(ਸਮਾਜ ਵੀਕਲੀ)
ਸਾਲਾਨਾ ਪੇਪਰ ਨੇੜੇ ਹੋਣ ਕਾਰਨ, ਅੰਗਰੇਜੀ ਤੇ ਸਮਾਜਿਕ ਔਖੇ ਮੰਨੇ ਜਾਂਦੇ ਵਿਸ਼ਿਆਂ ਦਾ ਰਿਜਲਟ ਵਧੀਆ ਆਵੇ। ਇਸ ਤੋਂ ਪਹਿਲਾ ਨੈਸ ਪ੍ਰੀਖਿਆ ਦਾ ਡਰ, ਵਿਦਿਆਰਥੀਆਂ ਦੇ ਆਪਣੇ ਪੀਰੀਅਡ ਤੋਂ ਇਲਾਵਾ, ਐਡਜਸਟਮੈਂਟ ਵੀ ਬੋਰਡ ਦੀਆਂ ਕਲਾਸਾਂ ਵਿੱਚ ਕਰਵਾਉਣੀ। ਕਈ ਵਾਰ ਕੰਪਿਊਟਰ ਜਾਂ ਆਰਟ ਐਂਡ ਕਰਾਫਟ ਦਾ ਪੀਰੀਅਡ ਵੀ ਮੰਗ ਕੇ ਲਾਉਣਾ ਕਿ ਵਿਦਿਆਰਥੀ ਪਾਸ ਹੋ ਜਾਣ। ਕਈ ਵਾਰ ਅਜਿਹਾ ਕਰਦਿਆ ਮੈਥ, ਸਾਇੰਸ ਵਰਗੇ ਔਖੇ ਵਿਸ਼ਿਆਂ ਵਾਲੇ ਅਧਿਆਪਕਾਂ ਨਾਲ ਵੀ ਤਕਰਾਰ ਹੋ ਜਾਣਾ ਕਿ ਬੋਰਡ ਦੀ ਕਲਾਸ ਵਿੱਚ ਅਸੀਂ ਪੀਰੀਅਡ ਲਾਉਣਾ ਹੈ। ਕਈ ਵਾਰ ਵਿਦਿਆਰਥੀ ਅਧਿਆਪਕਾਂ ਦੇ ਅਜਿਹੇ ਵਰਤਾਰੇ ਦਾ ਅਨੰਦ ਵੀ ਮਾਣਦੇ ਹਨ, ਜਦੋਂ ਅਧਿਆਪਕ ਪੀਰੀਅਡ ਲੈਣ ਲਈ ਆਪਸੀ ਬਹਿਸ ਕਰਦੇ ਹਨ, ਕਦੇ ਜਿਆਦਾ ਪੀਰੀਅਡ, ਲਾਉਣ ਵਾਲੇ ਤੋਂ ਅਕੇਵਾ ਮਹਿਸੂਸ ਵੀ ਕਰਦੇ ਹਨ।
ਪਰ ਜਦੋਂ ਪੇਪਰ ਦੇ ਕੇ ਬਾਹਰ ਆਉਂਦੇ ਹਨ, ਸਾਰਾ ਪੇਪਰ ਆਉਂਦਾ ਹੋਣ ਕਾਰਨ ਜੋ ਖੁਸ਼ੀ, ਉਤਸ਼ਾਹ ਖੇੜਾ ਉਹਨਾਂ ਦੇ ਮੂੰਹ ਤੇ ਹੁੰਦਾ ਹੈ, ਉਹ ਬਿਆਨ ਕਰਨੋ ਬਾਹਰ ਹੁੰਦਾ ਹੈ। ਪੇਪਰ ਵਿੱਚੋਂ ਬਾਹਰ ਆ ਕੇ ਉਹ ਕਹਿਣਗੇ ਮੈਡਮ ਇਹ ਤੁਸੀਂ ਜਿੰਨ੍ਹਾ ਪੜਾਇਆ ਸੀ, ਉਹ ਪੇਪਰ ਵਿੱਚ ਆ ਗਿਆ ਜੀ, ਪੇਪਰ ਤਾਂ ਬੜਾ ਸਿਰਾ ਹੋਇਆ ਜੀ, ਇਹੋ ਉਤਸ਼ਾਹ ਦੇਖਣ ਲਈ ਔਖੇ ਹੋ ਕੇ ਪੀਰੀਅਡ ਲਾਉਂਦੇ ਹਾਂ ਤੇ ਵਿਦਿਆਰਥੀਆਂ ਨੂੰ ਵੀ ਸਖਤੀ ਕਰਕੇ ਔਖੇ ਕਰਦੇ ਹਾਂ। ਇੱਕ ਦਿਨ ਜਦੋਂ ਤੀਜੀ ਵਾਰ ਖੇਡਾਂ ਦਾ ਪੀਰੀਅਡ ਮੰਗ ਕੇ ਅੱਠਵੀਂ ਜਮਾਤ ਨੂੰ ਪੜਾਉਣ ਦੀ ਕੋਸ਼ਿਸ ਕੀਤੀ ਤਾਂ ਇੱਕ ਵਿਦਿਆਰਥੀ ਨੇ ਮੂੰਹ ਬਣਾਉਂਦੇ ਹੋਏ ਕਿਹਾ ਇਹ ਤਾਂ ਮੰਗਤੇ ਨੇ ਸਾਰਾ ਦਿਨ ਪੀਰੀਅਡ ਮੰਗਦੇ ਰਹਿੰਦੇ ਨੇ ਅਸੀਂ ਖੇਡਣਾ ਸੀ, ਮੈਨੂੰ ਤਾਂ ਉਸ ਦੀ ਬਹੁਤੀ ਸਮਝ ਨਾ ਆਈ ਪਰ ਨਾਲ ਬੈਠੇ ਵਿਦਿਆਰਥੀ ਨੇ ਆਗਿਆਕਾਰ ਕਹਾਉਣ ਲਈ ਮੇਰੇ ਕੋਲ ਸ਼ਿਕਾਇਤ ਲਾਈ ਮੈਡਮ ਜੀ, ਇਹ ਥੋਨੂੰ ਮੰਗਤਾ ਕਹਿੰਦਾ ਜੀ। ਮੈਂ ਕਿਹਾ ਕੀ “ ਮੰਗਤਾ ” ।
ਮੈਂ ਕਿਹਾ ਕਿਉਂ ਬੇਟੇ ਕੀ ਗੱਲ ਹੈ? ਕੀ ਕਹਿੰਦਾ ਐ || ਉਸ ਨੇ ਮਾਸੂਮੀਅਤ ਨਾਲ ਨੀਵੀਂ ਪਾ ਕੇ ਡਰਦਿਆਂ ਕਿਹਾ ਮੈਡਮ ਜੀ ਮੈ ਕੱਲਾ ਥੋੜਾ ਕਹਿੰਦਾ ਸਾਰੀ ਜਮਾਤ ਹੀ ਕਹਿੰਦੀ ਐ || ਕੀ ਕਹਿੰਦੀ ਐ, ਮੈਡਮ ਦਸਵੀਂ ਵਾਲੇ ਵੀ ਕਹਿੰਦੇ ਐ, ਕੀ ਕਹਿੰਦੇ ਐ? ਮੰਗਤੇ ਜੀ, ਮੰਗਤੇ ਤਾਂ ਸਾਰੀ ਕਲਾਸ ਇੱਕ ਦਮ ਬੋਲਣ ਲੱਗੀ, ਤੁਸੀਂ ਸਾਰਾ ਦਿਨ ਪੀਰੀਅਡ ਮੰਗ-ਮੰਗ ਕੇ ਲਾਉਂਦੇ ਹੋ ਨਾ, ਇਸੇ ਕਰਕੇ ਥੋਨੂੰ ਬੱਚੇ ਪੀਰੀਅਡ ਦੇ ਮੰਗਤੇ ਕਹਿੰਦੇ ਹਨ। ਬੱਚਿਆ ਮੂੰਹੋ ਅਜਿਹੇ ਸ਼ਬਦ ਸੁਣ ਕੇ ਗੁੱਸਾ ਵੀ ਆਇਆ ਤੇ ਹਾਸਾ ਵੀ। ਮੈਂ ਦੋਨੋ ਹੱਥ ਉਨ੍ਹਾਂ ਵੱਲ ਕਰਕੇ ਅਸ਼ੀਰਵਾਦ ਦਿੱਤਾ ਰੱਬ ਥੋਨੂੰ ਵੀ ਮੇਰੇ ਵਾਂਗੂ ਮੰਗਤਾ ਬਣਾਣੇ। ਸਾਰੀ ਜਮਾਤ ਹੱਸਣ ਲੱਗੀ ਤੇ ਇੱਕ ਵਿਦਿਆਰਥੀ ਬੋਲਿਆ ਅਸੀਂ ਤਾਂ ਖਿਡਾਇਆ ਵੀ ਕਰਾਂਗੇ ਤੇ ਪੜਾਇਆ ਵੀ ਕਰਾਂਗੇ।
ਉਹਨਾਂ ਦਾ ਖੇਡਾਂ ਪ੍ਰਤੀ ਉਤਸ਼ਾਹ ਦੇਖ ਕੇ ਮੈਂ ਕਿਹਾ ਚੱਲੋ ਅੱਜ ਆਪਾ ਖੇਡਦੇ ਹਾ ਸਾਰੇ ਬੱਚੇ ਹੋ-ਹੋ-ਹੋ ਕਰਦੇ ਖੁਸ਼ੀ ਨਾਲ ਗਰਾਉਂਡ ਵੱਲ ਦੋੜੇ ਪੂਰਾ ਪੀਰੀਅਡ ਖੇਡ ਕੇ ਵਿਦਿਆਰਥੀ ਧੰਨਵਾਦ ਕਰਦੇ ਹੋਏ ਕਹਿਣ ਲੱਗੇ ਅਸੀਂ ਘਰੋਂ ਤੁਹਾਡਾ ਦਿੱਤਾ ਕੰਮ ਯਾਦ ਕਰਕੇ ਆਵਾਂਗੇ ਜੀ, ਤੁਸੀਂ ਸਾਨੂੰ ਥੋੜਾ ਖਿਡਾਇਆ ਕਰੋ। ਉਹਨਾਂ ਨੂੰ ਖੇਡਦਿਆਂ ਦੇਖ ਕੇ ਮਨ ਨੂੰ ਬੜਾ ਸਕੂਨ ਮਿਲਿਆ। ਜਿਹੜੇ ਅੱਧੀ ਛੁੱਟੀ ਬਾਅਦ ਕਲਾਸ ਵਿੱਚੋਂ ਭੱਜ ਜਾਂਦੇ ਸਨ, ਉਹਨਾਂ ਆ ਕੇ ਕਿਹਾ ਜੇਕਰ ਰੋਜ ਖਿਡਾਉਣ ਲੱਗਗੇ ਫੇਰ ਨਹੀਂ ਜੀ ਭੱਜਦੇ। ਪੜ੍ਹ-ਪੜ੍ਹ ਕੇ ਅੱਕ ਜਾਂਦੇ ਤਾਂ ਭੱਜਣ ਨੂੰ ਜੀ ਕਰਦਾ। ਰੋਜ ਭੱਜਣ ਵਾਲੇ ਖੇਡਾਂ ਵਿੱਚ ਬੜੀਆ ਮੱਲਾ ਮਾਰਨ ਲੱਗੇ। ਵਿਦਿਆਰਥੀ ਜੀਵਨ ਵਿੱਚ ਖੇਡਾਂ ਦੀ ਕਿੰਨ੍ਹੀ ਲੋੜ ਹੈ। ਜੇਕਰ ਸਕੂਲਾਂ ਵਿੱਚ ਸੱਭਿਆਚਾਰਕ ਪ੍ਰੋਗਰਾਮ, ਖੇਡਾਂ ਤੇ ਹੋ ਝੂਲੇ ਪੀਘਾਂ ਦਿਲ ਖਿੱਚਣੀਆਂ ਕਿਰਿਆਵਾਂ ਹੁੰਦੀਆਂ ਰਹਿਣਗੀਆਂ ਤਾਂ ਵਿਦਿਆਰਥੀ ਕਦੇ ਅਕੇਵਾਂ ਮਹਿਸੂਸ ਨਹੀਂ ਕਰਨਗੇ।
ਮੈਨੂੰ ਆਪਣਾ ਬੇਟਾ ਯਾਦ ਆਇਆ ਜਦੋਂ ਉਹਨਾਂ ਦਾ ਖੇਡਾਂ ਵਾਲਾ ਪੀਰੀਅਡ ਕੋਈ ਹੋਰ ਅਧਿਆਪਕ ਲੈ ਕੇ ਪੜਾਉਣ ਲੱਗ ਜਾਂਦਾ ਸੀ। ਘਰ ਆ ਕੇ ਉਹ ਗੁੱਸੇ ਹੁੰਦਾ ਤੇ ਕਦੀ ਰੋਣ ਲੱਗ ਜਾਂਦਾ ਸਾਨੂੰ ਮੈਡਮ ਨੇ ਖੇਡਣ ਕਿਉਂ ਨਹੀਂ ਦਿੱਤਾ। ਮੈਂ ਉਸਨੂੰ ਪਿਆਰ ਨਾਲ ਸਮਝਾਉਣਾ ਜਿਵੇਂ ਤੁਹਾਡਾ ਖੇਡਣ ਨੂੰ ਦਿਲ ਕਰਦਾ ਹੈ ਅਧਿਆਪਕ ਦਾ ਵੀ ਦਿਲ ਕਰਦਾ ਹੈ ਕਿ ਵਿਹਲਾ ਬੈਠ ਕੇ ਆਰਾਮ ਕਰੇ, ਸਾਥੀ ਆਧਿਆਪਕਾਂ ਨਾਲ ਗੱਲਾਂ ਕਰੇ ਜਾਂ ਸਕੂਲ ਦੇ ਹੋਰ ਕੰਮ ਜੋ ਘਰ ਜਾ ਕਰਦਾ ਹੈ ਜਿਵੇਂ ਪੇਪਰ ਚੈਕ ਕਰਨੇ ਡਾਇਰੀ ਲਿਖਣੀ, ਕਿਤਾਬਾਂ ਪੜਨੀਆਂ ਆਦਿ। ਪਰ ਉਹ ਤੁਹਨੂੰ ਪਹਿਲ ਦੇ ਰਿਹਾ ਹੈ ਕਿ ਮੇਰੇ ਵਿਦਿਆਰਥੀ ਪੜ੍ਹ ਜਾਣ, ਕਿਤੇ ਫੇਲ ਨਾ ਹੋ ਜਾਣ। ਉਨ੍ਹਾਂ ਦਾ ਦਿਲੋਂ ਧੰਨਵਾਦ ਕਰਿਆ ਕਰੋ ਤੇ ਗੁੱਸਾ ਨਾ ਕਰਿਆ ਕਰੋ।
ਸੁਖਵਿੰਦਰ ਕੌਰ ਫਰੀਦਕੋਟ