ਕਿਸਾਨਾਂ ਵੱਲੋਂ 1.5 ਕਰੋੜ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ
ਪ੍ਰਸ਼ਾਸ਼ਨ ਵੱਲੋਂ 15 ਅਗਸਤ ਤੱਕ ਖਾਤਿਆਂ ਚ ਪੈਸੇ ਪਾਉਣ ਦਾ ਭਰੋਸਾ
ਕਪੂਰਥਲਾ, (ਸਮਾਜ ਵੀਕਲੀ) ( ਕੌੜਾ )– ਪਿੰਡ ਡਡਵਿੰਡੀ ਨੇੜੇ ਨੈਸ਼ਨਲ ਹਾਈਵੇ ਅਧੀਨ ਆਉਂਦੀ ਜਮੀਨ ਦਾ ਅੱਜ ਪ੍ਰਸ਼ਾਸਨ ਵੱਲੋਂ ਪੀਲਾ ਪੰਜਾ ਚਲਾ ਕੇ ਕਬਜ਼ਾ ਲੈ ਲਿਆ ਗਿਆ। ਕਬਜ਼ਾ ਲੈਣ ਪਹੁੰਚੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦਾ ਪਹਿਲਾਂ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਇੱਕ ਵਾਰੀ ਕਬਜ਼ਾ ਲੈਣ ਦਾ ਕੰਮ ਰੋਕ ਦਿੱਤਾ ਗਿਆ। ਉਪਰੰਤ ਦੋਵਾਂ ਧਿਰਾਂ ਵਿੱਚ ਸਹਿਮਤੀ ਬਣਨ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਵੱਲੋਂ ਕਰੀਬ 3 ਕਿਲੋਮੀਟਰ ਲੰਬੇ ਹਾਈਵੇਅ ਦੀ ਜ਼ਮੀਨ ਦਾ ਕਬਜ਼ਾ ਲੈ ਲਿਆ ਗਿਆ। ਇਸ ਮੌਕੇ ਹਾਈਵੇਅ ਵਿੱਚ ਆਉਣ ਵਾਲੀ ਜਮੀਨ ਦੇ ਮਾਲਕਾਂ ਨੇ ਕਿਹਾ ਕਿ ਉਨਾਂ ਨੂੰ ਅਜੇ ਤੱਕ ਜਮੀਨ ਦਾ ਕੋਈ ਪੈਸਾ ਨਹੀਂ ਮਿਲਿਆ ਅਤੇ ਵਪਾਰਕ ਜਮੀਨ ਦਾ ਮੁੱਲ ਵੀ ਘੱਟ ਦਿੱਤਾ ਜਾ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸਟੇਟ ਪੀ ਡਬਲਿਊ ਡੀ ਦੇ ਨੈਸ਼ਨਲ ਹਾਈਵੇ ਜਲੰਧਰ ਡਿਵੀਜ਼ਨ ਦੇ ਐਗਜੀਕਿਊਟਿਵ ਇੰਜੀਨੀਅਰ ਪ੍ਰੇਮ ਕਮਲ ਨੇ ਦੱਸਿਆ ਕਿ ਇਹ ਨੈਸ਼ਨਲ ਹਾਈਵੇ 703ਏ ਦੇ ਅਧੀਨ ਆਉਂਦਾ ਮਨਿਸਟਰੀ ਆਫ ਰੋਡ ਟਰਾਂਸਪੋਰਟ ਦਿੱਲੀ ਦਾ ਪ੍ਰੋਜੈਕਟ ਹੈ ਅਤੇ ਇਸ ਵਿੱਚ ਇੱਕ ਰੇਲਵੇ ਦਾ ਓਵਰ ਬ੍ਰਿਜ ਵੀ ਆਉਂਦਾ ਹੈ। ਉਨਾਂ ਦੱਸਿਆ ਕਿ ਇਸ ਸਬੰਧੀ ਨੋਟੀਫਿਕੇਸ਼ਨ ਕਾਫੀ ਦੇਰ ਪਹਿਲਾਂ ਹੋ ਚੁੱਕਾ ਸੀ ਅਤੇ ਕਿਸਾਨਾਂ ਵੱਲੋਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਕੇਸ ਦਾਇਰ ਕੀਤੇ ਗਏ ਸਨ ਜੋ ਕਿ ਦੋਵਾਂ
ਮਾਨਯੋਗ ਅਦਾਲਤਾਂ ਵਿੱਚੋਂ ਖਾਰਜ ਹੋ ਚੁੱਕੇ ਹਨ। ਇਸ ਤੋਂ ਬਾਅਦ ਨੈਸ਼ਨਲ ਹਾਈਵੇ ਪ੍ਰੋਜੈਕਟ ਸਬੰਧੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਅੱਜ ਜਮੀਨ ਦਾ ਕਬਜ਼ਾ ਲਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਕਿਸਾਨਾਂ ਨਾਲ ਸਹਿਮਤੀ ਬਣਨ ਤੋਂ ਬਾਅਦ ਰੋਡ ਵਾਲੀ ਜਗ੍ਹਾ ਦੇ ਦੋਵੇਂ ਪਾਸੀਂ ਵੱਟ ਲਗਾ ਦਿੱਤੀ ਜਾਵੇਗੀ ਜਿਸ ਨੂੰ ਕਿਸਾਨ ਨਹੀਂ ਛੇੜਨਗੇ। ਇਸ ਮੌਕੇ ਸਾਬਕਾ ਸਰਪੰਚ ਜਸਬੀਰ ਸਿੰਘ ਨੇ ਦੱਸਿਆ ਕਿ ਪੀੜਤ ਕਿਸਾਨ ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਬਹਾਦਰ ਸਿੰਘ, ਸੋਹਣ ਸਿੰਘ, ਚਰਨ ਸਿੰਘ, ਪਿਆਰਾ ਸਿੰਘ, ਸੂਰਤ ਸਿੰਘ, ਸਵਰਨ ਸਿੰਘ, ਰਣਜੀਤ ਸਿੰਘ, ਕਰਮਬੀਰ ਸਿੰਘ ਕੇਬੀ, ਦਿਲਦਾਰ ਸਿੰਘ, ਹਰਦਿਆਲ ਸਿੰਘ ਦਿੱਲੀ ਵਾਲੇ, ਬਖਸ਼ੀਸ਼ ਸਿੰਘ, ਨਿਰਮਲ ਸਿੰਘ, ਕੁਲਦੀਪ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ, ਗੁਰਮੀਤ ਸਿੰਘ, ਬਲਦੇਵ ਸਿੰਘ, ਤਰਲੋਚਨ ਸਿੰਘ, ਮਹਿੰਦਰ ਸਿੰਘ, ਹਰਜਿੰਦਰ ਸਿੰਘ, ਪਾਲ ਸਿੰਘ ਤੇ ਗੁਰਵਿੰਦਰ ਸਿੰਘ ਦੀ ਜਮੀਨ ਇਕਵਾਇਰ ਕੀਤੀ ਗਈ ਹੈ ਅਤੇ ਪ੍ਰਸ਼ਾਸਨ ਵੱਲੋਂ ਜਮੀਨ ‘ਤੇ ਕਬਜ਼ਾ ਕਰਨ ਸਬੰਧੀ ਕੋਈ ਨੋਟਿਸ ਨਹੀਂ ਦਿੱਤਾ ਗਿਆ ਅਤੇ ਅਚਾਨਕ ਹੀ ਧਾਵਾ ਬੋਲ ਦਿੱਤਾ ਗਿਆ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਅਜੇ ਤੱਕ ਉਨਾਂ ਦੇ ਖਾਤਿਆਂ ਵਿੱਚ ਕੋਈ ਵੀ ਪੈਸਾ ਨਹੀਂ ਪਾਇਆ ਗਿਆ ਅਤੇ ਉਨਾਂ ਦੀ ਜਮੀਨ ਹਾਈਵੇ ਨਾਲ ਲੱਗਦੀ ਹੋਣ ਕਰਕੇ ਕਮਰਸ਼ੀਅਲ ਭਾਅ ‘ਤੇ ਵਿਕਣੀ ਚਾਹੀਦੀ ਹੈ ਜਦਕਿ ਪ੍ਰਸ਼ਾਸਨ ਵੱਲੋਂ ਇਸ ਦਾ ਬਹੁਤ ਘੱਟ ਰੇਟ ਦਿੱਤਾ ਜਾ ਰਿਹਾ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਉਨਾਂ ਨੂੰ ਘੱਟੋ ਘੱਟ ਡੇਢ ਕਰੋੜ ਰੁਪਏ ਪਰ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ। ਖਬਰ ਲਿਖੇ ਜਾਣ ਤੱਕ ਅੱਠ ਜੇਸੀਬੀ ਮਸ਼ੀਨਾਂ ਕਬਜ਼ਾ ਲੈਣ ਲਈ ਕੰਮ ਕਰ ਰਹੀਆਂ ਸਨ। ਇਸ ਮੌਕੇ ਐਸਡੀਐਮ ਸੁਲਤਾਨਪੁਰ ਲੋਧੀ ਅਲਕਾ ਕਾਲੀਆ, ਐਸਪੀ (ਡੀ) ਪੀਐਸ ਵਿਰਕ, ਤਹਿਸੀਲਦਾਰ ਗੌਰਵ ਬਾਂਸਲ, ਡੀਐਸਪੀ ਸੁਲਤਾਨਪੁਰ ਲੋਧੀ ਹਰਗੁਰਦੇਵ ਸਿੰਘ, ਐਸਐਚਓ ਸੋਨਮਦੀਪ ਕੌਰ, ਜਥੇਦਾਰ ਮੁਖਤਿਆਰ ਸਿੰਘ ਸੋਢੀ ਡਡਵਿੰਡੀ, ਕਰਮਵੀਰ ਸਿੰਘ ਕੇਬੀ, ਸਾਬਕਾ ਸਰਪੰਚ ਜਸਬੀਰ ਸਿੰਘ, ਕਿਸਾਨ ਆਗੂ ਪਰਮਜੀਤ ਸਿੰਘ ਪੱਕਾ ਕੋਠਾ,ਬਲਬੀਰ ਸਿੰਘ ਸੰਧਾ, ਹਾਕਮ ਸਿੰਘ ਸ਼ਾਹਜਾਨਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



