(ਸਮਾਜ ਵੀਕਲੀ) ਸਰਪੰਚ ਨੇ ਦਲਜੀਤ ਸਿੰਘ ਨੂੰ ਪੁੱਛਿਆ,”ਹੈਂ…ਤਲਾਕ….ਕੀ ਹੋਇਆ… ਥੋਡੀ ਲੜਾਈ ਕਿਸ ਗੱਲ ਦੀ ਹੈ,ਤੂੰ ਕਹਿਨਾਂ ਇਹ ਕੁੜੀ ਵੱਸਣਾ ਹੀ ਨੀ ਚਾਹੁੰਦੀ,ਕੋਈ ਕਾਰਨ ਤਾਂ ਹੋਊ ਈ ਨਾਂ ਦਲਜੀਤ ਸਿਆਂ,ਤੁਸੀ ਜਾਂ ਥੋਡਾ ਮੁੰਡਾ ਤੰਗ ਕਰਦਾ ਹੋਊ ਇਹਨੂੰ,ਓਏ ਕਿਤੇ ਦਾਜ-ਲੋਭੀਆਂ ਵਾਂਗੂ ਇਹਦੇ ਪੇਕਿਓਂ ਤਾਂ ਨੀ ਕੁਸ਼ ਭਾਲ਼ਦੇ ਜਾਂ ਕੁੱਟ ਮਾਰ ਤਾਂ ਨੀ ਕਰਦੇ?ਕੋਈ ਵਜ੍ਹਾ ਤਾਂ ਹੋਊ ਇਹਦੇ ਤਲਾਕ ਮੰਗਣ ਪਿੱਛੇ?ਓ,ਯਾਰ ਤੁਸੀ ਮੇਰੇ ਸਿਰ ਸਵਾਹ ਨਾਂ ਪੁਆ ਦਿਓ,ਮੈਂ ਤਾਂ ਥੋਡੀ ਨੇਕੀ ਦੇਖ ਕੇ ਇਹ ਰਿਸ਼ਤਾ ਕਰਵਾਇਆ ਸੀ,ਮੈਂ ਉੱਧਰ ਕੀ ਮੂੰਹ ਦਿਖਾਉਂ |” ਸਰਪੰਚ ਸੋਚ ਰਿਹਾ ਸੀ ਕਿ ਕਿਉਂ ਸਹੁਰੇ ਹੀ ਮਾਪਿਆਂ ਦੀਆਂ ਚਾਵਾਂ ਨਾਲ਼ ਪਾਲੀਆਂ ਧੀਆਂ ਨੂੰ ਤੰਗ ਕਰਦੇ ਰਹਿੰਦੇ ਨੇ |
ਦਲਜੀਤ ਸਿੰਘ,ਉਹਦੀ ਪਤਨੀ ਸਿਮਰਜੀਤ,ਪੁੱਤ ਜਗਮੀਤ ਤਿੰਨੇ ਜਣੇ ਸੁੰਨ-ਬੱਟੇ ਜਿਹੇ ਬਣੇ ਖੜੇ ਸਨ |ਜਗਮੀਤ ਬੋਲਿਆ,”ਸਰਪੰਚ ਸਾਬ,ਇਹੀ ਤਾਂ ਸਾਨੂੰ ਸਮਝ ਨੀਂ ਲੱਗਦੀ…ਨਾਂ ਬੀਬੀ-ਬਾਪੂ ਨੇ ਕਦੇ ਇਹਨੂੰ ਮੰਦਾ ਚੰਗਾ ਕਿਹਾ,ਨਾਂ ਮੈਂ ਹੀ ਕੋਈ ਫੋਟ -ਫਿੱਟੇ ਮੂੰਹ ਕਹੀ ਆ ਕਦੇ..
ਪਰ ਹਰਿੰਦਰ ਦੇ ਮੱਥੇ ਦੀ ਤਿਉੜੀ ਨੀਂ ਜਾਂਦੀ,ਕਦੇ ਸਿੱਧੇ ਮੂੰਹ ਕਿਸੇ ਨਾਲ਼ ਗੱਲ ਹੀ ਨਹੀਂ ਕਰਦੀ,ਕੱਲ ਤਾਂ ਹੱਦ ਈ ਕਰਤੀ ਇਹਨੇ,ਕਹਿੰਦੀ “ਮੈਨੂੰ ਤਾਂ ਤਲਾਕ ਈ ਚਾਹੀਦਾ,ਮੈਂ ਨੀਂ ਰਹਿਣਾ ਇੱਥੇ ਕਿਸੇ ਵੀ ਹਾਲ ਵਿੱਚ “…ਤਾਂਹੀਂ ਫੇਰ ਬਾਪੂ ਜੀ ਨੇ ਥੋਨੂੰ ਬੁਲਾਇਆ, ਤੁਸੀ ਹੀ ਵਿਚੋਲੇ ਸੀ,ਤੁਸੀ ਹੀ ਪੁੱਛ ਲਓ |ਦੇਖ ਲੋ ਸਮਝਾ ਕੇ, ਜੇ ਸਮਝਦੀ ਆ…ਮੈਂ ਤਾਂ ਪੁੱਛ ਪੁੱਛ ਕੇ ਥੱਕ ਗਿਆਂ…ਕੋਈ ਰਾਹ ਪੱਲਾ ਈ ਨੀਂ ਫੜਾਉਂਦੀ….ਨਹੀਂ ਤਾਂ ਫੇਰ ਦੋਵੇਂ ਪੰਚਾਇਤਾਂ ਬਿਠਾ ਕੋਈ ਫ਼ੈਸਲਾ ਹੀ ਕਰੀਏ |”
ਸਰਪੰਚ ਨੇ ਹਰਿੰਦਰ ਨੂੰ ਕਿਹਾ,”ਪੁੱਤ,ਜੇ ਕੋਈ ਔਖ ਆ ਤੈਨੂੰ ਇੱਥੇ ਤਾਂ ਮੈਨੂੰ ਦੱਸ,ਆਹ ਕੀ ਤਮਾਸ਼ਾ ਲਾ ਬੈਠੀ ਐਂ|”
ਹਰਿੰਦਰ ਬੋਲੀ,”ਚਾਚਾ ਜੀ,ਮੈਂ ਤਾਂ ਇਹ ਵਿਆਹ ਕਰਾਉਣਾ ਈ ਨੀਂ ਸੀ ਚਾਹੁੰਦੀ …ਮੇਰੇ ਮਾਪਿਆਂ ਨੇ ਮੈਨੂੰ ਧੱਕੇ ਨਾਲ਼ ਇੱਥੇ ਤੋਰਤਾ…ਮੇਰਾ ਜੀ ਨੀਂ ਲੱਗਦਾ ਇੱਥੇ..ਇਹ ਸਾਰੇ ਭਾਵੇਂ ਮੈਨੂੰ ਕੁਸ਼ ਨੀਂ ਕਹਿੰਦੇ…ਪਰ ਮੈਂ ਰਹਿਣਾ ਈ ਨੀਂ ਇੱਥੇ…ਦੋ ਟੁੱਕ ਫ਼ੈਸਲਾ ਹੀ ਕਰਨਾਂ ਬੱਸ…ਤੇ ਦਸ ਲੱਖ ਰੁਪਏ ਵੀ ਲੈਣੇ ਨੇ…ਨਹੀਂ ਤਾਂ ਮੈਂ ਵਿਮਿਨ ਸੈੱਲ ਵਿੱਚ ਦਾਜ ਦੇ ਲਾਲਚੀ ਹੋਣ ਦੀ ਸ਼ਿਕਾਇਤ ਕਰ ਦੇਣੀ ਆ….ਮੈਨੂੰ ਤਲਾਕ ਈ ਚਾਹੀਦਾ…ਫੇਰ ਤਾਂ ਮੇਰੇ ਮਾਪੇ…ਮੈਨੂੰ…ਆਪਣੀ ਤਲਾਕਸ਼ੁਦਾ ਧੀ ਨੂੰ ਹੋਰ ਕਿੱਥੇ ਕਿਵੇਂ ਤੋਰਨਗੇ…ਫੇਰ ਤਾਂ ਆਖਰ ਮੈਂ ਆਪਣਾ ਪਿਆਰ ਪਾ ਹੀ ਲਵਾਂਗੀ ਨਾਂ |”
ਹੁਣ ਹਰਿੰਦਰ ਦੀ ਗੱਲ ਸੁਣ ਕੇ ਸੁੰਨ ਹੋਣ ਦੀ ਵਾਰੀ ਸਰਪੰਚ ਦੀ ਸੀ | ਉਹ ਆਪਣਾ ਸਿਰ ਫੜ ਕੇ ਬਹਿ ਗਿਆ ਕਿ ਉਸਨੇ ਜਗਮੀਤ ਵਰਗੇ ਭਲੇ ਮੁੰਡੇ ਦੀ ਜ਼ਿੰਦਗੀ ਖਰਾਬ ਕਰ ਦਿੱਤੀ |ਉਹ ਸੋਚ ਰਿਹਾ ਸੀ ਕਿ ਕਿਹੋ ਜਿਹਾ ਕਲਯੁੱਗ ਆ ਗਿਆ..ਕਿਉਂ ਹਰਿੰਦਰ ਵਰਗੀਆਂ ਪੜ੍ਹੀਆਂ ਲਿਖੀਆਂ ਧੀਆਂ ਖ਼ੁਦ ਹੀ ਆਪਣੇ ਹੱਸਦੇ ਵੱਸਦੇ ਘਰ ਨੂੰ ਉਜਾੜਨ ਲੱਗੀਆਂ ਹੋਈਆਂ ਨੇ…ਨੇਕ -ਭਲੇ ਲੋਕਾਂ ਨੂੰ ਵੀ ਵਾਹਣੇ ਪਾਈ ਜਾਂਦੀਆਂ ਨੇ |
ਬੀਨਾ ਬਾਵਾ,ਲੁਧਿਆਣਾ।
(ਐੱਮ ਏ ਆਨਰਜ਼, ਐੱਮ ਫ਼ਿਲ, ਪੰਜਾਬੀ )
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj



