ਰਮੇਸ ਸੇਠੀ ਬਾਦਲ
(ਸਮਾਜ ਵੀਕਲੀ) ਵਾਹਵਾ ਪੁਰਾਣੀ ਗੱਲ ਹੈ ਓੁਦੋ ਅਸੀ ਪਿੰਡ ਘੁਮਿਆਰਾ ਛੱਡ ਕੇ ਨਵੇ ਨਵੇ ਸaਹਿਰੀਏ ਬਣੇ ਸੀ। ਸਹਿਰ ਆਉਣ ਤੋ ਮਹੀਨਾ ਕੁ ਬਾਅਦ ਮੈ ਪਿੰਡ ਗਿਆ ਤਾਂ ਮੇਰੀ ਗੁਆਂਢੀ ਤਾਈ ਸੁਰਜੀਤ ਕੁਰ ਨੇ ਮੈਨੂੰ ਬੁਕੱਲ ਵਿੱਚ ਲੈ ਲਿਆ ਅਤੇ ਦੋਹਾਂ ਹੱਥਾਂ ਨਾਲ ਮੇਰਾ ਸਿਰ ਵੀ ਪਲੂਸਿਆ। ਅਸੀਸਾਂ ਦੀ ਝੜ੍ਹੀ ਲਾ ਦਿੱਤੀ। ਵੇ ਪੁੱਤ ਤੁਸੀ ਤਾਂ ਹੁਣ ਸਹਿਰੀਏ ਹੋ ਗਏ। ਬਾਹਲੇ ਰੁੱਖੇ ਹੋ ਗਏ। ਤਾਈ ਨੇ ਮਿੱਠਾ ਉਲਾਂਭਾ ਵੀ ਦਿੱਤਾ। ਕਿਉਕਿ ਸਹਿਰ ਆਕੇ ਅਸੀ ਕਈ ਦਿਨ ਪਿੰਡ ਗੇੜਾ ਹੀ ਨਾ ਮਾਰ ਸਕੇ। ਸਦੀਆਂ ਦੀਆਂ ਸਾਂਝਾ ਸਨ ਸਾਡੀਆਂ ਉਸ ਪਿੰਡ ਨਾਲ। ਖਾਸਕਰ ਗਲੀ ਗੁਆਂਢ ਨਾਲ।ਪਿੰਡਾਂ ਵਿੱਚ ਕੁਝ ਮੋਹ ਪਿਆਰ ਅਤੇ ਅਪਨੱਤ ਕੁਝ ਜਿਆਦਾ ਹੀ ਹੁੰਦੀ ਹੈ। ਲੋਕ ਜਾਤ ਪਾਤ ਬਿਰਾਦਰੀ ਤੋਂ ਉਪਰ ਉਠਕੇ ਆਪਸ ਵਿੱਚ ਵਰਤਦੇ ਹਨ। ਪਿੰਡਾਂ ਦੇ ਲੋਕਾਂ ਦਾ ਆਪਸੀ ਵਰਤ ਵਰਤਾਵਾ ਸਹਿਰਾਂ ਦੇਲੋਕਾਂ ਨਾਲੋ ਕੁਝ ਜਿਆਦਾ ਹੀ ਹੁੰਦਾ ਹੈ। ਸਹਿਰੀ ਲੋਕਾਂ ਨੂੰ ਆਮ ਕਰਕੇ ਰੁੱਖੇ ਅਤੇ ਮਤਲਬੀ ਹੀ ਗਿਣਿਆਂ ਜਾਂਦਾ ਹੈ।ਉਸ ਸਮੇ ਮੈ ਤਾਈ ਦੀ ਗੱਲ ਨੂੰ ਬਹੁਤਾ ਨਾ ਗੋਲਿਆ। ਪਰ ਹੁਣ ਸਮੇ ਅਤੇ ਆਦਤਾਂ ਦੇ ਬਦਲਣ ਨਾਲ ਰਹਿਣੀ ਸਹਿਣੀ ਵਿੱਚ ਬਹੁਤ ਤਬਦੀਲੀ ਆਈ ਹੈ। ਤਾਈ ਸੱਚ ਹੀ ਕਹਿੰਦੀ ਸੀ ਵੇ ਤੁਸੀ ਤਾਂ ਹੁਣ ਸਹਿਰੀਏ ਹੋਗੇ।
ਨਿੱਕੇ ਹੁੰਦੇ ਜਦੋ ਸਵੇਰੇ ਉਠਦੇ ਤਾਂ ਚਾਹ ਦੇ ਗਿਲਾਸ ਨਾਲ ਚੁੱਲ੍ਹੇ ਦੀ ਅੱਗ ਤੇ ਗਰਮ ਕੀਤੀਆਂ ਰਾਤ ਵਾਲੀਆਂ ਰੋਟੀਆਂ ਮਿਲਦੀਆਂ। ਗਰਮ ਰੋਟੀ ਨੂੰ ਘਿਓ ਦੇ ਚਮਚ ਨਾਲ ਚੋਪੜਕੇ ਉਪਰ ਲੂਣ ਮਿਰਚ ਭੁੱਕ ਲੈਂਦੇ । ਸੱਚੀ ਉਹ ਰੋਟੀਆਂ ਬਿਸਕੁਟਾਂ ਨਾਲੋ ਵੀ ਵੱਧ ਸੁਆਦ ਲੱਗਦੀਆਂ। ਇਹੀ ਸਾਡਾ ਨਾਸaਤਾ ਹੁੰਦਾ ਸੀ। ਜਿਸ ਦਿਨ ਬੇਹੀਆਂ ਰੋਟੀਆਂ ਨਾ ਹੁੰਦੀਆਂ ਜਾ ਮਾਂ ਜਿਆਦਾ ਮਿਹਰਬਾਨ ਹੁੰਦੀ ਉਹ ਤਿੰਨ ਚੁੰਡੇ ਚਾਰ ਪਰਤਾਂ ਵਾਲੇ ਪਰਾਂਉਠੇ ਬਣਾ ਦਿੰਦੀ ਨਮਕ ਮਿਰਚ ਪਾਕੇ।ਮੱਖਣ ਰੱਖਕੇ ਖਾਂਦੇ। ਪਰ ਹੁਣ ਪ੍ਰਾTੁਂਠੇ ਨਹੀ ਕਾਗਜੀ ਪਰੋਂਠੀਆਂ ਬਣਦੀਆਂ ਹਨ। ਬ੍ਰੈਡ ਦੇ ਟੋਸਟ ਜਾਂ ਫਿਰ ਸੈਂਡਵਿੱਚ ਬਣਦੇ ਹਨ।ਕਦੇ ਕਦੇ ਤਾਂ ਨੂਡਲ ਪਾਸਤਾ ਵੀ ਬਣਦਾ ਹੈ। ਬਿਮਾਰੀ ਦਾ ਘਰ। ਉਹ ਗੱਲਾਂ ਨਹੀ ਰਹੀਆਂ । ਤਾਈ ਸੱਚ ਹੀ ਕਹਿੰਦੀ ਸੀ ਵੇ ਤੁਸੀ ਤਾਂ ਹੁਣ ਸਹਿਰੀਏ ਹੋਗੇ।
ਘਰੇ ਦੁੱਧ ਦਹੀ ਵਾਧੂ ਹੁੰਦਾ ਸੀ। ਮੱਖਣ ਅਤੇ ਦੇਸੀ ਘਿਉ ਦੇ ਪੀਪੇ ਭਰੇ ਰਹਿੰਦੇ। ਮਾਂ ਨੇ ਲੱਸੀ ਨੂੰ ਮੰਜੇ ਨਾਲ ਬੰਨੇ ਖੱਦਰ ਦੇ ਪੋਣੇ ਵਿੱਚ ਪਾਕੇ ਪੁਣ ਲੈਣਾ। ਫਿਰ ਪੋਣੇ ਨਾਲ ਲੱਗੇ ਗਾੜ੍ਹੇ ਪਨੀਰ ਨੂੰ ਲਾਹ ਕੇ ਉਬਲੇ ਹੋਏ ਆਲੂ ਪਾਕੇ ਵਧੀਆ ਰਾਇਤਾ ਪਾ ਲੈਂਦੇ ਸੀ। ਕਦੇ ਕਦੇ ਵੇਸਨ ਦੀਆਂ ਪਕੋੜੀਆਂ ਦਾ ਰਾਇਤਾ ਵੀ ਚਲ ਜਾਂਦਾ ਸੀ।ਹੁਣ ਵਧੀਆ ਦੁੱਧ ਲਿਆਕੇ ਦਹੀ ਜਮਾਉਂਦੇ ਹਾਂ। ਫਿਰ ਕਦੇ ਭੱਲਿਆਂ ਦਾ ਤੇ ਕਦੇ ਪਿਆਜ ਖੀਰਾ ਜਾ ਟਮਾਟਰ ਕੁਤਰ ਕੇ ਰਾਇਤਾ ਬਨਾਈਦਾ ਹੈ। ਕਈ ਵਾਰੀ ਮਿੱਠੀ ਚਟਨੀ ਤੇ ਭੁੰਨਿਆ ਜaੀਰਾ ਵੀ ਪਾਈਦਾ ਹੈ ।ਪਰ ਰਾਇਤਾ ਕੋਣ ਖਾਂਦਾ ਹੈ ਅੱਜ ਕੱਲ। ਇਹ ਤਾਂ ਸਬਜੀਆਂ ਦੇ ਨਾਲ ਵਾਧੂ ਬਨਾਇਆ ਜਾਂਦਾ ਹੈ। ਸਵਾਦ ਬਦਲ ਗਏ ਹਨ। ਤਾਈ ਸੱਚ ਹੀ ਕਹਿੰਦੀ ਸੀ, ਵੇ ਤੁਸੀ ਤਾਂ ਹੁਣ ਸਹਿਰੀਏ ਹੋਗੇ।
ਦਿਨ ਚੜਦੇ ਹੀ ਮੇਰੀ ਮਾਂ ਘਰ ਦੀ ਸਫਾਈ ਕਰਦੀ ਤੇ ਕਈ ਵਾਰੀ ਤਾਂ ਮੱਝਾਂ ਦਾ ਗੋਹਾ ਕੂੜਾ ਵੀ ਆਪ ਕਰਦੀ। ਵੱਡੇ ਵੱਡੇ ਟੋਕਰੇ ਚੁੱਕ ਕੇ ਆਪਣੀ ਰੂੜੀ ਤੇ ਸੁਟਣ ਜਾਂਦੀ ਤੇ ਆਉਂਦੀ ਹੋਈ ਓਹੀ ਟੋਕਰਾ ਪਾਥੀਆਂ ਦਾ ਭਰਕੇ ਲਿਆਉਣਾ ਨਾ ਭੁੱਲਦੀ।ਤੇ ਇਸੇ ਗੇੜੇ ਵਿੱਚ ਉਹ ਆਪਣਾ ਜੰਗਲ ਪਾਣੀ ਦਾ ਕੰਮ ਵੀ ਨਿਪਟਾ ਆਉਂਦੀ। ਓਦੋ ਆਹ ਮੋਦੀ ਆਲੀ ਖੁੱਲ੍ਹੇ ਚ ਸੋਚ ਆਲੀ ਪਾਬੰਧੀ ਨਹੀ ਸੀ ਹੁੰਦੀ। ਫਿਰ ਵੀਹ ਵੀਹ ਘੜੇ ਪਾਣੀ ਦੇ ਲਿਆਉਦੀ ਸਿਰ ਤੇ ਚੁੱਕ ਕੇ। ਕਦੇ ਸਿਰ ਨਹੀ ਸੀ ਦੁਖਿਆ।ਨਾ ਹੀ ਸਾਨੂੰ ਕਦੇ ਪਾਣੀ ਵਰਤਣ ਤੌ ਵਰਜਿਆ ਸੀ। ਪਰ ਹੁਣ ਉਹ ਗੱਲਾਂ ਨਹੀ ਰਹੀਆਂ। ਘਰੇ ਟੂਟੀ ਲੱਗੀ ਹੋਈ ਹੈ ਉਹ ਵੀ ਰਸੋਈ ਵਿੱਚ। ਕਦੇ ਪਾਣੀ ਦੀ ਸਮੱਸਿਆ ਨਹੀ ਆਈ। ਪਰ ਫਿਰ ਵੀ ਸਾਰਾ ਦਿਨ ਬਲੱਡ ਵਧਿਆ ਘਟਿਆ ਰਹਿੰਦਾ ਹੈ। ਤਾਈ ਸੱਚ ਹੀ ਕਹਿੰਦੀ ਸੀ ਵੇ ਤੁਸੀ ਤਾਂ ਹੁਣ ਸਹਿਰੀਏ ਹੋਗੇ।
ਪਿੰਡਾ ਵਿੱਚ ਕੋਈ ਨਾ ਕੋਈ ਗੁਆਢਣ ਕੋਲੀ ਚੁੱਕ ਕੇ ਆਈ ਹੀ ਰਹਿੰਦੀ, ਕਰਤਾਰ ਕੁਰੇ ਭੋਰਾ ਕੁ ਵਸਾਰ (ਹਲਦੀ) ਦੇਈ। ਖੰਡ ਦੀ ਕੋਲੀ ਉਧਾਰੀ ਦੇ ਦੇ। ਕੀ ਬਣਾਇਆ ਹੈ ਅੱਜ ?ਤੇ ਅਸੀ ਵੀ ਕਿਸੇ ਨਾ ਕਿਸੇ ਦਰ ਤੇ ਖੜ੍ਹੇ ਹੀ ਹੁੰਦੇ। ਕਿਸੇ ਤੋ ਲਸਣ ਮੰਗ ਲਿਆਉਣੀ । ਕਿਸੇ ਤੋ ਹਰੇ ਗੰਢੇ ਤੇ ਕਿਸੇ ਤੋ ਲੱਸੀ।ਹੋਰ ਨਹੀ ਤਾਂ ਜਿਸ ਦਿਨ ਖੁਦ ਤੋ ਖੇਤ ਨਾ ਜਾਇਆ ਜਾਂਦਾ ਉਸ ਦਿਨ ਮੱਝ ਲਈ ਪੱਠੇ ਹੀ ਮੰਗ ਲਿਆਉਂਦੇ। ਮਤਲਬ ਸਾਡੀ ਹਰ ਇੱਕ ਨਾਲ ਦਾਲ ਕੌਲੀ ਦੀ ਸਾਂਝ ਸੀ। ਇਹ ਹੀ ਸਾਡੀ ਸਾਨ ਸੀ ਤੇ ਸਾਡੇ ਵਿਰਸੇ ਦਾ ਹਿੱਸਾ। ਇਸ ਵਿੱਚ ਮੰਗਣ ਵਾਲੇ ਨੂੰ ਵੀ ਖੁਸੀ ਹੁੰਦੀ ਸੀ ਤੇ ਦੇਣ ਵਾਲੇ ਨੂੰ ਵੀ। ਸਰਮ ਨਾਮ ਦੀ ਕੋਈ ਚੀਜ ਨਹੀ ਸੀ ਹੁੰਦੀ। ਪਰ ਹੁਣ ਤਾਂ ਕਿਸੇ ਘਰੋ ਕੁਝ ਲਿਆਉਣਾ ਵੀ ਸਾਨ ਦੇ ਖਿਲਾਫ ਹੈ ਤੇ ਲੈਣ ਵਾਲੇ ਦਾ ਨਖਰਾ ਹੀ ਨਹੀ ਝੱਲਿਆ ਜਾਂਦਾ।ਸਭ ਆਪਣੀ ਰੁੱਖੀ ਮਿੱਸੀ ਖਾਕੇ ਖੁਸ ਹਨ।ਕੋਈ ਕਿਸੇ ਦਾ ਖਾ ਕੇ ਰਾਜੀ ਨਹੀ ਤੇ ਨਾ ਕੋਈ ਕਿਸੇ ਨੂੰ ਦੇ ਕੇ ਰਾਜੀ ਹੈ। ਫਾਲਤੂ ਸਮਾਨ ਸੁੱਟ ਦੇਣਾ ਮੰਨਜੂਰ ਹੈ ਪਰ ਕੋਈ ਲੈਦਾ ਨਹੀ। ਸਾਰੇ ਹੀ ਰੁੱਖੇ ਹਨ। ਤਾਈ ਸੱਚ ਹੀ ਕਹਿੰਦੀ ਸੀ ਵੇ ਤੁਸੀ ਤਾਂ ਹੁਣ ਸਹਿਰੀਏ ਹੋਗੇ।
ਵਿਆਹ ਸਾਦੀ ਤੇ ਅਕਸਰ ਇੱਕ ਦੂਜੇ ਦੇ ਕਪੜੇ ਮੰਗ ਕੇ ਪਾ ਲੈੰਦੇ। ਇੱਕ ਕੁੜਤੇ ਪਜਾਮੇ ਨਾਲ ਕਈ ਵਿਆਹ ਵੇਖ ਲੈਂਦੇ। ਸਰਦੀ ਵਿੱਚ ਦੋ ਦੋ ਤਿੰਨ ਤਿੰਨ ਕਮੀਜਾਂ ਪਾ ਲੈਂਦੇ। ਕੋਈ ਸਰਮ ਨਹੀ ਸੀ। ਪਰ ਹੁਣ ਇੱਕ ਸੂਟ ਨਾਲ ਇੱਕ ਫੰਕਸਨ ਹੀ ਵੇਖਿਆ ਜਾਂਦਾ ਹੈ। ਦੂਜੇ ਫੰਕਸਨ ਲਈ ਦੂਜਾ ਸੂਟ।ਪੁਰਾਣਾ ਕਪੜਾ ਤਾਂ ਪਾਉਣਾ ਕੀ , ਦੂਜੀ ਵਾਰੀ ਪਾਉਣਾ ਵੀ ਸਾਨ ਦੇ ਖਿਲਾਫ ਸਮਝਿਆ ਜਾਂਦਾ ਹੈ।ਮੋਚੀ ਤੋ ਟਾਕੀਆਂ ਲਗਾਕੇ ਗੰਢਾਈ ਜੁੱਤੀ ਅਤੇ ਟਾਕੀਆਂ ਵਾਲੇ ਕੁੜਤੇ ਗਰੀਬੀ ਤਾਂ ਬਿਆਨ ਕਰਦੇ ਸਨ । ਹੁਣ ਗਰੀਬ ਦੀ ਪਹਿਚਾਣ ਹੀ ਬਦਲ ਗਈ। ਸਹਿਰੀਏ ਜੋ ਹੋ ਗਏ ਹਾਂ । ਤੇ ਤਾਈ ਸੱਚ ਹੀ ਕਹਿੰਦੀ ਸੀ ਵੇ ਤੁਸੀ ਤਾਂ ਹੁਣ ਸਹਿਰੀਏ ਹੋਗੇ।
ਰਮੇਸ ਸੇਠੀ ਬਾਦਲ
ਮੋ 98 766 27 233
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj