(ਸਮਾਜ ਵੀਕਲੀ) ਸਮੇਂ ਦੇ ਹਲਾਤਾਂ ਨੂੰ ਦੇਖਦੇ ਹੋਏ,ਉਸ ਦੇ ਮਨ ਚ ਇਹ ਵਹਿਮ ਇਸ ਤਰ੍ਹਾਂ ਘਰ ਕਰ ਗਿਆ ਸੀ ਕਿ ਉਹ ਕਿਤਨੇ ਨੰਬਰ ਲੈ ਕੇ ਵੀ ਪਾਸ ਕਿਉਂ ਨਾ ਹੋ ਜਾਵੇ, ਕੋਈ ਨੌਕਰੀ ਉਸਨੂੰ ਨਹੀਂ ਮਿਲਣੀ। ਇਸ ਲਈ ਬੀ ਏ ਭਾਗ ਤਿੰਨ (ਬੀ ਏ ਆਖਰੀ ਸਾਲ) ਚ ਦਾਖਲ ਹੁੰਦਿਆਂ ਹੀ ਉਸ ਨੇ ਆਪਣਾਂ ਪਾਸਪੋਰਟ ਬਣਾ ਲਿਆ ਸੀ। ਤੇ ਰਿਜਲਟ ਆਉਣ ਤੋਂ ਪਹਿਲਾਂ ਹੀ ਉਹ ਦੁਬੱਈ ਚਲਾ ਗਿਆ ਸੀ। ਛੁੱਟੀਆਂ ਚ ਉਸ ਨੇ ਬਾਰ ਬੈਂਡਰ (ਛੱਤ ਦਾ ਸਰੀਆ ਬੰਨਣਾ) ਦੇ ਕੰਮ ਚ ਹੱਥ ਸਿੱਧੇ ਕਰ ਲਏ ਸਨ। ਉੱਥੇ ਜਾ ਕੇ ਥੋੜੇ ਹੀ ਦਿਨਾਂ ਵਿੱਚ ਅਵਤਾਰ ਸਿੰਘ ਆਪਣੇ ਕੰਮ ਚ ਪੂਰੀ ਤਰ੍ਹਾਂ ਪਰਪੱਕ ਹੋ ਗਿਆ ਸੀ। ਇੰਗਲੈਂਡ ਦੀ ਕੰਪਨੀ ਸੀ, ਕੰਪਨੀ ਦੇ,10-12 ਕੰਮ ਚੱਲ ਰਹੇ ਸਨ। ਵਧੀਆ ਕਮਾਈ ਹੋ ਰਹੀ ਸੀ। ਪਤਾ ਨਹੀਂ ਕਿਉਂ,ਉਸ ਦੀ ਕੰਪਨੀ ਨੂੰ ਅੱਗੇ ਹੋਰ ਨਵਾਂ ਕੰਮ ਨਾ ਮਿਲਿਆ। ਹੋਰ ਕਈ ਦੋਸਤਾਂ ਨਾਲ ਉਹ ਖੱਲੀ-ਬੱਲੀ ਹੋ ਗਿਆ। (ਆਪਣੀ ਨੰਪਨੀ ਛੱਡ ਚੋਰੀ ਕੰਮ ਕਰਨਾ) ਕਮਾਈ ਤਾਂ ਸੀ ਪਰ ਪਹਿਲਾਂ ਵਾਲੀ ਬੱਚਤ ਨਾਂ ਰਹੀ। ਇਸੇ ਤਰ੍ਹਾਂ ਨੱਠ ਭੱਜ ਕੇ ਅਵਤਾਰ ਸਿੰਘ ਪੰਜ ਸਾਲ ਤੱਕ ਹੱਡ ਭਨਾਉਂਦਾ ਰਿਹਾ, ਪਰ ਬਣਿਆ ਕੁਝ ਨਾਂ। ਆਖਿਰ ਇੱਕ ਦਿਨ ਉਹ ਫੜਿਆ ਗਿਆ ਤੇ 21 ਦਿਨ ਦੀ ਜੇਲ੍ਹ ਕੱਟ ਕੇ ਲੱਗਪਗ ਖਾਲੀ ਹੱਥ ਵਾਪਸ ਆ ਗਿਆ। ਪਿੰਡ ਆ ਕੇ ਖੇਤੀ ਕੀਤੀ, ਪਰ ਪਹਿਲੇ ਸਾਲ ਹੀ ਹੜਾਂ ਨੇ ਸੱਭ ਕੁਝ ਬਰਬਾਦ ਕਰ ਦਿੱਤਾ। ਫਿਰ ਕਿਸੇ ਤਰ੍ਹਾਂ, ਰਿਸ਼ਤੇਦਾਰਾਂ ਤੇ ਯਾਰਾਂ ਦੋਸਤਾਂ ਤੋ ਪੈਸੇ ਫੜ ਕੇ ਉਹ ਵਰਕ ਪਰਮਿਟ ਤੇ ਸਿੰਘਾਪੁਰ ਚਲਾ ਗਿਆ। ਇੱਥੇ,ਕੰਸਟਰਕਸ਼ਨ ਖੇਤਰ ਚ ਲੰਬੇ ਤਜੁਰਬੇ ਦੇ ਨਾਲ ਨਾਲ ਬੀ ਏ ਦੀ ਪੜਾਈ ਨੇ ਉਸ ਦਾ ਸਾਥ ਦਿੱਤਾ। ਸਾਲ ਡੇਡ ਸਾਲ ਉਸਨੇ ਡਟ ਕੇ ਕੰਮ ਕੀਤਾ। ਸਾਰੇ ਸਟਾਫ਼ ਤੇ ਪਰੋਜੈੱਕਟ ਮੈਨੇਜਰ ਦਾ ਉਹ ਚਹੇਤਾ ਬਣ ਗਿਆ ਸੀ, ਤੇ ਅਗਲੇ ਪਰੋਜੈੱਕਟ ਤੇ ਉਸਨੂੰ ਆਫਿਸ ਬੁਆਏ ਬਣਾਂ ਦਿੱਤਾ ਗਿਆ ਸੀ। ਤਨਖਾਹ ਵਧਾਉਣ ਦੇ ਨਾਲ ਨਾਲ ਹਰ ਰੋਜ਼ ਪੰਜ ਘੰਟੇ ਉਵਰ ਟਾਇਮ ਪੱਕਾ ਕਰ ਦਿੱਤਾ ਗਿਆ ਸੀ,ਤੇ ਹੋਰ ਸਟਾਫ਼ ਦੀ ਤਰ੍ਹਾਂ ਨਾਸ਼ਤਾ, ਲੰਚ ਤੇ ਦੋ ਸਮੇਂ ਚਾਹ ਕੰਪਨੀ ਵਲੋਂ ਫਰੀ ਕਰ ਮਿਲਣ ਲੱਗ ਪਈ ਸੀ । ਘਰ ਚ ਲਹਿਰਾਂ ਬਹਿਰਾਂ ਹੋ ਗਈਆਂ ਸਨ। ਪਿਛਲੇ ਸਾਰੇ ਦਰਦ ਉਹ ਭੁੱਲ ਗਿਆ ਸੀ। ਅਵਤਾਰ ਸਿੰਘ ਦਾ ਚਾਚਾ ਅਕਸਰ ਉਸਨੂੰ ਕਿਹਾ ਕਰਦਾ ਹੁੰਦਾ ਸੀ ਕਿ ਤੂੰ ਕਿਤੇ ਵੀ ਚਲਾ ਜਾ, ਤੇਰੀ ਕਿਸਮਤ ਨੇ ਤੇਰੇ ਨਾਲ ਹੀ ਜਾਣਾਂ ਹੈ। ਉਸਨੂੰ ਕਿਸੇ ਪਾਸਪੋਰਟ, ਵੀਜ਼ਾ ਜਾਂ ਟਿਕਟ ਦੀ ਜਰੂਰਤ ਨਹੀਂ ਪੈਂਦੀ। ਜਿਸ ਦਿਨ ਉਸ ਦੀ ਨਜ਼ਰ ਸਵੱਲੀ ਹੋਈ ਉਸਨੇ ਇਹ ਨਹੀਂ ਦੇਖਣਾ ਕਿ ਤੂੰ ਇੱਥੇ ਆਂ ਕਿ ਬਾਹਰ। ਚਾਚੇ ਦੀ ਇਸ ਗੱਲ ਸੁਣ ਕੇ ਉਹ ਹੱਸ ਛੱਡਦਾ ਸੀ। ਅੱਜ ਜਦੋਂ ਕਦੇ ਅਵਤਾਰ ਸਿੰਘ ਨੂੰ ਆਪਣੇ ਚਾਚੇ ਦੀ ਕਹੀ ਇਹ ਗੱਲ ਯਾਦ ਆਉਂਦੀ ਹੈ ਤਾਂ ਉਹ ਆਪ ਮੁਹਾਰੇ ਹੀ ਕਹਿ ਉਠਦਾ ਹੈ ਕਿ ਤੇਰੇ ਰੰਗ ਨਿਆਰੇ ਮਾਲਕਾ, ਤੇਰੇ ਦੇ ਰੰਗ ਨਿਆਰੇ।
ਗੁਰਦੀਪ ਸਿੰਘ ਮੁਕੱਦਮ ਪਿੰਡ ਲਧਾਣਾ ਝਿੱਕਾ
9878160133



