ਪਟਿਆਲਾ (ਸਮਾਜ ਵੀਕਲੀ): ਸ਼ਹਿਰ ’ਚ ਬੀਤੇ ਅੱਠ ਘੰਟਿਆਂ ਦੌਰਾਨ ਦੋ ਵੱਖ-ਵੱਖ ਘਟਨਾਵਾਂ ਵਿੱਚ ਦੋ ਨੌਜਵਾਨਾਂ ਦਾ ਕਤਲ ਹੋ ਗਿਆ ਹੈ। ਇਨ੍ਹਾਂ ਵਿਚੋਂ ਇੱਕ ਘਟਨਾ ਮੰਗਲਵਾਰ ਰਾਤ ਸਾਢੇ 10 ਕੁ ਵਜੇ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਸਥਿਤ ਮਾਰਕਿਟ ’ਚ ਵਾਪਰੀ। ਇਸ ਘਟਨਾ ’ਚ ਨੇੜਲੇ ਪਿੰਡ ਦੌਣਕਲਾਂ ਦੇ ਵਸਨੀਕ ਧਰਮਿੰਦਰ ਸਿੰਘ ਭਿੰਦਾ (35) ਪੁੱੱਤਰ ਧਨੰਤਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਆਪਣੇ ਪਿੰਡ ਦੇ ਯੂਥ ਕਲੱਬ ’ਚ ਮੋਹਰੀ ਭੂਮਿਕਾ ਨਿਭਾਉਂਦਿਆਂ ਕਬੱਡੀ ਟੂਰਨਾਮੈਂਟ ਵੀ ਕਰਵਾਉਂਦਾ ਰਹਿੰਦਾ ਸੀ।
ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਮੁੱਢਲੀ ਤਫ਼ਤੀਸ਼ ਤੋਂ ਪਤਾ ਲੱਗਾ ਹੈ ਕਿ ਉਸ ਦੇ ਦੋਸਤ ਜਸ਼ਨਦੀਪ ਸਿੰਘ ਨੂੰ ਕੁਝ ਨੌਜਵਾਨਾਂ ਨੇ ਘੇਰ ਲਿਆ ਸੀ ਜਿਸ ਦੀ ਇਤਲਾਹ ਮਿਲਣ ’ਤੇ ਉਹ ਉਸ ਦੀ ਮਦਦ ਲਈ ਯੂਨੀਵਰਸਿਟੀ ਸਾਹਮਣੇ ਮਾਰਕਿਟ ’ਚ ਪੁੱਜਾ ਸੀ। ਜਸ਼ਨਦੀਪ ਸਿੰਘ ਵੱਲੋਂ ਦਰਜ ਕਰਵਾਈ ਗਈ ਰਿਪੋਰਟ ’ਚ ਦੱਸਿਆ ਹੈ ਕਿ ਜਦੋਂ ਭਿੰਦੇ ਨੇ ਹਮਲਾਵਰਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਪਿਸਤੌਲ ਕੱਢ ਕੇ ਗੋਲੀਆਂ ਚਲਾਉਣ ਲੱਗ ਪਏ। ਆਪਣੇ ਬਚਾਅ ਲਈ ਭੱਜੇ ਜਾ ਰਹੇ ਭਿੰਦੇ ਦੀ ਪਿੱਠ ’ਤੇ ਗੋਲੀ ਲੱਗੀ। ਇਸ ਮਗਰੋਂ ਹਮਲਾਵਰ ਫਰਾਰ ਹੋ ਗਏ ਅਤੇ ਭਿੰਦੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਥਾਣਾ ਅਰਬਨ ਅਸਟੇਟ ’ਚ ਹਰਵੀਰ ਸਿੰਘ ਪੁੱਤਰ ਦਲਜੀਤ ਸਿੰਘ ਅਤੇ ਤੇਜਿੰਦਰ ਸਿੰਘ ਫੌਜੀ ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਦੌਣਕਲਾਂ ਸਮੇਤ ਬੋਨੀ ਅਤੇ ਹਰਮਨ ਵਾਸੀ ਸਾਹਿਬ ਨਗਰ ਥੇੜ੍ਹੀ ਖ਼ਿਲਾਫ਼ ਧਾਰਾ 302 ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਕਤਲ ਦੀ ਮੁੱਖ ਵਜ੍ਹਾ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ‘ਸੋਪੂ’ ਨਾਮ ਦੀ ਵਿਦਿਆਰਥੀ ਜਥੇਬੰਦੀ ਨਾਲ ਜੁੜੇ ਦੱਸੇ ਜਾਂਦੇ ਜਸ਼ਨਦੀਪ ਸਿੰਘ ਦਾ ਕੁਝ ਮਹੀਨੇ ਪਹਿਲਾਂ ਉਕਤ ਨੌਜਵਾਨਾਂ ਨਾਲ ਝਗੜਾ ਹੋ ਗਿਆ ਸੀ।
ਕੇਸ ਦੀ ਤਫ਼ਤੀਸ਼ ਥਾਣਾ ਅਰਬਨ ਅਸਟੇਟ ਦੇ ਮੁਖੀ ਅੰਮ੍ਰਿਤਪਾਲ ਸਿੰਘ ਕਰ ਰਹੇ ਹਨ। ਕਤਲ ਦੀ ਦੂਜੀ ਘਟਨਾ 6 ਅਪਰੈਲ ਨੂੰ ਸਵੇਰੇ ਛੇ ਕੁ ਵਜੇ ਇਥੇ ਮਾਲ ਰੋਡ ’ਤੇ ਵਾਪਰੀ। ਦਰਸ਼ਨ ਨਗਰ ਵਾਸੀ ਪ੍ਰਿਤਪਾਲ ਸਿੰਘ ਪੁੱਤਰ ਕਰਮਜੀਤ ਸਿੰਘ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਉਹ ਪ੍ਰਸਿੱਧ ਮੰਦਰ ਸ੍ਰੀ ਕਾਲੀ ਮਾਤਾ ਵਿਖੇ ਮੱਥਾ ਟੇਕਣ ਜਾ ਰਿਹਾ ਸੀ। ਉਹ ਪਿੱਜ਼ਾ ਰੇਹੜੀ ’ਤੇ ਕੰਮ ਕਰਦਾ ਸੀ। ਇਸ ਸਬੰਧੀ ਕੇਸ ਥਾਣਾ ਲਾਹੌਰੀ ਗੇਟ ਵਿਖੇ ਦਰਜ ਕੀਤਾ ਗਿਆ ਹੈ। ਐੱਸਪੀ ਸਿਟੀ ਹਰਪਾਲ ਸਿੰਘ ਨੇ ਕਿਹਾ ਕਿ ਕਤਲ ਦੀਆਂ ਦੋਵਾਂ ਵਾਰਦਾਤਾਂ ’ਚ ਸ਼ਾਮਲ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।