ਮਾਂ ਬੋਲੀ ਨੂੰ ਭੁੱਲ ਜਾਓਗੇ, ਕੱਖਾਂ ਵਾਂਗੂੰ ਰੁਲ ਜਾਓਗੇ!

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ) ਮਾਂ ਬੋਲੀ ਕਿਸੇ ਮਨੁੱਖ ਦੀ ਆਪਣੀ ਨਿੱਜੀ, ਸਮਾਜਿਕ, ਸੱਭਿਆਚਾਰਕ ਅਤੇ ਇਲਾਕਾਈ ਦੀ ਪਛਾਣ ਹੁੰਦੀ ਹੈ। ਦੁਨੀਆਂ ਵਿੱਚ 7 ਹਜ਼ਾਰ ਤੋਂ ਉੱਪਰ ਬੋਲੀਆਂ ਹਨ ਜਿਨਾਂ ਨੂੰ ਬੋਲਣ ਵਾਲੇ 90 ਫੀਸਦੀ ਲੋਕ ਅਜਿਹੇ ਹਨ ਜਿਨਾਂ ਦੀ ਗਿਣਤੀ ਲੱਖਾਂ ਵਿੱਚ ਹੈ। ਭਾਰਤ ਵਿੱਚ 569 ਮਾਂ ਬੋਲੀਆਂ ਪ੍ਰਚਲਿਤ ਹਨ ਆਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ 79 ਬੋਲੀਆਂ ਅਤੇ 544 ਉਪ ਬੋਲੀਆਂ ਸਨ। ਭਾਰਤ ਨੂੰ ਇਸੇ ਕਰਕੇ ਬਹੁ ਰੰਗੇ ਸੱਭਿਆਚਾਰ ਦਾ ਕੇਂਦਰ ਆਖਿਆ ਜਾ ਸਕਦਾ ਹੈ ਕਿਉਂਕਿ ਇੱਥੇ ਹਰ ਪ੍ਰਾਂਤ ਦੀ ਆਪੋ ਆਪਣੀ ਬੋਲੀ, ਸੱਭਿਆਚਾਰ ਭਾਸ਼ਾ ਅਤੇ ਰਹਿਣ ਸਹਿਣ ਆਪੋ ਆਪਣਾ ਹੈ। ਦੁਨੀਆਂ ਦੇ ਵਿਗਿਆਨੀਆਂ ਨੇ ਇਹ ਸਿੱਧ ਕੀਤਾ ਹੈ ਕਿ ਜਿਹੜਾ ਬੱਚਾ ਗਿਆਨ ਆਪਣੀ ਮਾਂ ਬੋਲੀ ਵਿੱਚ ਹਾਸਲ ਕਰ ਸਕਦਾ ਹੈ, ਉਹ ਕਿਸੇ ਹੋਰ ਭਾਸ਼ਾ ਵਿੱਚ ਨਹੀਂ। ਪੰਜਾਬ ਵਿੱਚ 1966 ਤੋਂ ਪੰਜਾਬੀ ਭਾਸ਼ਾ ਲਾਗੂ ਕੀਤੀ ਗਈ ਹੈ। ਪਿਛਲੇ ਸਮਿਆਂ ਵਿੱਚ ਤਾਂ ਸਰਕਾਰੀ ਤੌਰ ਤੇ ਇਸ ਨੂੰ ਮਾਨਤਾ ਦੇਣ ਲਈ ਕਈ ਸਰਕਾਰਾਂ ਨੇ ਕਾਨੂੰਨ ਵੀ ਬਣਾਏ ਪਰ ਕਾਨੂੰਨ ਇੰਨੇ ਲਚਕਦਾਰ ਹਨ ਕਿ ਉਹਨਾਂ ਨੂੰ ਲਾਗੂ ਕਰਨ ਲਈ ਕਈ ਕਾਨੂੰਨਾਂ ਦਾ ਸਹਾਰਾ ਲੈਣਾ ਪੈਂਦਾ ਹੈ। ਅੱਜ ਮਾਂ ਬੋਲੀ ਦਾ ਜਨਮ ਦਿਹਾੜਾ ਹੈ ਅੱਜ ਪੰਜਾਬ ਵਿੱਚ ਹੀ ਨਹੀਂ ਬਲਕਿ ਦੁਨੀਆਂ ਭਰ ਵਿੱਚ ਸਭ ਸੰਸਥਾਵਾਂ ਆਪੋ ਆਪਣੀ ਮਾਂ ਬੋਲੀ ਦਿਵਸ ਦੀ ਮਹੱਤਤਾ ਨੂੰ ਲੈ ਕੇ ਸਮਾਗਮ ਕਰਨਗੀਆਂ। ਪੰਜਾਬ ਵਿੱਚ ਭਾਵੇਂ ਮਾਂ ਬੋਲੀ ਪੰਜਾਬੀ ਕਾਨੂੰਨਨ ਤੌਰ ਤੇ ਲਾਗੂ ਹੈ ਪਰ ਇਸ ਨੂੰ ਜਿਸ ਤਰ੍ਹਾਂ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਰੋਲਿਆ ਜਾ ਰਿਹਾ ਹੈ, ਇਸ ਦੀ ਮਿਸਾਲ ਦੁਨੀਆਂ ਭਰ ਵਿੱਚ ਕਿਧਰੇ ਵੀ ਨਹੀਂ ਮਿਲਦੀ। ਪੰਜਾਬੀ ਮਾਂ ਬੋਲੀ ਨੂੰ ਲਾਗੂ ਕਰਵਾਉਣ ਵਾਲੀਆਂ ਸੰਸਥਾਵਾਂ ਵੀ 21 ਫਰਵਰੀ ਨੂੰ ਆਪੋ ਆਪਣੇ ਪੱਧਰ ਉੱਤੇ ਸੈਮੀਨਾਰ ਕਰਵਾ ਕੇ ਖਾਨਾ ਪੂਰੀ ਕਰਦੀਆਂ ਹਨ। ਪ੍ਰੰਤੂ ਉਹਨਾਂ ਨੇ ਕਦੇ ਇਸ ਭਾਸ਼ਾ ਪ੍ਰਤੀ ਆਪਣੀ ਉਹ ਸੁਹਿਰਦ ਨਹੀਂ ਦਿਖਾਈ, ਜਿਸ ਦੀ ਲੋੜ ਹੈ। ਭਾਰਤ ਵਿੱਚ ਕੇਵਲ 22 ਬੋਲੀਆਂ ਨੂੰ ਹੀ ਸੰਵਿਧਾਨਿਕ ਮਾਨਤਾ ਦਿੱਤੀ ਗਈ ਹੈ। ਕੇਂਦਰੀ ਭਾਰਤੀਯ ਸਾਹਿਤ੍ਯ ਅਕੇਦਮੀ ਹਰ ਸਾਲ 22 ਬੋਲੀਆਂ ਦੇ ਲੇਖਕਾਂ ਨੂੰ ਸਨਮਾਨਿਤ ਕਰਦੀ ਹੈ। ਮਾਂ ਬੋਲੀ ਪ੍ਰਤੀ ਪੰਜਾਬੀ ਇੰਨੇ ਅਵੇਸਲੇ ਤੇ ਮੌਕਾਪ੍ਰਸਤ ਹਨ, ਉਹਨਾਂ ਨੇ ਕਦੇ ਇਸ ਨੂੰ ਪੰਜਾਬ ਵਿੱਚ ਲਾਗੂ ਕਰਨ ਲਈ ਗੰਭੀਰਤਾ ਦੇ ਨਾਲ ਸੋਚਿਆ ਹੀ ਨਹੀਂ। ਪੰਜਾਬੀ ਡਰਾਮੇਬਾਜ਼ੀ ਤੇ ਧਮਾਕੇਬਾਜ਼ੀ ਵਧੇਰੇ ਕਰਦੇ ਹਨ ਅਸਲੀਅਤ ਤੋਂ ਹਮੇਸ਼ਾ ਦੂਰ ਰਹਿੰਦੇ ਹਨ। ਭਾਵੇਂ ਪੰਜਾਬ ਸਰਕਾਰ ਨੇ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਪੰਜਾਬੀ ਵਿੱਚ ਕੰਮ ਕਰਨ ਦਾ ਕਾਨੂੰਨ ਬਣਾਇਆ ਹੋਇਆ ਹੈ ਪ੍ਰੰਤੂ ਜਿਸ ਤਰ੍ਹਾਂ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਪੰਜਾਬੀ ਮਾਂ ਬੋਲੀ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਇਸ ਸਮੇਂ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅਦਾਲਤਾਂ ਦੇ ਵਿੱਚ ਪੰਜਾਬੀ ਭਾਸ਼ਾ ਲਾਗੂ ਕਰਨ ਲਈ ਪੰਜਾਬੀ ਮਾਂ ਬੋਲੀ ਦੇ ਪਿਆਰਿਆਂ ਨੂੰ ਹਾਈ ਕੋਰਟ ਤੱਕ ਕੇਸ ਕਰਨਾ ਪੈ ਗਿਆ ਸੀ ਭਾਵੇਂ ਹੁਣ ਸਰਕਾਰ ਨੇ ਅਦਾਲਤਾਂ ਵਿੱਚ ਪੰਜਾਬੀ ਭਾਸ਼ਾ ਵਿੱਚ ਕੰਮ ਕਰਨ ਲਈ ਆਖਿਆ ਹੈ ਪਰ ਸਰਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ। ਭਾਰਤੀ ਅਦਾਲਤਾਂ ਆਪੋ ਆਪਣੀ ਮਾਂ ਬੋਲੀ ਵਿੱਚ ਕੇਸ ਦਇਰ ਹੁੰਦੇ ਹਨ ਅਤੇ ਉਹਨਾਂ ਉੱਪਰ ਬਹਿਸ ਵੀ ਉਹਨਾਂ ਦੀ ਭਾਸ਼ਾ ਵਿੱਚ ਹੁੰਦੀ ਹੈ ਪਰੰਤੂ ਪੰਜਾਬ ਹੀ ਇੱਕ ਅਜਿਹਾ ਸੂਬਾ ਹੈ ਜਿੱਥੇ ਅਦਾਲਤਾਂ ਦੇ ਵਿੱਚ ਕੇਸ ਦਾਇਰ ਅਤੇ ਬਹਿਸ ਅੰਗਰੇਜ਼ੀ ਭਾਸ਼ਾ ਵਿੱਚ ਹੁੰਦੀ ਹੈ। ਕਦੇ ਵੀ ਅਸੀਂ ਇਸ ਪ੍ਰਤੀ ਅਦਾਲਤ ਅਤੇ ਸਰਕਾਰ ਨੂੰ ਇਹ ਸਵਾਲ ਨਹੀਂ ਕੀਤਾ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ। ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸਮੇਂ ਸਿੱਖਿਆ ਮੰਤਰੀ ਤੋਤਾ ਸਿੰਘ ਨੇ ਪਹਿਲੀ ਜਮਾਤ ਤੋਂ ਅੰਗਰੇਜ਼ੀ ਲਾਗੂ ਕਰਕੇ ਪੰਜਾਬੀ ਭਾਸ਼ਾ ਦੇ ਵਿਹੜੇ ਵਿੱਚ ਸੇਹ ਦਾ ਤਕੜਾ ਗੱਡਿਆ ਸੀ। ਜਦ ਕਿ ਅੰਗਰੇਜ਼ੀ ਭਾਸ਼ਾ ਕੇਵਲ ਸੰਪਰਕ ਦੀ ਭਾਸ਼ਾ ਹੈ, ਇਹ ਕਿਸੇ ਦੇਸ਼ ਜਾਂ ਸੂਬੇ ਦੀ ਮਾਤ ਭਾਸ਼ਾ ਨਹੀਂ। ਪ੍ਰੰਤੂ ਅਸੀਂ ਅੰਗਰੇਜ਼ੀ ਨੂੰ ਆਪਣੀ ਮਾਂ ਬੋਲੀ ਬਣਾ  ਕੇ ਪੰਜਾਬੀ ਨੂੰ ਆਪਣੇ ਹੀ ਘਰ ਵਿੱਚ ਗੋਲ਼ੀ ਬਣਾ ਲਿਆ ਹੈ। ਪੰਜਾਬ ਵਿੱਚ ਜਿਹੜੀ ਸਿੱਖਿਆ ਨੀਤੀ ਅਪਣਾਈ ਜਾ ਰਹੀ ਹੈ, ਉਸ ਵਿੱਚ ਅੰਗਰੇਜ਼ੀ ਨੂੰ ਮਾਨਤਾ ਦਿੱਤੀ ਗਈ ਹੈ ਜਦਕਿ ਪੰਜਾਬੀ ਕੇਵਲ ਸਰਕਾਰੀ ਸਕੂਲਾਂ ਵਿੱਚ ਹੀ ਪੜ੍ਹਾਈ ਜਾਂਦੀ ਹੈ। ਪੰਜਾਬ ਦੇ ਬਹੁਤ ਸਾਰੇ ਨਿੱਜੀ ਸਕੂਲ ਤਾਂ ਅਜਿਹੇ ਵੀ ਹਨ ਜਿੱਥੇ ਪੰਜਾਬੀ ਬੋਲਣ ਜੁਰਮਾਨਾ ਵਿਦਿਆਰਥੀਆਂ ਨੂੰ ਕੀਤਾ ਜਾਂਦਾ ਹੈ। ਕਸੂਰ ਇਹਨਾਂ ਨਿੱਜੀ ਸਕੂਲਾਂ ਦਾ ਨਹੀਂ ਅਸਲ ਵਿੱਚ ਕਸੂਰਵਾਰ ਉਹ ਮਾਪੇ ਹਨ, ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਮੁਕਾਬਲੇਬਾਜ਼ੀ ਵਿੱਚ ਪਾ ਕੇ ਮਸ਼ੀਨਾਂ ਬਣਾ ਦਿੱਤਾ ਹੈ। ਜਦੋਂ ਅਸੀਂ ਇਤਿਹਾਸ ਦੇ ਵਰਕੇ ਫਰੋਲਦੇ ਹਾਂ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਭਾਵੇਂ ਬੋਲੀ ਫਾਰਸੀ ਸੀ ਪ੍ਰੰਤੂ ਉਥੇ ਹਰ ਭਾਸ਼ਾ ਬੋਲਣ ਦੀ ਇਜਾਜ਼ਤ ਸੀ। ਉਸ ਸਮੇਂ ਪੰਜਾਬ ਦੇ ਲੋਕ 100 ਪ੍ਰਤੀਸ਼ਤ ਪੜ੍ਹੇ ਲਿਖੇ ਸਨ। ਉਦੋਂ ਸਿੱਖਿਆ ਸਕੂਲਾਂ ਦੇ ਨਾਲ ਨਾਲ ਧਾਰਮਿਕ ਅਦਾਰਿਆਂ ਵਿੱਚ ਦਿੱਤੀ ਜਾਂਦੀ ਸੀ। ਪ੍ਰੰਤੂ ਹੁਣ ਪੰਜਾਬ ਵਿੱਚ ਸਕੂਲ, ਕਾਲਜ ਤੇ ਯੂਨੀਵਰਸਿਟੀ ਹਨ ਪ੍ਰੰਤੂ ਮਾਂ ਬੋਲੀ ਪੰਜਾਬੀ ਦੀ ਹਾਲਤ ਮੇਲੇ ਵਿੱਚ ਗੁਵਾਚੇ ਉਸ ਲਿਫਾਫੇ ਵਰਗੀ ਹੈ। ਜਿਸ ਨੂੰ ਲਤਾੜ ਕੇ ਹਰ ਕੋਈ ਲੰਘ ਰਿਹਾ ਹੈ। ਇਹੋ ਹਾਲ ਪੰਜਾਬੀ ਮਾਂ ਬੋਲੀ ਦਾ ਹੈ। 1991 ਵਿੱਚ ਬਾਲਪ੍ਰੀਤ ਮਿਲਣੀ ਕਾਫਲੇ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਇੱਕ ਪੰਜਾਬ ਵਿੱਚ ਕਾਫਲਾ ਤੋਰਿਆ ਸੀ ਜਿਸ ਦਾ ਮੁੱਖ ਮਕਸਦ ਬੱਚਿਆਂ ਨੂੰ ਮਾਂ ਬੋਲੀ ਦੇ ਨਾਲ ਜੋੜਨਾ ਅਤੇ ਸੱਭਿਆਚਾਰ ਤੋਂ ਉਹਨਾਂ ਨੂੰ ਜਾਣੂ ਕਰਵਾਉਣਾ ਸੀ ਇਹ ਕਾਫਲਾ ਪੰਜ ਸਾਲ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਆਪਣੀਆਂ ਅਮਿਟ ਛਾਪਾਂ ਛੱਡਦਾ ਹੋਇਆ ਅਲੋਪ ਹੋ ਗਿਆ। ਇਹੋ ਜਿਹੇ ਕਾਫਲਿਆਂ ਦੀ ਲੋੜ ਹੈ ਤਾਂ ਕਿ ਮਾਂ ਬੋਲੀ ਪੰਜਾਬੀ ਨੂੰ ਉਸ ਦਾ ਬਣਦਾ ਮਾਣ ਦਿੱਤਾ ਜਾ ਸਕੇ। ਇਸੇ ਕਰਕੇ ਇਹ ਆਖਿਆ ਜਾ ਸਕਦਾ ਹੈ ਕਿ ਮਾਂ ਬੋਲੀ ਨੂੰ ਭੁੱਲ ਜਾਓਗੇ, ਤਾਂ ਕੱਖਾਂ ਵਾਂਗੂ ਰੁਲ ਜਾਉਗੇ । ਅੱਜ ਮਾਂ ਬੋਲੀ ਸੱਚੀ ਮੁੱਚੀ ਆਪਣੇ ਹੀ ਘਰ ਵਿੱਚ ਰੁਲਦੀ ਵਿਲਕਦੀ ਫਿਰਦੀ ਹੈ ਪਰ ਉਸ ਦੀ ਬਾਤ ਪੁੱਛਣ ਵਾਲੇ ਉਸਦੇ ਜਾਏ ਉਸ ਵੱਲ ਪਿੱਠ ਕਰੀ ਖੜੇ ਹਨ। ਲੋੜ ਇਸ ਗੱਲ ਦੀ ਹੈ ਕਿ ਪਿੰਡ ਪਿੰਡ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਲਾਇਬਰੇਰੀਆਂ ਅਤੇ ਇਹੋ ਜਿਹੇ ਸਮਾਗਮ ਕਰਵਾਏ ਜਾਣ ਜਿਸ ਵਿੱਚ ਬੱਚਿਆਂ ਅਤੇ ਵੱਡਿਆਂ ਨੂੰ ਮਾਂ ਬੋਲੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾ ਸਕੇ ਪਰ ਊਠ ਦੇ ਗਲ ਟੱਲੀ ਕੌਣ ਬੰਨ੍ਹੇਗਾ ? ਕਿਉਂਕਿ ਟੱਲੀਆਂ ਵਜਾਉਣ ਵਾਲੇ ਲੇਖਕ ਵਿਦਵਾਨ ਤਾਂ ਇਨਾਮਾਂ ਪੁਰਸਕਾਰਾਂ ਦੇ ਮਗਰ ਦੌੜ ਰਹੇ ਹਨ। ਪੰਜਾਬੀਆਂ ਨੂੰ ਖੁਦ ਹੀ ਆਪਣੀ ਮਾਂ ਬੋਲੀ ਬਚਾਉਣ ਲਈ ਅੱਗੇ ਆਉਣਾ ਪਵੇਗਾ।

ਬੁੱਧ ਸਿੰਘ ਨੀਲੋਂ
9464370823 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਕਵਿਤਾ ਦੇ ਜੇਠ
Next articleਬਾਜੀਗਰ ਅਤੇ ਉਹਨਾਂ ਦੇ ਕਰਤੱਵ