ਰਮੇਸ਼ਵਰ ਸਿੰਘ
(ਸਮਾਜ ਵੀਕਲੀ) ਕਲਾ ਦੇ ਖੇਤਰ ਵਿੱਚ ਕਈ ਅਜਿਹੇ ਕਲਾਕਾਰ ਹਨ ਜੋ ਰਾਹ ਨਾ ਮਿਲਣ ਕਰਕੇ ਵਿੱਚੋ ਵਿੱਚ ਦੱਬ ਜਾਂਦੇ ਹਨ।ਕਈਆ ਨੂੰ ਰਾਹ ਮਿਲ ਜਾਂਦੇ ਹਨ ਤੇ ਆਪਣੀ ਮੰਜ਼ਿਲ ਤੇ ਪਹੁੰਚ ਕੇ ਤਾਰਿਆ ਵਾਂਗ ਚਮਕਦੇ ਹਨ। ਅਜਿਹੇ ਹੀ ਇੱਕ ਚਮਕਦੇ ਸਿਤਾਰੇ ਦਾ ਨਾਂ ਹੈ *ਕਮਲ ਰਾਜਪਾਲ* ਜੋ ਕਿਸੇ ਪਹਿਚਾਣ ਦਾ ਮੁਹਤਾਜ਼ ਨਹੀਂ ਕਮਲ ਨੇ ਥੋੜ੍ਹੇ ਜਿਹੇ ਸਮੇਂ ਵਿੱਚ ਫਿਲਮ ਇੰਡਸਟਰੀ ਵਿੱਚ ਆਪਣੀ ਚੰਗੀ ਥਾਂ ਬਣਾ ਲਈ ਹੈ। ਅੱਜ ਦੇ ਮੁਕਾਬਲੇ ਦੇ ਯੁੱਗ ਵਿੱਚ ਥਾਂ ਬਣਾਉਣੀ ਬਹੁਤ ਔਖੀ ਹੈ, ਪਰ ਕਮਲ ਨੇ ਮਿਹਨਤ ਸਦਕੇ ਆਪਣਾ ਰਾਹ ਬਣਾਇਆ ਅਤੇ ਕਾਫ਼ੀ ਮੱਲਾਂ ਮਾਰੀਆ ਹਨ। ਪਿੰਡ ਕਾਲਾਂਵਾਲੀ (ਜ਼ਿਲਾ ਸਿਰਸਾ) ਵਿੱਚ 20 ਜੂਨ ਨੂੰ ਮਾਤਾ ਜਸਪ੍ਰੀਤ ਕੌਰ ਦੀ ਕੁੱਖੋਂ ਸਰਦਾਰ ਰਾਜਪਾਲ ਦੇ ਘਰ ਜਨਮ ਲਿਆ।ਪਿਤਾ ਜੀ ਖੇਤੀ ਬਾੜੀ ਕਰਦੇ ਸਨ ,ਕਮਲ ਰਾਜਪਾਲ ਬਚਪਨ ਤੋਂ ਬੜਾ ਸ਼ਰਾਰਤੀ ਸੀ, ਇਸ ਦੀਆਂ ਸ਼ਰਾਰਤਾਂ ਵੀ ਨਾਟਕਕਾਰੀ ਹੁੰਦੀਆਂ ਸਨ, ਜਿਨਾਂ ਨੂੰ ਵੇਖ ਕੇ ਲੱਗਦਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਇਹ ਇੱਕ ਕਲਾਕਾਰ ਬਣੇਗਾ।ਸਕੂਲ ਦੀ ਪੜ੍ਹਾਈ ਪਿੰਡ ਦੇ ਸਤਲੁੱਜ ਪਬਲਿਕ ਸਕੂਲ ਤੋਂ ਕੀਤੀ। ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਕਲਾਸ ਚੋਂ ਹਰ ਸਾਲ ਅੱਵਲ ਆਉਂਦਾ ਸੀ।ਹਰ ਮਾਂ ਬਾਪ ਦਾ ਸੁਪਨਾ ਹੁੰਦਾ ਕਿ ਉਸ ਦਾ ਪੁੱਤਰ ਪੜ੍ਹ ਲਿਖ ਕੇ ਵੱਡਾ ਅਫ਼ਸਰ ਬਣੇ। ਦਸਵੀਂ ਤੋਂ ਬਾਅਦ ਕਮਲ ਨੇ ਬੀ.ਟੈਕ ਗੁਰੂ ਕਾਸ਼ੀ ਯੂਨੀਵਰਸਿਟੀ ਤੋਂ ਸ਼ੁਰੂ ਕੀਤੀ।
ਸਾਲ 2011 ਚ ਕਮਲ ਦੇ ਸਿਰ ਤੋਂ ਪਿਤਾ ਦਾ ਸਾਇਆਂ ਉੱਠ ਗਿਆ ਪਰ ਕਮਲ ਨੇ ਜ਼ਿੰਦਗੀ ਵਿੱਚ ਹਾਰ ਨਹੀਂ ਮੰਨੀ ਆਪਣੀ ਪੜ੍ਹਾਈ ਜ਼ਾਰੀ ਰੱਖੀ ਅਤੇ ਮਾਸਟਰ ਡਿਗਰੀ ਪੂਰੀ ਕੀਤੀ।ਮਾਂ ਦੀ ਹੱਲਾਸ਼ੇਰੀ ਹਮੇਸ਼ਾ ਕੁਝ ਨਵਾਂ ਕਰਨ ਲਈ ਪ੍ਰੇਰਦੀ ਰਹਿੰਦੀ ਸੀ। ਸਿਆਣੇ ਕਹਿੰਦੇ ਨੇ ਮਾਂ ਦੀ ਅੱਖ ਬੜੀ ਪਾਰਖੂ ਹੁੰਦੀ ਹੈ,ਮਾਂ ਨੇ ਕਮਲ ਵਿਚ ਲੁੱਕੇ ਕਲਾਕਾਰ ਨੂੰ ਪਹਿਚਾਣ ਲਿਆ।ਕਮਲ ਨੇ ਘਰ ਦੀਆ ਜਿੰਮੇਵਾਰਿਆ ਨੂੰ ਚਲਾਉਣ ਦੇ ਲਈ ਦਿੱਲੀ ਪ੍ਰਾਈਵੇਟ ਸੈਕਟਰ ਵਿੱਚ ਨੌਕਰੀ ਕੀਤੀ ਪਰ ਧਿਆਨ ਹਮੇਸ਼ਾ ਐਕਟਿੰਗ ਵਿੱਚ ਰਹਿੰਦਾ ਸੀ ਕੁੱਝ ਸਮੇਂ ਬਾਅਦ ਨੌਕਰੀ ਛੱਡ ਕੇ ਕਮਲ ਘਰ ਵਾਪਿਸ ਆ ਗਿਆ।ਚਾਰ ਦੋਸਤਾਂ ਨੇ ਇਕੱਠੇ ਹੋਕੇ ਇਕ ਯੂਟਿਊਬ ਚੈਨਲ ਬਣਾਇਆ ਕਮੇਡੀ ਸਕਿੱਟਾਂ ਬਣਾਉਂਦੇ ਰਹੇ,ਮਨ ਵਿੱਚ ਕੁੱਝ ਵੱਡਾ ਕਰਨ ਦੀ ਤਾਂਘ ਸੀ ਪਰ ਕੋਈ ਰਾਹ ਨਹੀਂ ਸੀ ਲੱਭ ਰਿਹਾ। ਫਿਲਮਾਂ ਵਿੱਚ ਕੰਮ ਮਿਲਣਾ ਐਨਾ ਸੌਖਾ ਨਹੀਂ ਉਹ ਜੇ ਕਿਸੇ ਨਿਰਮਾਤਾ ਨਿਰਦੇਸ਼ਕ ਕੋਲ ਜਾਂਦਾ ਤਾ ਉੱਲਟੇ ਪੈਸੇ ਮੰਗਦੇ ਕੰਮ ਕਰਨ ਦੇ ਕਿਓ? ਫਿਲਮ ਇੰਡਸਟਰੀ ਵਿੱਚ ਬਹੁਤ ਸਾਰੇ ਅਜਿਹੇ ਅਨੇਕਾਂ ਨਿਰਮਾਤਾ, ਨਿਰਦੇਸ਼ਕ ਹਨ ਜੋ ਨਵੇਂ ਕਲਾਕਾਰਾਂ ਤੋਂ ਕੰਮ ਦੇਣ ਦੇ ਪੈਸੇ ਮੰਗਦੇ ਹਨ ਪਰ ਇਹਨਾ ਦੀਆ ਫਿਲਮਾਂ ਕਦੇ ਰਲੀਜ਼ ਨਹੀ ਹੁੰਦੀਆਂ। ਅਜਿਹਾ ਇੱਕ ਧੰਦਾ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ।ਕਮਲ ਨੇ ਹਾਰ ਨਹੀਂ ਮੰਨੀ ਇੱਕ ਦਿਨ ਫੇਸਬੁੱਕ ਤੋਂ ਫਿਲਮ ਨਿਰਮਾਤਾ ਨਿਰਦੇਸ਼ਕ ਤੇ ਨਾਟਕਕਾਰ *ਗੁਰਚੇਤ ਚਿੱਤਰਕਾਰ* ਦਾ ਨੰਬਰ ਮਿਲ ਗਿਆ ਕਮਲ ਨੇ ਲਿਖ ਕੇ ਸੁਨੇਹਾ ਕੀਤਾ ਮੈਂ ਜੀ ਫਿਲਮਾਂ ਚ ਕੰਮ ਕਰਨਾ ਚਹੁੰਦਾ ਹਾਂ,ਤੁਰੰਤ ਜਵਾਬ ਦਿੰਦੇ ਹੋਏ ਗੁਰਚੇਤ ਚਿੱਤਰਕਾਰ ਨੇ ਕਿਹਾ ਮੈਨੂੰ ਮਿਹਨਤੀ , ਜਨੂੰਨੀ ਕਲਾਕਾਰ ਦੀ ਲੋੜ੍ਹ ਹੈ ਕਮਲ ਨੇ ਹੱਸ ਕੇ ਕਿਹਾ ਮੇਰੇ ਨਾਲੋ ਵੱਡਾ ਕੋਈ ਜਨੂੰਨੀ ਹੋ ਨੀ ਸਕਦਾ। ਮੇਰੇ ਖਿਆਲ ਅਨੁਸਾਰ ਇਸ ਤੋਂ ਵੱਡਾ ਮਿਹਨਤੀ ਕਲਾਕਾਰ ਕੋਈ ਹੋ ਹੀ ਨਹੀਂ ਸਕਦਾ। ਕਲਾਕਾਰ ਵਿੱਚ ਪਹਿਲਾ ਗੁਣ ਹੁੰਦਾ ਹੈ ਕਿਸ ਤਰ੍ਹਾਂ ਬੋਲਣਾ ਹੈ ਕਮਲ ਦੇ ਸਨੇਹੇ ਨੇ ਹੀ ਉਸ ਦਾ ਚਮਕਦਾ ਭਵਿੱਖ ਵਿਖਾ ਦਿੱਤਾ, ਚਿੱਤਰਕਾਰ ਨੇ ਉਸ ਸਮੇਂ ਹੀ ਉਸ ਨੂੰ ਆਪਣੀ ਟੀਮ ਵਿੱਚ ਸ਼ਾਮਿਲ ਕਰ ਲਿਆ।
ਫਿਰ ਸ਼ੁਰੂ ਹੋਇਆ ਐਕਟਿੰਗ ਦਾ ਸਫ਼ਰ, ਸ਼ੂਟਿੰਗ ਤੇ ਕਮਲ ਨੇ ਬਹੁਤ ਕੁਝ ਸਿੱਖਿਆ ਹੌਲ਼ੀ ਹੌਲ਼ੀ ਆਪਣੀ ਕੜੀ ਮਿਹਨਤ ਸਦਕੇ ਗੁਰਚੇਤ ਦੀ ਪ੍ਰੋਡਕਸ਼ਨ ਦਾ ਕੰਮ ਸੰਭਾਲ ਲਿਆ ਮਹੀਨੇ ਵਿੱਚ ਮਸਾਂ ਦੋ ਤਿੰਨ ਦਿਨ ਵਿਹਲੇ ਹੁੰਦੇ ਸੀ ਉਸ ਦੀ ਐਕਟਿੰਗ ਵਿੱਚ ਦਿਨੋ ਦਿਨ ਨਿਖਾਰ ਆਉਂਦਾ ਗਿਆ ਤੇ ਫਿਲਮਾਂ ਚ ਮੁੱਖ ਕਿਰਦਾਰ ਕਰਨ ਲੱਗ ਪਿਆ, ਐਕਟਿੰਗ ਦੇ ਨਾਲ ਨਾਲ ਸਾਰੀ ਟੀਮ ਦੀ ਜਿੰਮੇਵਾਰੀ , ਪੈਸਾ ਦੇਣਾ , ਪੈਸਾ ਲੈਣਾ ਆਪ ਖ਼ੁਦ ਹੀ ਕਰਦਾ। ਹਰ ਫਿਲਮ ਵਿੱਚ ਹਰ ਤਰ੍ਹਾਂ ਦੇ ਰੋਲ ਨੂੰ ਬਹੁਤ ਬਾਖੂਬੀ ਤਰ੍ਹਾਂ ਨਿਭਾਉਣ ਲੱਗਿਆ ਤੇ ਸਰੋਤਿਆਂ ਚ ਆਪਣੀ ਧਾਕ ਜਮਾ ਦਿੱਤੀ। ਹਰ ਫਿਲਮ ਜਿਸ ਵਿੱਚ ਵੀ ਛੋਟਾ ਵੱਡਾ ਇਸ ਦਾ ਕਿਹੋ ਜਿਹਾ ਰੋਲ ਵੀ ਹੋਵੇ ਵੇਖਣ ਵਾਲੇ ਉਸਨੂੰ ਬਹੁਤ ਪਸੰਦ ਕਰਦੇ ਤੇ ਹੱਟੀ-ਭੱਠੀ ਤੇ ਇਸ ਦੀ ਚਰਚਾ ਹੋਣ ਲੱਗੀ, ਜਲਦੀ ਹੀ ਉੱਚ ਕੋਟੀ ਦਾ ਕਲਾਕਾਰ ਬਣ ਕੇ ਸਥਾਪਿਤ ਹੋ ਗਿਆ। ਕਮਲ ਆਉਣ ਵਾਲੀਆਂ ਪੰਜਾਬੀ ਫਿਲਮਾਂ *ਤੇਰੀ ਮੇਰੀ ਮੰਗਣੀ, ਨਾਜ਼ੀ ਨਚਾਰ, ਤੇਰਾ ਕਦ ਮੁਕਲਾਵਾ ਭਾਗਭਰੀ, ਪੇਂਡੂ ਨੀ ਦਿਲਾ ਦੇ ਮਾੜੇ, ਨਾਨਕੇ, ਲਾਣੇਦਾਰ, ਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ।ਇੱਕ ਸਾਲ ਦੇ ਵਿੱਚ ਉਸਨੇ ਬਹੁਤ ਮੱਲਾਂ ਮਾਰੀਆ ਹਨ। ਫੈਮਲੀ-436 ਭੋਲੇ ਦਾ ਵਿਆਹ, ਪੁਲਿਸ ਦਾ ਏਲੀਅਨ, ਮੌਲਾ ਬਾਬਾ ਮਸ਼ੂਕਾਂ ਆਲਾ, ਬੋਦੀ ਆਲਾ ਤਾਰਾ, ਫੈਮਲੀ-437 ਝੋਟਾ ਖੁਲ ਗਿਆ, ਅੜਬ ਪ੍ਰਾਹੁਣਾ, ਤਮਾਸ਼ਾ,ਨਜ਼ਾਰਾ,ਫੈਮਲੀ-438 ਲੈਲਾ ਤੂੰ ਸਰਪੰਚੀ, ਢੀਠ ਜਵਾਈ ਸਹੁਰੇ ਕਰੇ ਸ਼ੁਦਾਈ, ਫੈਮਲੀ-439 ਬਦਲਾਅ ,ਫੈਮਲੀ-440 ਸਾਂਝਾ ਪੰਜਾਬ ਇਸ ਦੀਆਂ ਮੁੱਖ ਫਿਲਮਾਂ ਹਨ।
ਗੁਰਚੇਤ ਚਿੱਤਰਕਾਰ ਨਾਲ ਕਮਲ ਬਹੁਤ ਸਾਰੇ ਮੁਲਕਾਂ ਵਿੱਚ ਕਾਮੇਡੀ ਸ਼ੋ ਲਾ ਚੁੱਕੇ ਹਨ ਤੇ ਹੁਣ ਕਨੇਡਾ, ਆਸਟ੍ਰੇਲੀਆ ਕਾਮੇਡੀ ਨਾਟਕ (ਟੈਨਸ਼ਨ ਫ੍ਰੀ) ਲੈਕੇ ਜਾ ਰਿਹਾ ਹੈ ਹਰ ਰੋਲ ਵਿੱਚ ਫਿੱਟ ਹੋਣ ਵਾਲਾ ਕਲਾਕਾਰ ਰੋਲ ਵਿੱਚ ਏਨਾਂ ਖੁੱਭ ਜਾਂਦੈ ਕਈ ਕਈ ਦਿਨ ਉਸ ਰੋਲ ਵਿੱਚੋਂ ਨਹੀਂ ਨਿੱਕਲਦਾ।ਕਮਲ ਨੇ ਹੁਣ ਤੱਕ ਬਹੁਤ ਸਾਰੀਆ ਭੁਮਿਕਾਵਾਂ ਨਿਭਾਈਆ ਹਨ ਐਕਟਿੰਗ ਦੇ ਨਾਲ ਨਾਲ ਕਮਲ ਦਾ ਧਿਆਨ ਨਿਰਦੇਸ਼ਨ ਵੱਲ ਵੀ ਹੈ ਉਹ ਹਰ ਸ਼ੂਟਿੰਗ ਵਿੱਚ ਨਿਰਦੇਸ਼ਕ ਨੂੰ ਸਲਾਹ ਦਿੰਦਾ ਰਹਿੰਦੈ ਤੇ ਹਰ ਰੋਜ਼ ਨਵਾਂ ਸਿੱਖਦਾ ਹੈ, ਗੁਰਚੇਤ ਚਿੱਤਰਕਾਰ ਦੀ ਕਹਾਣੀ ਲਿਖਣ ਵਿੱਚ ਬਹੁਤ ਸਹਾਇਤਾ ਕਰਦਾ ਹੈ।ਇਹਦੀ ਮਿਹਨਤ ਨੂੰ ਫਲ ਲੱਗ ਰਹੇ ਹਨ ਇੱਕ ਪਿੰਡ ਚੋਂ ਉਠਿਆ, ਹਲ ਵਾਹ ਜੱਟ ਦੇ ਘਰ ਪੈਦਾ ਹੋਇਆ, ਸਿਰ ਤੋੜ ਮਿਹਨਤ ਕਰਨ ਵਾਲਾ ਨੌਜਵਾਨ ਇੱਕ ਦਿਨ ਸੁਪਰ ਸਟਾਰ ਬਣੂਗਾ। ਨਿਰਮਾਤਾ ਨਿਰਦੇਸ਼ਕ ਲੇਖਕ ਤੇ ਨਾਟਕਕਾਰ ਗੁਰਚੇਤ ਚਿੱਤਰਕਾਰ ਜਿਨ੍ਹਾਂ ਦੀ ਛਤਰ ਛਾਇਆ ਥੱਲੇ ਕਮਲ ਕੰਮ ਕਰ ਰਿਹਾ ਹੈ ਉਹਨਾਂ ਨੂੰ ਪੁੱਛਣ ਤੇ ਉਹਨਾਂ ਨੇ ਦੱਸਿਆ ਕਿ ਅੱਜ ਕੱਲ ਦੇ ਨੌਜਵਾਨ ਜਿਹੜੇ ਕਿ ਨਸ਼ਿਆਂ ਤੇ ਬਦਮਾਸ਼ੀਆਂ ਦੇ ਚੱਕਰ ਵਿੱਚ ਪੈ ਰਹੇ ਹਨ ਉਹਨਾਂ ਤੋਂ ਦੂਰ ਇਹ ਨੌਜਵਾਨ ਬਹੁਤ ਮਿਹਨਤ ਨਾਲ ਕੰਮ ਕਰ ਰਿਹਾ ਹੈ। ਉਨਾਂ ਦਾ ਕਹਿਣਾ ਮੈਂ ਜੋ ਵੀ ਕੰਮ ਇਸ ਨੌਜਵਾਨ ਨੂੰ ਫਿਲਮ ਜਾਂ ਨਾਟਕ ਬੁਣਾਉਣ ਵੇਲੇ ਦਿੰਦਾ ਹਾਂ ਸਹੀ ਤਰੀਕੇ ਨਾਲ ਹਰ ਤਰ੍ਹਾਂ ਨਾਲ ਨਿਭਾ ਦਿੰਦਾ ਹੈ। ਯੂਟਿਊਬ ਤੇ ਇਸ ਦੇ ਰੋਲ ਵਾਲੀਆਂ ਫਿਲਮਾਂ ਵਿੱਚ ਵੇਖਣ ਵਾਲੇ ਸਰੋਤਿਆਂ ਨੇ ਇਸ ਨੂੰ ਬਹੁਤ ਪਸੰਦ ਕੀਤਾ ਹੈ। ਉਹ ਦਿਨ ਦੂਰ ਨਹੀਂ ਜਦੋਂ ਇਸ ਦੀ ਕੜੀ ਮਿਹਨਤ ਤੇ ਗੁਰਚੇਤ ਚਿੱਤਰਕਾਰ ਦੀ ਕਮਾਂਡ ਇਸ ਨੂੰ ਪਹਿਲੀ ਕਤਾਰ ਦੇ ਕਲਾਕਾਰਾਂ ਵਿੱਚ ਖੜ੍ਹਾ ਕਰ ਦੇਵੇਗੀ-ਆਮੀਨ।
ਰਮੇਸ਼ਵਰ ਸਿੰਘ ਸੰਪਰਕ ਨੰਬਰ-991488039
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly