ਇਹ ਵੀ ਨਹੀਂ ਕਿ ਸਾਨੂੰ ਕਨੇਡਾ ਦਾ ਸਾਡੀ ਜ਼ਿੰਦਗੀ ‘ਚ ਇਸ ਕਦਰ ਦਖ਼ਲ ਬੁਰਾ ਲੱਗ ਰਿਹੈ..ਇਹ ਵੀ ਨਹੀਂ ਕਿ ਅਸੀਂ ਏਥੋਂ ਕਿਤੇ ਹੋਰ ਜਾਂ ਵਾਪਸ ਚਲੇ ਜਾਵਾਂਗੇ..ਤੇ ਇਹ ਵੀ ਨਹੀਂ ਕਿ ਅਸੀਂ ਪਿੰਡ ਵਿਸਾਰ ਚੁਕੇ ਆਂ..ਪਰ ਕਹਾਣੀ ‘ਚ ਮੋੜ ਆ ਚੁਕਾ!
ਫਿਜ਼ਾ ‘ਚ ਤਣਾਅ ਮੌਜੂਦ ਐ..ਕਿਤੇ ਸੂਖਮ ਕਿਤੇ ਸਥੂਲ..ਕਿਤੇ ਲੁਕਵਾਂ ਕਿਤੇ ਸਪਸ਼ਟ..ਟੱਕਰ ਦੀਂਹਦੀ ਐ..ਬਾਹਰ ਵੀ..ਅੰਦਰ ਵੀ!..ਨਾਟਕ ਦੀਆਂ ਇਹ ਪ੍ਰਮੁੱਖ ਤਾਕਤਾਂ ਨੇ..ਤਣਾਅ ਤੇ ਟੱਕਰ..ਪਰ ਜੋ ਨਾਟਕ ਸ਼ਕਲ ਅਖ਼ਤਿਆਰ ਕਰ ਰਿਹੈ, ਇਹਦੇ ‘ਚ ਤਣਾਅ ਤੇ ਟੱਕਰ ਸਹਿਜ ਨੇ..ਨਾ ਕੋਈ ਨਾਹਰਾ..ਨਾ ਖਿਲਾਰਾ!..ਕਹਾਣੀ ਕਹਾਂਗੇ..ਕਿਸੇ ਦੇ ਗਿੱਟੇ ਲੱਗੇ ਕਿਸੇ ਦੇ ਗੋਡੇ..ਕਿਸੇ ਦੇ ਸ਼ੈਦ ਸਿੱਧੀ ਸਿਰ ‘ਚ ਈ ਵੱਜੇ..ਪਰ ਕਹਾਣੀ ਕਹਾਂਗੇ..ਤੇਰੀ ਕਹਾਣੀ ਮੇਰੀ ਕਹਾਣੀ !
2 ਅਗਸਤ ਨੂੰ ਵਰਕਸ਼ਾਪ ਅਰੰਭੀ ਸੀ..ਲਗਭਗ 14 ਜਣੇ ਗੱਲੀਂ ਪੈ ਗਏ..ਸੁਣਨ ਤੇ ਕਹਿਣ ਲੱਗ ਗਏ..ਦਿਲ ਫਰੋਲੇ ਗਏ..ਕੁੱਝ ਜਿੰਦਰੇ ਖੁੱਲ੍ਹਣ ‘ਚ ਵਕਤ ਲੱਗਾ..ਚਾਬੀ ਡੋਲਦੀ ਨਹੀਂ ..ਸਵੈ ਭਰੋਸੇ ਨਾਲ ਫਰਜ਼ ਨਿਭਾਉਂਦੀ ਰਹੀ..ਤੇ ਫੇਰ ਇਕ ਇਕ ਕਰ ਕੇ ਜਿੰਦਰੇ ਖੁੱਲ੍ਹਣ ਲੱਗੇ..ਅੰਦਰ ਵੱਡੀਆਂ ਵੱਡੀਆਂ ਪੰਡਾਂ ਪਈਆਂ ਸਨ..ਕਹਾਣੀਆਂ ਨਾਲ ਭਰੀਆਂ ਹੋਈਆਂ..ਮਿਲ ਕੇ ਖੋਲ੍ਹ ਲਈਆਂ..ਕਹਾਣੀਆਂ ਆਪਸ ‘ਚ ਟਕਰਾਉਣ ਲੱਗੀਆਂ ..ਪਾਤਰ ਮੋਢੇ ਨਾਲ ਮੋਢਾ ਮਾਰਦੇ..ਮੇਰਾ ਮਨ ਮੁਸਕਰਾਇਆ..ਤੇ ਨਾਟਕ ਉਸਰਨ ਲੱਗਾ..5 ਅਗਸਤ ਤਕ ਇਹ ਪਿਆਰਾ ਅਭਿਆਸ ਚਲਿਆ ..ਵਿਚ ਵਿਚ ਚਿਹਰੇ ਪੜ੍ਹਦਾ ਰਿਹੈ..ਤਾਂ ਕਿ ਪਤਾ ਲਗੇ ਕਿ ਇਹ ਐਂ ਤਾਂ ਨਹੀਂ ਸੋਚਦੇ ਬਈ ਇਹ ਬੰਦਾ ਗੱਲਾਂ ਮਾਰਨ ਈ ਆਇਆ ..ਪਰ ਹਰ ਚਿਹਰਾ ਖਿੜਿਆ ਹੋਇਆ ਦਿਸਿਆ..ਤੇ ਫੇਰ ਅੱਜ ਨਾਟਕ ਲੀਹੇ ਪੈ ਗਿਆ ..ਨਾਮ ਰੱਖਿਆ ..”ਤੇਰੀ ਕਹਾਣੀ ਮੇਰੀ ਕਹਾਣੀ “!
ਮਾਸਟਰ ਭਜਨ ਗਿੱਲ ਦੀ ਧੀ ਕਮਲ ਪੰਧੇਰ ਅਦਾਕਾਰੀ ਵੀ ਕਰ ਰਹੀ ਤੇ ਪ੍ਰਬੰਧ ਵੀ..ਪ੍ਰਸਿੱਧ ਵਿਦਵਾਨ ਡਾ ਪਰਮਿੰਦਰ ਸਿੰਘ ਦੀ ਭਤੀਜੀ ਨਵਕਿਰਨ ਨੱਠ ਭੱਜ ਵੀ ਕਰ ਰਹੀ ਤੇ ਅਦਾਕਾਰੀ ਵੀ..ਸੰਦੀਪ ਤੇ ਹਰਪ੍ਰੀਤ ਕੌਰ,ਦੋ ਸਕੀਆਂ ਭੈਣਾਂ ਹਿੱਸਾ ਲੈ ਰਹੀਆਂ ..ਨਾਲ ਜੱਸ ਭੈਣ ਜੀ..ਪਰਮਜੀਤ ਭੈਣ ਜੀ..ਨਿਕੀਆਂ ਕੁੜੀਆਂ ਸੁਖਮਨੀ ਤੇ ਮੰਨਤ..ਬਨਦੀਪ ਕੌਰ ..ਊਰਜਾ ਦਾ ਸਮੁੰਦਰ ਕਮਲ ਸਿੱਧੂ ..ਨੌਜਵਾਨ ਸੰਨੀ ਤੇ ਜਸਕਰਨ..ਅੱਖਰਾਂ ਨਾਲ ਖੇਡਦਾ ਮਨਪ੍ਰੀਤ ..ਸਾਰਿਆਂ ਦਾ ਚਾਅ ਤੇ ਉਮਾਹ ਅੰਬਰੀਂ ਉਡਦਾ…ਮਜ਼ੇਦਾਰ ਨਾਟਕ!
20 ਅਗਸਤ ਨੂੰ ਦੁਪਹਿਰ 2 ਵਜੇ ਕੈਲਗਰੀ ਪਬਲਿਕ ਲਾਇਬ੍ਰੇਰੀ ਥੀਏਟਰ ਡਾਊਨਟਾਊਨ ਵਿਖੇ ਜਦੋਂ ‘ਸੰਮਾਂ ਵਾਲੀ ਡਾਂਗ ‘ ਦੀ ਪੇਸ਼ਕਾਰੀ ਹੋਏਗੀ ਤਾਂ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਟੀਮ ਵਲੋਂ ਇਹ ਨਾਟਕ ਵੀ ਪੇਸ਼ ਹੋਏਗਾ..ਤੇਰੀ ਕਹਾਣੀ ਮੇਰੀ ਕਹਾਣੀ !..ਨੋਟ ਕਰ ਲਓ..ਮਿਲਦੇ ਹਾਂ !
ਕਹਾਣੀਆਂ ਨੂੰ ਤਰਤੀਬ ਦਿੰਦਾ
ਸਾਹਿਬ ਸਿੰਘ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly