(ਸਮਾਜ ਵੀਕਲੀ)
ਰਾਤ ਨੂੰ ਪੜ੍ਹਨ ਤੋਂ ਬਾਅਦ
ਪਹਿਲਾਂ ਵਾਂਗ ਹੀ ਸੌਂਦਾ ਹਾਂ
ਪਰ ਬਹੁਤਾ ਚਿਰ ਨਹੀਂ
ਤੇਰੀ ਯਾਦ ਸਿਰਹਾਣੇ ਆ ਬੈਠ ਜਾਂਦੀ ਹੈ
ਫਿਰ ਸਾਰੀ ਰਾਤ
ਯਾਦ ਤੇਰੀ ਨਾਲ ਗੱਲਾਂ ਦਾ ਕਰਦਿਆਂ ਲੰਘਦੀ ਹੈ
ਤੇਰੇ ‘ਗੁੱਡ ਨਾਈਟ’ ਕਹਿਣ ਤੇ
ਮੈਂ ਟੋਕਦਾ ਸਾਂ
‘ਮੈਨੂੰ ਵਿੱਛੜਨ ਤੋਂ ਡਰ ਲੱਗਦਾ ਹੈ’
ਪਰ ਹੁਣ ਤਾਂ ਤੇਰੇ ਬਿਨ
ਦਿਨ ਵੀ ਗੁਜ਼ਰ ਜਾਂਦਾ ਹੈ
ਤੇ ਰਾਤ ਵੀ
ਉਦਾਸੀ ਨਾਲ ਠਰੀ ਹੋਈ
ਜਦੋਂ ਮਿਲਦੇ ਸਾਂ
ਤਦ ਸਾਡੇ ਕੋਲ
ਬਹੁਤੇ ਹੁੰਦੇ ਸੀ ਰੋਸੇ ਤੇ ਸ਼ਿਕਵੇ
ਹੁਣ ਵਿੱਛੜ ਗਏ ਤਾਂ
ਦਿਲ ਵਿੱਚ ਬੇਸ਼ੁਮਾਰ ਮੁਹੱਬਤ ਹੈ
ਪਰ ਮੁਲਾਕਾਤ ਨਹੀਂ
ਤੂੰ ਕਹਿੰਦੀ ਸੀ
‘ਗੱਲਾਂ ਕਰਦੇ ਰਿਹਾ ਕਰੋ ‘
ਖੌਰੇ ਤੈਨੂੰ ਮੇਰੀਆਂ ਗੱਲਾਂ ਚੰਗੀਆਂ ਲੱਗਦੀਆਂ ਸਨ
ਮੈਂ ਤੇਰੇ ਲਈ ‘ਬਿਜੀ ਬੰਦਾ’ ਹੀ ਬਣਿਆ ਰਿਹਾ
ਹੁਣ ਜਦ ਫ਼ੁਰਸਤ ਮਿਲੀ
ਗੱਲ ਸੁਣਨ ਵਾਲਾ ਕੋਈ ਨਹੀਂ
ਸਾਨੂੰ ਇਤਰਾਜ਼ ਸੀ
ਇੱਕ ਦੂਜੇ ਦੇ ਹੱਸਣ ਬੋਲਣ ਤੇ
ਕਿਸੇ ਕੋਲ ਖੜ੍ਹਨ ਬੈਠਣ ਤੇ
ਹੁਣ ਦੋਵੇਂ ਕਿਸੇ ਹੋਰ ਦੇ ਹੋ ਕੇ ਰਹਿ ਜਾਵਾਂਗੇ
ਤਾਂ ਦੱਸ ਕਿਵੇਂ ਸਹਾਰਾਂਗੇ ?
ਜਗਤਾਰ ਸਿੰਘ ਹਿੱਸੋਵਾਲ
-9878330324
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly