ਪੇਈਚਿੰਗ (ਸਮਾਜ ਵੀਕਲੀ) : ਸਖ਼ਤ ਕੋਵਿਡ-19 ਪਾਲਿਸੀ ਖਿਲਾਫ਼ ਚੀਨ ਵਿੱਚ ਹੋ ਰਹੇ ਪ੍ਰਦਰਸ਼ਨਾਂ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਪ੍ਰਸ਼ਾਸਨ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪਾਲਿਸੀ ਨੂੰ ਲੈ ਕੇ ਚੀਨੀ ਲੋਕਾਂ ਵਿੱਚ ਗੁੱਸਾ ਵਧਣ ਲੱਗਾ ਹੈ। ਨਵੇਂ ਕੋਵਿਡ ਨੇਮਾਂ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ’ਤੇ ਵੱਡਾ ਅਸਰ ਪਾਇਆ ਹੈ ਤੇ ਵਿਅਕਤੀ ਵਿਸ਼ੇਸ਼ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ‘ਗਲੋਬਲ ਸਟਰੈਟ ਵਿਊ’ ਮੁਤਾਬਕ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਤੇ ਮਨੁੱਖੀ ਹੱਕਾਂ ਦੇ ਸਤਿਕਾਰ ਦੀ ਮੰਗ ਜ਼ੋਰ ਫੜਨ ਲੱਗੀ ਹੈ। ਲੋਕਾਂ ਵੱਲੋਂ ਮੁੱਖ ਤੌਰ ’ਤੇ ਪਾਬੰਦੀਆਂ ’ਚ ਛੋਟ ਵੀ ਮੰਗ ਕੀਤੀ ਜਾ ਰਹੀ ਹੈ।
ਸ਼ੰਘਾਈ ਤੋਂ ਪੇਈਚਿੰਗ, ਗੁਆਂਗਜ਼ੂ ਤੋਂ ਚੇਂਗਦੂ ਤੱਕ ਪ੍ਰਮੁੱਖ ਸ਼ਹਿਰਾਂ ਵਿੱਚ ਸੜਕਾਂ ਤੇ ਯੂਨੀਵਰਸਿਟੀ ਕੈਂਪਸਾਂ ਵਿੱਚ ਨਿੱਤਰੇ ਹਜ਼ਾਰਾਂ ਵਿਦਿਆਰਥੀਆਂ ਵੱਲੋਂ ਚੀਨੀ ਕਮਿਊਨਿਸਟ ਪਾਰਟੀ ਦੀ ਸਿਫ਼ਰ ਕੋਵਿਡ ਪਾਲਿਸੀ ਨੂੰ ਖ਼ਤਮ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਇਨ੍ਹਾਂ ਸਾਰੀਆਂ ਘਟਨਾਵਾਂ ਨਾਲ ਰਾਸ਼ਟਰਪਤੀ ਸ਼ੀ ਦੀ ਸ਼ਾਖ ਦਾਅ ’ਤੇ ਹੈ। ਇਹ ਧਰਨਾ ਪ੍ਰਦਰਸ਼ਨ ਸ਼ੀ ਅਤੇ ਸੀਸੀਪੀ ਦੇ ਉਨ੍ਹਾਂ ਦੀ ਅਗਵਾਈ ਹੇਠ ਚੀਨ ਦੀਆਂ ਸਫਲਤਾਵਾਂ ਨੂੰ ਉਜਾਗਰ ਕਰਨ ਦੇ ਯਤਨਾਂ ਨੂੰ ਅਜਿਹੇ ਸਮੇਂ ਨੁਕਸਾਨ ਪਹੁੰਚਾ ਰਹੇ ਹਨ ਜਦੋਂ ਸ਼ੀ ਨੇ ਤੀਜੀ ਵਾਰ ਸੀਸੀਪੀ ਦੇ ਆਗੂ ਵਜੋਂ ਅਹੁਦਾ ਸੰਭਾਲਿਆ ਹੈ। ਚੀਨ ਨੇ ਹਾਲਾਂਕਿ ਅਤੀਤ ਵਿੱਚ ਸ਼ਾਂਤਮਈ ਰੈਲੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖਤਮ ਕੀਤਾ ਹੈ। ਮੌਜੂਦਾ ਸਮੇਂ ਪ੍ਰਦਰਸ਼ਨਕਾਰੀਆਂ ’ਤੇ ਕੋਈ ਵੀ ਕਾਰਵਾਈ 1989 ਦੇ ਤਿਆਨਮਿਨ ਚੌਕ ਵਿਚਲੇ ਵਿਰੋਧ ਪ੍ਰਦਰਸ਼ਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰੇਗੀ। ਸੋਸ਼ਲ ਮੀਡੀਆ ’ਤੇ ਨਸ਼ਰ ਬਹੁਤ ਸਾਰੀਆਂ ਵੀਡੀਓਜ਼ ਵਿੱਚ ਹਜੂਮ ‘ਕਮਿਊਨਿਸਟ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰੋ, ਸ਼ੀ ਜਿਨਪਿੰਗ ਨੂੰ ਹੇਠਾਂ ਲਾਹੋ’ ਨੂੰ ਨਾਅਰੇ ਲਾਉਂਦੀ ਵੇਖੀ ਜਾ ਸਕਦੀ ਹੈ। ਚੀਨ ਖਾਸ ਕਰਕੇ ਸ਼ਿਨਜਿਆਂਗ ਵਿੱਚ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ ਤੇ ਸਰਕਾਰ ਦਾ ਮੰਨਣਾ ਹੈ ਕਿ ਇਨ੍ਹਾਂ ਪਿੱਛੇ ਵੱਖਵਾਦੀਆਂ ਜਾਂ ਕੱਟੜਪੰਥੀਆਂ ਦਾ ਹੱਥ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਰੁਮਕੀ ਸ਼ਹਿਰ ਵਿੱਚ ਲੱਗੀ ਅੱਗ, ਜਿਸ ਵਿੱਚ 10 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ, ਨਾਲ ਪੂਰੇ ਦੇਸ਼ ਵਿੱਚ ਬੇਚੈਨੀ ਵਧ ਗਈ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly