ਕਵਿਤਰੀ: ਨਵ ਢਿੱਲੋਂ
(ਸਮਾਜ ਵੀਕਲੀ) ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਹੈ। ਇਸ ਦੌਰ ‘ਚ ਬਹੁਤ ਸਾਰੇ ਪ੍ਰਤੀਭਾਵਾਨ ਕਲਾਕਾਰ ਲਿਸ਼ਕ ਕੇ ਬਾਹਰ ਆ ਰਹੇ ਹਨ। ਸੋਸ਼ਲ ਮੀਡੀਆ ਨੇ ਬਹੁਤ ਸਾਰੇ ਗਾਇਕ ਲੇਖਕ ਜਾਂ ਕਹਿ ਲਓ ਹਰ ਖ਼ੇਤਰ ‘ਚੋਂ ਕਲਾਕਾਰ ਸਾਹਿਤਕਾਰ ਸਾਨੂੰ ਦਿੱਤੇ ਹਨ। ਇਨ੍ਹਾਂ ਪ੍ਰਤੀਭਾਵਾਨ ਸ਼ਖ਼ਸੀਅਤਾਂ ‘ਚੋਂ ਹੀ ਇੱਕ ਸ਼ਖ਼ਸੀਅਤ ਹੈ ਉੱਭਰ ਰਹੀ ਕਵਿਤਰੀ ਨਵ ਢਿੱਲੋਂ। ਨਵ ਢਿੱਲੋਂ ਨੂੰ ਪਹਿਲੀ ਵਾਰ ਇੰਸਟਾਗ੍ਰਾਮ ‘ਤੇ ਦੇਖਿਆ/ਸੁਣਿਆਂ ਸੀ। ਆਪਣਾ ਹੀ ਲਿਖ ਕੇ ਆਪਣੀ ਓ ਆਵਾਜ਼ ‘ਚ ਇੱਕ ਵੱਖਰੇ ਹੀ ਅੰਦਾਜ਼ ‘ਚ ਬਿਆਂ ਕਰਨਾ ਬਹੁਤ ਘੱਟ ਦੇ ਹਿੱਸੇ ਆਉਂਦਾ, ਇਹ ਨਵ ਢਿੱਲੋਂ ਦੇ ਵੀ ਹਿੱਸੇ ਆਇਆ।
ਆਪਣਾ ਹੀ ਲਿਖ ਕੇ ਤੇ ਆਪਣੀ ਹੀ ਬਹੁਤ ਸੋਹਣੀ, ਪਿਆਰੀ ਤੇ ਲੈਅਬੱਧ ਆਵਾਜ਼ ‘ਚ ਕਵਿਤਾਵਾਂ ਨੂੰ ਬੋਲ ਕੇ ਇੰਸਟਾਗ੍ਰਾਮ ‘ਤੇ ਅਪਲੋਡ ਕਰਕੇ ਸ਼ਾਇਦ ਹਰ ਸੋਸ਼ਲ ਮੀਡੀਆ ਵਰਤਣ ਵਾਲ਼ਾ ਨਵ ਢਿੱਲੋਂ ਤੋਂ ਵਾਕਿਫ਼ ਹੋਵੇਗਾ। ਇੱਕ ਵੱਖਰੇ ਹੀ ਅੰਦਾਜ਼ ‘ਚ ਬੋਲ ਕੇ ਕਵਿਤਾਵਾਂ ਨੂੰ ਪੇਸ਼ ਕਰਨਾ ਨਵ ਢਿੱਲੋਂ ਨੂੰ ਹੋਰਾਂ ਨਾਲੋਂ ਅਲੱਗ ਕਰਦਾ ਹੈ। ਨਵ ਢਿੱਲੋਂ ਇੰਸਟਾਗ੍ਰਾਮ ‘ਤੇ ਪ੍ਰਸਿੱਧ ਹੋਏ। ਉਨ੍ਹਾਂ ਦੀਆਂ ਕਵਿਤਾਵਾਂ ਨੂੰ ਸੁਣ ਕੇ ਸੋਚਦਾ ਸੀ ਕਿ ਨਵ ਢਿੱਲੋਂ ਨੂੰ ਆਪਣੀਆਂ ਕਵਿਤਾਵਾਂ ਨੂੰ ਕਿਤਾਬ ਦਾ ਰੂਪ ਦੇਕੇ ਆਪਣੀਆਂ ਰਚਨਾਵਾਂ ਨੂੰ ਹਮੇਸ਼ਾ ਲਈ ਅਮਰ ਕਰਨਾ ਚਾਹੀਦਾ ਹੈ।
ਖ਼ੈਰ, ਕਾਫ਼ੀ ਮਿਹਨਤ ਤੋਂ ਬਾਅਦ ਨਵ ਢਿੱਲੋਂ ਦੀ ਪਹਿਲੀ ਕਿਤਾਬ “ਤੂੰ ਤੋਂ ਤੁਸੀਂ ਤੱਕ” ਪੰਜਾਬੀ ਸਾਹਿਤ ਦੀ ਝੋਲੀ ਪੈ ਚੁੱਕੀ ਹੈ। ਇਸ ਕਿਤਾਬ ਨੂੰ ਤਿਆਰ ਕਰਨ ਲਈ ਕਾਫ਼ੀ ਮਿਹਨਤ, ਮੁਸ਼ੱਕਤ ਕਰਨੀ ਪਈ। ਮਿਹਨਤ ਮੁਸ਼ੱਕਤ ਤੇ ਸਬਰ ਨਾਲ਼ ਕੀਤਾ ਹਰ ਕੰਮ ਹਮੇਸ਼ਾ ਸੋਹਣਾ ਤੇ ਵਧੀਆ ਹੀ ਹੁੰਦਾ ਹੈ। ਵਧੀਆ ਕੰਮ ਦਾ ਨਤੀਜਾ ਵੀ ਅਕਸਰ ਵਧੀਆ ਹੀ ਨਿੱਕਲਦਾ ਹੈ।
ਨਵ ਢਿੱਲੋਂ ਦੀ ਕਵਿਤਾਵਾਂ ਦੀ ਕਿਤਾਬ “ਮੈਂ ਤੋਂ ਤੁਸੀਂ ਤੱਕ” ਨੂੰ “ਕਿਤਾਬ ਆਰਟ ਪਬਲੀਕੇਸ਼ਨ” (ਆਨਲਾਈਨ ਕਿਤਾਬ ਘਰ) ਵਾਲਿਆਂ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਕਿਤਾਬ ਦਾ ਬਹੁਤ ਹੀ ਖ਼ੂਬਸੂਰਤ ਸਰਵਰਕ ਇੰਦਰਵੀਰ ਨੇ ਤਿਆਰ ਕੀਤਾ ਹੈ। ਇਸ ਕਿਤਾਬ ਦੇ ਸਰਵਰਕ ਨੂੰ ਹੀ ਦੇਖ ਕੇ ਕਿਤਾਬ ਨੂੰ ਪੜ੍ਹਨ ਦੀ ਇੱਛਾ ਉਤਪੰਨ ਹੁੰਦੀ ਹੈ।
ਸੋ, ਮੈਂ ਵੀ “ਤੂੰ ਤੋਂ ਤੁਸੀਂ ਤੱਕ” ਕਿਤਾਬ ਨੂੰ ਨੀਝ ਨਾਲ ਪੜ੍ਹਿਆ ਤੇ ਕਿਤਾਬ ਨੂੰ ਪੜ੍ਹ ਕੇ ਜੋ ਅਨੁਭਵ ਹਾਸਿਲ ਕੀਤਾ, ਉਹ ਤੁਹਾਡੇ ਸਭ ਨਾਲ਼ ਸਾਂਝਾ ਕਰਨਾਂ ਚਾਹਾਂਗਾ। ਕਿਤਾਬ ਦਾ ਖ਼ੂਬਸੂਰਤ ਸਰਵਰਕ ਨਿਹਾਰਣ ਤੋਂ ਬਾਅਦ ਕਿਤਾਬ ਪੜ੍ਹਨ ਲਈ ਖੋਲ੍ਹੀ ਤਾਂ ਸਭ ਪਹਿਲਾਂ ਸਮਰਪਣ ਭਾਗ ਪੜ੍ਹਿਆ, ਨਵ ਢਿੱਲੋਂ ਨੇ ਆਪਣੀ ਪਹਿਲੀ ਕਿਤਾਬ ਆਪਣੇ ਮਾਤਾ ਪਿਤਾ ਜੀ ਨੂੰ ਬਹੁਤ ਸੋਹਣੇ ਸ਼ਬਦਾਂ ਨਾਲ਼ ਲਿਖ ਸਮਰਪਿਤ ਕੀਤੀ। ਉਸ ਤੋਂ ਬਾਅਦ ਤਤਕਰੇ ਤੋਂ ਪਤਾ ਲੱਗਿਆ ਕਿ ਕਿਤਾਬ ‘ਚ ਕੁੱਲ 61 ਛੋਟੀਆਂ ਵੱਡੀਆਂ ਕਵਿਤਾਵਾਂ ਪੜ੍ਹਨ ਨੂੰ ਮਿਲਣਗੀਆਂ। ਫਿਰ ਨਵ ਢਿੱਲੋਂ ਦੁਆਰਾ “ਆਪਣੇ ਵੱਲੋਂ ਲਿਖੇ ਕੁੱਝ ਸ਼ਬਦ” ਪੜ੍ਹੇ। ਇਨ੍ਹਾਂ ਸ਼ਬਦਾਂ ‘ਚ ਨਵ ਢਿੱਲੋਂ ਨੇ ਆਪਣੇ ਐਨੇ ਸੋਹਣੇ ਭਾਵ ਐਨੇ ਸੋਹਣੇ ਤਰੀਕੇ ਨਾਲ ਅਭਿਵਿਅਕਤ ਕੀਤੇ ਤਾਂ ਪੜ੍ਹ ਕੇ ਲੱਗਿਆ ਕਿ ਨਵ ਢਿੱਲੋਂ ਵਾਰਤਕ ਆਪਣੀਆਂ ਕਵਿਤਾਵਾਂ ਨਾਲੋਂ ਵੀ ਸੋਹਣਾ ਲਿਖ ਸਕਦੀ ਹੈ। ਉਸ ਤੋਂ ਬਾਅਦ ਸਿੱਧਾ ਕਵਿਤਾਵਾਂ ਦਾ ਅਗਾਜ਼ ਹੁੰਦਾ ਹੈ। ਕਿਸੇ ਪਾਸੋਂ ਵੀ ਕਿਤਾਬ ਬਾਰੇ ਕੋਈ ਸ਼ਬਦ ਨਾ ਲਿਖਵਾਉਣਾ ਮੈਨੂੰ ਵਧੀਆ ਲੱਗਿਆ। ਏਦਾਂ ਕਰ ਲੱਗਦਾ ਕਿ ਨਵ ਢਿੱਲੋਂ ਨੇ ਕਿਤਾਬ ਦਾ ਵਿਸ਼ਲੇਸ਼ਣ ਕਰਨਾ ਆਪਣੇ ਪਾਠਕਾਂ ਲਈ ਉਨ੍ਹਾਂ ਦੇ ਹਿਸਾਬ ਨਾਲ਼ ਕਰਨ ਲਈ ਖੁੱਲ੍ਹਾ ਛੱਡ ਦਿੱਤਾ, ਇਸ ਤਰ੍ਹਾਂ ਹਰ ਪਾਠਕ ਨੂੰ ਵੱਡਾ ਰੁਤਬਾ ਦਿੱਤਾ ਗਿਆ।
ਫਿਰ ਕਵਿਤਾਵਾਂ ਨੂੰ ਪੜ੍ਹਨਾ ਸ਼ੁਰੂ ਕੀਤਾ। ਪਹਿਲੀ ਹੀ ਕਵਿਤਾ “ਤੂੰ ਓਹੀ ਹੈ ਨਾ” ਮੈਂ ਨਵ ਢਿੱਲੋਂ ਦੇ ਮੂੰਹੋਂ ਸੁਣੀਂ ਸੀ, ਇਸ ਕਵਿਤਾ ਨੂੰ ਕਵਿਤਰੀ ਨੇ ਆਪਣੀ ਇੰਸਟਾਗ੍ਰਾਮ ਪ੍ਰੋਫਾਈਲ ‘ਤੇ ਬੋਲ ਕੇ ਖ਼ੂਬਸੂਰਤ ਤਰੀਕੇ ਨਾਲ਼ ਪੇਸ਼ ਕੀਤਾ ਸੀ।
ਉਸ ਤੋਂ ਅਗਲੀ ਕਵਿਤਾ ‘ਚ ਰਿਸ਼ਤਿਆ ਨੂੰ ਸੁਚਾਰੂ ਰੱਖਣ ਲਈ ਢੰਗ ਤਰੀਕੇ ਪੇਸ਼ ਕੀਤੇ,
” ਨੌਂ ਵਜੇ ਜੇ ਰੁੱਸ ਵੀ ਜਾਈਏ
ਨੌਂ ਪੰਜ ਤੱਕ ਰੋਸਾ ਛੱਡਣਾ ਪੈਂਦਾ,
ਤੇ ਰਿਸ਼ਤਾ ਕਦੋਂ ਬਚਾਉਣਾਂ ਹੋਵੇ
ਵੈਰ ਦਿਲਾਂ ‘ਚੋਂ ਕੱਢਣਾਂ ਪੈਂਦਾ ”
ਇਸ ਤੋਂ ਬਾਅਦ “ਹਸ਼ਤ ਰੇਖਾ, ਖ਼ਾਕ ਪਤਾ ਹੈ, ਤੈਨੂੰ ਕਿਹਨੇ ਕਹਿਤਾ” ਵੀ ਰਿਸ਼ਤਿਆਂ ਦੇ ਸੋਹਣੇ ਸੁਹੱਪਣ ਨੂੰ ਬਿਆਂ ਕਰਦੀਆਂ ਹਨ।
“ਬਿਆਨ ਤੋਂ ਪਰੇ” ਕਵਿਤਾ ‘ਚ ਇੱਕ ਕੁੜੀ ਕਿਸੇ ਮੁੰਡੇ ਦੁਆਰਾ ਭੈਣ ਕਹੇ ‘ਤੇ ਜੋ ਖੁਸ਼ੀ ਹਾਸਲ ਕਰਦੀ ਹੈ ਉਨ੍ਹਾਂ ਭਾਵਨਾਵਾਂ ਨੂੰ ਬਹੁਤ ਸੋਹਣੀ ਕਵਿਤਾ ਨਾਲ਼ ਪੇਸ਼ ਕੀਤਾ ਗਿਆ ਹੈ,
“ਜਦ ਕੋਈ ਉਪਰਾ ਮੈਨੂੰ ਭੈਣ ਆਖ ਦਿੰਦਾ,
ਉਹ ਖੁਸ਼ੀ ਨਾ, ਬਿਆਨ ਤੋਂ ਪਰੇ ਆ,
ਕਿੰਝ ਦੱਸਾਂ, ਕਿ ਦਿਲ ਓਦੋਂ ਕੀ ਮਹਿਸੂਸ ਕਰਦਾ,
ਕੁੱਝ ਸ਼ਬਦ ਹੁੰਦੇ, ਜ਼ੁਬਾਨ ਤੋਂ ਪਰੇ ਆ”
“ਧੰਨਵਾਦ ਆਪ ਜੀ ਦਾ ਠੋਕਰਾਂ ਖਵਾਉਣ ਲਈ ” ਇੱਕ ਬਹੁਤ ਹੀ ਵਧੀਆ ਰਚਨਾ ਹੈ। ਇਸ ਕਵਿਤਾ ‘ਚ ਉਨ੍ਹਾਂ ਲੋਕਾਂ ‘ਤੇ ਤੰਜ ਕੱਸਿਆ ਗਿਆ ਹੈ, ਜਿਹੜੇ ਹਮੇਸ਼ਾ ਲੱਤਾਂ ਖਿੱਚਦੇ ਹਨ, ਦਿਲ ਤੋੜਦੇ ਹਨ, ਜਾਂ ਸਾਡੀ ਪਿੱਠ ਪਿੱਛੇ ਸਾਨੂੰ ਨਿੰਦ ਦੇ ਹਨ। ਅਜਿਹੇ ਲੋਕ ਵੀ ਸਾਨੂੰ ਬਹੁਤ ਕੁੱਝ ਸਿਖਾ ਕੇ ਜਾਂਦੇ ਹਨ। ਇਹ ਇਸ ਕਵਿਤਾ ਰਾਹੀਂ ਦੱਸਿਆ ਗਿਆ।
“ਘੜੀ ਨਹੀਂ, ਸਮਾਂ ਚਾਹੀਦਾ” ਕਵਿਤਾ ‘ਚ ਮਹਿਬੂਬ ਆਪਣੇ ਪਿਆਰੇ ਨੂੰ ਆਪਣੇ ਜਨਮਦਿਨ ਮੌਕੇ ਸਮਾਂ ਦੇਣ ਲਈ ਕਹਿੰਦੀ ਹੈ ਕਿ ਹੋਰ ਸਭ ਤੋਹਫ਼ੇ ਫਿੱਕੇ ਪੈ ਜਾਣਗੇ ਜੇਕਰ ਤੁਹਾਡਾ ਸਮਾਂ ਮਿਲ ਜਾਵੇ। ਇਹ ਬਹੁਤ ਹੀ ਪਿਆਰੀ ਕਵਿਤਾ ਹੈ।
“ਢਲਦੀ ਉਮਰ” ਸ਼ਾਇਦ ਹਰ ਇੱਕ ਉਸ ਇਨਸਾਨ ਦਾ ਫ਼ਿਕਰ ਹੈ ਜੋ ਆਪਣੇ ਮਾਪਿਆਂ ਦੀ ਵੱਧਦੀ ਉਮਰ ਕਰਕੇ ਪ੍ਰੇਸ਼ਾਨ ਰਹਿੰਦਾ ਹੈ, ਮਾਪਿਆਂ ਦੀ ਵੱਧਦੀ ਉਮਰ ਦੇਖ ਦਿਲ ਹੌਲ਼ਦਾ ਹੈ। ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਉਸਦੇ ਮਾਪੇ ਹਮੇਸ਼ਾ ਉਨ੍ਹਾਂ ਦੇ ਕੋਲ ਹੀ ਰਹਿਣ,
” ਸਾਰੀ ਉਮਰ ਰਹੀ ਸੀ ਕੰਮ ਕਰਦੀ, ਮਾਂ ਕਦੇ ਨਹੀਂ ਸੀ ਥੱਕੀ,
ਹੁਣ ਡਾਕਟਰ ਨੇ ਵੀ ਬੀ ਪੀ ਦੀ ਗੋਲੀ, ਲਾ ਦਿੱਤੀ ਐ ਪੱਕੀ,
ਬਾਪੂ ਵੀ ਹੁਣ ਤੀਕਰ ਡੱਟਿਆ ਰਿਹਾ, ਵੱਧਦੀ ਸ਼ੂਗਰ ਤੋਂ ਹਰਨ ਲੱਗਾ,
ਮਾਪਿਆਂ ਦੀ ਵੱਧਦੀ ਉਮਰ ਦੇਖ, ਮੈਂ ਅੰਦਰੋਂ ਅੰਦਰੀ ਡਰਨ ਲੱਗਾ”
“90 ਦੇ ਦਹਾਕੇ ਵਾਲ਼ੇ ” ਕਵਿਤਾ ਸਾਡੇ ਵਰਗਿਆਂ ਵਾਸਤੇ ਹੈ। ਦਿਲ ਕਰਦਾ ਸੀ ਕਿ ਇਹ ਕਵਿਤਾ ਸਾਰੀ ਇੱਥੇ ਹੀ ਲਿਖ ਦੇਵਾਂ। ਇਸ ਕਵਿਤਾ ‘ਚ ਮਿਲ ਕੇ ਵਿੱਛੜੇ, ਨੌਕਰੀ ਲੱਗ ਗਏ, ਵਿਹਲੇ ਤੇ ਬਾਹਰ ਚੱਲੇ ਗਏ ਉਨ੍ਹਾਂ ਸਭ ਦੀ ਗੱਲ਼ ਕੀਤੀ ਗਈ ਹੈ ਜੋ 90 ਦੇ ਦਹਾਕੇ ਦੇ ਜੰਮਪਲ ਨੇ।
“ਪਿਓ ਦਾ ਪੈਗ਼ਾਮ” ‘ਚੋਂ ਦੋ ਲਾਇਨਾਂ,
” ਪਹਿਲਾਂ ਪੜ੍ਹ ਲਾ, ਕੁੱਝ ਬਣਜਾ,
ਫਿਰ ਜਿੱਥੇ ਕਹੇਂਗੀ, ਜਿਵੇਂ ਕਹੇਂਗੀ, ਕਰੇਗਾ ਪਿਓ ਤੇਰਾ, ਵਾਅਦਾ ਰਿਹਾ ਮੇਰਾ ”
“ਜੀਂਓ ਚਿੜੀਏ, ਮਰ ਚਿੜੀਏ” ਵੀ ਬਹੁਤ ਸੋਹਣੀ ਕਵਿਤਾ ਹੈ। ਪਹਿਲਾਂ ਕਿਤਾਬ ਦਾ ਨਾਮ ਇਸ ਟਾਈਟਲ ‘ਤੇ ਹੀ ਰੱਖਣਾ ਸੀ। ਇਸ ਕਵਿਤਾ ‘ਚੋਂ ਕੁੱਝ ਲਾਈਨਾਂ…
“ਖਾਮੋਸ਼ ਰਹਿ, ਭਾਵੇਂ ਗੱਲ ਨਾ ਕਰ,
ਕੋਲ਼ ਬਹਿ, ਭਾਵੇਂ ਮਸਲੇ ਹੱਲ ਨਾ ਕਰ,
ਅੱਜ ਦੀ ਅੱਜ ਮੈਂ ਵੇਖਣਾ ਤੈਨੂੰ
ਹੁਣ ਐਵੇਂ ਕੱਲ੍ਹ ਕੱਲ੍ਹ ਨਾ ਕਰ,
ਲਾਰਾ ਲਾਉਣੇ, ਕਿ ਕੰਮ ਜ਼ਰੂਰੀ
ਪਾਪ ਲੱਗੂਗਾ, ਛੱਲ ਨਾ ਕਰ।”
ਉਸਤੋਂ ਬਾਅਦ ਵਾਲੀਆਂ ਸੋਹਣੀਆਂ ਕਵਿਤਾਵਾਂ ਤੋਂ ਬਾਅਦ ਇੱਕ ਕਵਿਤਾ “ਕੀ ਲੱਗਦਾ ਸੌਖਾ ਪਿਆ ” ਦੀ ਇੱਕ ਲਾਈਨ ਬਹੁਤ ਖੂਬਸੂਰਤ ਲੱਗੀ,
“ਪੱਚੀਆਂ ਸਾਲਾਂ ਤੱਕ ਹਿੱਕ ਨਾਲ਼ ਲਾ ਕੇ, ਪੱਲਾ ਕਿਸੇ ਹੱਥ ਫੜ੍ਹਾ ਕੇ,
ਫਿਰ ਮਨ ਸਮਝਾਉਂਣਾਂ,
ਕੀ ਲੱਗਦਾ, ਸੌਖਾ ਪਿਆ..!”
“ਚੋਣਵਾਂ ਵਿਸ਼ਾ” ” ਜ਼ਿੰਦਗੀ ਜ਼ਿੰਦਾਬਾਦ” ਖਵਾਹਿਸ਼ਾਂ ਵੱਡੀਆਂ, ਘਰ ਛੋਟੇ” ਵੀ ਸੋਹਣੀਆਂ ਰਚਨਾਵਾਂ ਹਨ।
ਅਗਲੀਆਂ ਕਵਿਤਾਵਾਂ ‘ਚੋਂ ਕੁੱਝ ਪੰਕਤੀਆਂ ਥੋਡੇ ਨਾਲ਼ ਸਾਂਝੀਆਂ ਕਰਨਾਂ ਚਾਹਾਂਗਾ,
” ਜਿੰਨੇ ਦੇਖੇ ਚੰਗੇ ਬੰਦੇ, ਸਾਰੇ ਸੂਲੀ ਟੰਗੇ ਬੰਦੇ,
ਸੱਚ ਬੋਲੇਗਾ ਹਾਰ ਨੀਂ ਪੈਣੇ, ਪਰ ਗਲ਼ ਵਿੱਚ ਪੈ ਜਾਣੇ ਫੰਦੇ ”
” ਗਿਰਝਾਂ ਵਰਗੇ ਲੋਕਾਂ ਵਿੱਚ, ਖ਼ੁਦ ਨੂੰ ਮੈਂ ਕੱਜ ਲੈਂਦੀ ਹਾਂ,
ਸੁਰਖ਼ਰੂ ਹੋ ਜਾਂਦੀ ਹਾਂ, ਜਦੋਂ ਵੀ ਕਦੇ ਉਹ ਸਾਹਮਣੇ ਆਉਂਦਾ ਹੈ,
ਜ਼ਿੰਦਗੀ ਦੇ ਉਚਾਣ ਨਿਵਾਨ ਬੜ੍ਹੀ ਨੀਝ ਨਾਲ਼ ਗਾਹੇ ਮੈਂ,
ਡਿੱਕ ਡੋਲੇ ਖਾਂਦੀ ਨੂੰ ਸੰਵਾਰਨ ਲਈ ਬਾਹਾਂ ਉਹ ਨਿਵਾਓਂਦਾ ਹੈ”
“ਇਲਜ਼ਾਮ ਬੇਬੁਨਿਆਦ ਕਿਸੇ ਦੇ, ਸ਼ੱਕ ‘ਚ ਲਾਉਣੇ ਚੰਗੇ ਨਹੀਂ,
ਕੋਈ ਨਿੱਜੀ ਖੁੰਦਕ ਗੱਲ ਅੱਡ ਹੈ, ਕਿਸੇ ਦੀ ਚੱਕ ਲਾਉਂਣੇ ਚੰਗੇ ਨਹੀਂ,
ਜਦ ਰੱਬ ਦੀ ਲਾਠੀ ਵਰਦੀ ਹੈ, ਫਿਰ ਝੱਲ ਨਾ ਹੁੰਦੀਆਂ ਨੇ,
ਤੂੰ ਇੱਕ ਕਿਸੇ ਵੱਲ ਕਰਦਾਂ ਹੈਂ, ਆਹ ਤਿੰਨ ਤੇਰੇ ਵੱਲ਼ ਹੁੰਦੀਆਂ ਨੇ”
“ਜਿਹਦੇ ਕੋਲ਼ ਰੱਬ ਹੈ, ਸਭ ਹੈ, ਜ਼ਰਾਂ ਸੋਚ ਤਾਂ ਸਹੀ ,
ਐਨਾਂ ਸੌਖਾ ਵੀ ਨੀਂ ਮਿਲਦਾ, ਜ਼ਰਾ ਲੋਚ ਤਾਂ ਸਹੀ,
ਬਿਹਤਰ ਲਿਖਿਆ ਸਭ ਲਈ ਉਹਨੇ,
ਸਬਰ ਸ਼ੁਕਰ ਕਰਨਾ ਸਿੱਖ ਲਏ, ਵਾਹਿਗੁਰੂ ਬਸ ਮੂੰਹੋਂ ਨਾ ਕਹਿ,
ਧੂਰ ਅੰਦਰ ਤੱਕ ਰੂਹ ‘ਤੇ ਲਿਖਲੇ,
ਉਹ ਤਾਂ ਭਰੀ ਜਾ ਰਿਹਾ ਝੋਲ਼ੀਆਂ, ਨਜ਼ਰਾਨੇ ਬੋਚ ਤਾਂ ਸਹੀ।”
“ਕਿ ਉਹ ਪੁੱਛਦੇ ਮੈਂਥੋਂ
ਮੇਰਾ ਮਜ਼ਹਬ ਤੇ ਜ਼ਾਤ ਮੇਰੀ
ਕਿਹਾ ਨਾ….. ਇਨਸਾਨ ਆਂ…. ਕਾਫ਼ੀ ਨਹੀਂ..!”
” ਕੰਮ ਨਿਕਲਣ ਤੋਂ ਬਾਅਦ, ਛੱਡ ਜਾਵਣ ਸਾਥ ਇਓਂ ਲੋਕੀ,
ਜਿਓਂ ਬਾਰਿਸ਼ ਰੁੱਕਣ ਤੋਂ ਬਾਅਦ, ਛੱਤਰੀਆਂ ਬੋਝ ਲੱਗਦੀਆਂ ਨੇ..”
“ਖੋਰੇ ਕਿਸ ਕਿਆਮਤ ਨੂੰ, ਉਡੀਂਕਣ ਦੁਨੀਆਂ ਵਾਲ਼ੇ,
ਕਿ ਉਹਦਾ ਹਰ ਅੱਖਰ, ਨਿੱਤ ਰੋਜ਼ ਕਿਆਮਤ ਢਾਉਂਦਾ ਹੈ”
ਇਸੇ ਤਰ੍ਹਾਂ ਸੋਹਣੀਆਂ ਕਵਿਤਾਵਾਂ ਦੇ ਨਾਲ ਇਸ ਸੋਹਣੀ ਕਿਤਾਬ ਦੀ ਸੰਪੂਰਨਤਾ ਹੋਈ। ਸਾਰੀ ਕਿਤਾਬ ਪੜ੍ਹ ਆਏਂ ਲੱਗਿਆ ਜਿਵੇਂ ਇੱਕੋ ਕਿਤਾਬ ‘ਚ ਬਹੁਤ ਸਾਰੇ ਵਿਸ਼ਿਆਂ ‘ਚ ਟੁੱਭੀ ਲਾਈ ਹੋਵੇ। ਕਿਤਾਬ ਦੇ ਨਾਮ ਤੋਂ ਬੇਸ਼ੱਕ ਤੁਹਾਨੂੰ ਲੱਗੇਗਾ ਕਿ ਕਿਤਾਬ “ਤੂੰ ਤੋਂ ਤੁਸੀਂ ਤੱਕ” ‘ਚ ਜ਼ਿਆਦਤਰ ਮੁਹੱਬਤ ਦੀ ਗੱਲ ਹੋਵੇਗੀ ਪਰ ਨਹੀਂ, ਇਸ ਕਿਤਾਬ ‘ਚ ਸਮਾਜ ਦੇ ਬਹੁਤ ਸਾਰੇ ਵਿਸ਼ਿਆਂ ਨੂੰ ਕਲਮਬੱਧ ਤੇ ਰਿਸ਼ਤਿਆਂ ਦੀ ਖ਼ੂਬਸੂਰਤੀ ਨੂੰ ਬਿਆਂ ਕੀਤਾ ਗਿਆ ਹੈ। ਇਸ ਕਿਤਾਬ ‘ਚ ਕੁੱਝ ਵੀ ਨਕਾਰਾਤਮਕ ਨਹੀਂ ਲਿਖਿਆ, ਸਕੂਨ ਦਿੰਦੀ ਕਿਤਾਬ ਹੈ “ਮੈਂ ਤੋਂ ਤੁਸੀਂ ਤੱਕ”
ਤੁਸੀਂ ਇਹ ਕਿਤਾਬ ਖ਼ਰੀਦ ਕੇ ਜ਼ਰੂਰ ਪੜ੍ਹਿਓ। ਇਸ ਕਿਤਾਬ ‘ਚ ਬਹੁਤ ਹੀ ਸੁਲਝੀ ਹੋਈ ਕਲ਼ਮ ਦੀਆਂ ਕਵਿਤਾਵਾਂ ਪੜ੍ਹਣ ਮੌਕੇ ਤੁਸੀਂ ਬਿਲਕੁੱਲ ਨਹੀਂ ਅੱਕੋਂਗੇ, ਥੱਕੋਂਗੇ। ਨਵ ਢਿੱਲੋਂ ਦੀ ਲਿਖੀ ਇਹ ਕਿਤਾਬ ਸਾਡੇ ਲਈ ਵੀ ਬਹੁਤ ਖ਼ਾਸ ਹੈ ਕਿਉਂਕਿ ਇਹ ਕਿਤਾਬ ਆਪਣੇ ਪ੍ਰੋਗਰਾਮ “ਦੂਜੇ ਸਾਹਿਤਕ ਅਤੇ ਸਨਮਾਨ ਸਮਾਰੋਹ” ਮੌਕੇ ਦੋਰਾਹੇ ‘ਚ ਲੋਕ ਅਰਪਣ ਹੋਈ ਸੀ। ਇਸ ਕਿਤਾਬ ਦਾ ਦੋਰਾਹੇ ਲੋਕ ਅਰਪਣ ਹੋਣਾ ਸਾਡੇ ਲਈ ਵੀ ਮਾਣ ਵਾਲ਼ੀ ਗੱਲ਼ ਹੈ। ਇਸ ਕਿਤਾਬ ਨੂੰ ਪੜ੍ਹ ਕੇ ਸਾਰੇ ਆਪਣੇ ਰੀਵਿਊ ਜ਼ਰੂਰ ਦਿਓ। ਨਵ ਢਿੱਲੋਂ ਨੂੰ ਉਨ੍ਹਾਂ ਦੀ ਇਸ ਕਿਤਾਬ ਲਈ ਬਹੁਤ-ਬਹੁਤ ਮੁਬਾਰਕਾਂ ਅਤੇ ਅੱਗੇ ਤੋਂ ਹੋਰ ਵਧੀਆ ਲਿਖਣ ਲਈ ਸ਼ੁਭਕਾਮਨਾਵਾਂ।
• ਜੋਬਨ ਖਹਿਰਾ •
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj