(ਸਮਾਜ ਵੀਕਲੀ)
ਮੁੱਦਤਾਂ ਬਾਦ ਅੱਜ
ਤੈਨੂੰ ਤੱਕਿਆ
ਤੇਰੇ ਚਿਹਰੇ ਤੇ ਦਿਖੀ
ਇਕ ਵੀਰਾਨਗੀ ਜਿਹੀ
ਕਿੰਨਾ ਕੁਝ ਪੜ੍ਹ ਲਿਆ
ਤੇਰੇ ਚਿਹਰੇ ਤੋਂ
ਦਰਦ , ਹੌਕੇ , ਹਾਵੇ
ਜਿਵੇਂ ਸਦੀਆਂ ਤੋਂ ਤੇਰੀ ਉਦਾਸੀ
ਤੇ ਇਹਨਾਂ ਦੀ ਪਰਤ
ਜੰਮ ਗਈ ਹੋਵੇ
ਮੁਰਝਾਇਆ , ਉਦਾਸਿਆ ਚਿਹਰਾ
ਤੇਰਾ ਹਾਸਾ , ਖੇੜਾ , ਮੁਸਕਾਨ
ਪਤਾ ਨਹੀਂ ਕਿੱਥੇ ਗਾਇਬ ਹੋ ਗਈ
ਕਹਿੰਦੇ ਹਨ ਦਿਲ ਦੀਆਂ ਵੀ
ਅੱਖਾਂ ਹੁੰਦੀਆਂ ਹਨ
ਜਿਹਨਾਂ ਨਾਲ ਅਸੀਂ
ਇੱਕ ਦੂਸਰੇ ਦੇ
ਆਰ ਪਾਰ ਦੇਖ ਸਕਦੇ ਹਾਂ
ਤੇ ਉਹਨਾਂ ਨਜ਼ਰਾਂ ਨਾਲ ਸਾਰਾ
ਪੜ੍ਹ ਲਿਆ ਅੱਜ ਮੈਂ ਤੈਨੂੰ
ਰੂਹਾਂ ਦੇ ਰਿਸ਼ਤੇ
ਇਹੀ ਤੇ ਹੁੰਦੇ ਹਨ
ਦਰਦ ਇੱਕ ਨੂੰ ਹੋਵੇ ਤੇ
ਤਕਲੀਫ਼ ਦੂਸਰੇ ਨੂੰ
ਮਹਿਸੂਸ ਹੋਏ
ਤੈਨੂੰ ਇਸ ਹਾਲ ਵਿੱਚ ਦੇਖ
ਤੜਪ ਉੱਠੀ ਮੈਂ ਦਰਦ ਨਾਲ
ਆਪਣਾ ਦਰਦ ਭੁਲਾ
ਤੇਰੇ ਦਰਦ ਵਿੱਚ
ਖੋ ਗਈ ਮੈਂ
ਜੀ ਕੀਤਾ ਹੁਣੇ ਤੈਨੂੰ ਮਿਲ
ਕਲਾਵੇ ਵਿੱਚ ਭਰ
ਗਲੇ ਲਗਾ ਲਵਾਂ
ਤੇ ਕਹਾਂ ਝੱਲੀਏ
ਹੁਣ ਤੂੰ ਕਦੀ ਉਦਾਸ
ਨਾ ਹੋਵੀਂ
ਮੈਂ ਹੂੰ ਨਾ
ਤੇਰੀ ਉਦਾਸੀ ਮੈਂ ਦੇਖ
ਨਹੀਂ ਸਕਦੀ
ਤੈਨੂੰ ਉਦਾਸ ਦੇਖ
ਕਿੰਨਾ ਕੁਝ ਟੁੱਟ ਭੱਜ
ਜਾਂਦਾ ਹੈ ਮੇਰੇ ਅੰਦਰ
ਤੇਰੀ ਉਦਾਸੀ ਫਿਰ
ਘੇਰਾ ਘੱਤ ਲੈਂਦੀ ਹੈ
ਮੇਰੇ ਆਲੇ ਦੁਆਲੇ ਤੇ
ਮੈਂ ਤੇਰੀ ਉਦਾਸੀ ਨੂੰ
ਆਪਣੇ ਗਲੇ ਲਗਾ ਲੈਂਦੀ ਹਾਂ
ਉਹਨਾਂ ਨਾਲ ਗੱਲਾਂ ਕਰ
ਤੇਰਾ ਹਾਲ ਚਾਲ ਪੁੱਛਦੀ
ਰਹਿੰਦੀ ਹਾਂ ਤੇ ਕਹਿੰਦੀ ਹਾਂ
ਹੁਣ ਤੂੰ ਕਦੀ ਉਦਾਸ ਨਾ ਹੋਵੀਂ ।
ਗੁਰਬਾਣੀ ਵਿੱਚ ਸ਼ਬਦ ਹੈ
ਉਸਨੂੰ ਹਮੇਸ਼ਾਂ ਯਾਦ ਰੱਖਣਾ ।
“ ਕਾਹੇ ਮਨ ਤੂ ਡੋਲਤਾ ਹਰਿ ਮਨਸਾ ਪੂਰਣਹਾਰੁ ।”
( ਰਮਿੰਦਰ ਰੰਮੀ )