(ਸਮਾਜ ਵੀਕਲੀ)
ਸੰਗਰੂਰ, (ਰਮੇਸ਼ਵਰ ਸਿੰਘ)- ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਅੱਜ 16 ਅਗਸਤ ਨੂੰ ਸਿਟੀ ਪਾਰਕ ਸੰਗਰੂਰ ਵਿਖੇ ਸ਼ੋਕ ਸਭਾ ਹੋਈ, ਜਿਸ ਵਿੱਚ ਉੱਘੇ ਪੰਜਾਬੀ ਨਾਵਲਕਾਰ ਅਤੇ ਸਭਾ ਦੇ ਮੀਤ ਪ੍ਰਧਾਨ ਮੇਘ ਗੋਇਲ ਦੇ ਬੇਵਕਤ ਹੋਏ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਦੀਆਂ ਬੇਹੱਦ ਚਰਚਿਤ ਪ੍ਰਕਾਸ਼ਿਤ ਪੁਸਤਕਾਂ ਕੱਚੇ ਕੋਠੇ ਵਾਲੀ, ਸੱਚ ਦਾ ਪਰਾਗਾ, ਵਲਵਲੇ, ਦਿਲ ਦਾ ਦਰਪਣ, ਕਰਤਾਰ ਅਤੇ ਅਰਮਾਨ ਬਾਰੇ ਚਰਚਾ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮੇਘ ਗੋਇਲ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਅੰਤਿਮ ਸਾਹ ਤੱਕ ਜੂਝਣ ਵਾਲੇ ਨਿਧੜਕ ਲੇਖਕ ਸਨ, ਜਿਨ੍ਹਾਂ ਦੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਲਈ ਪ੍ਰਫ਼ੁੱਲਤਾ ਲਈ ਪਾਏ ਵਡਮੁੱਲੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ।
ਮੇਘ ਗੋਇਲ ਚੁਹੱਤਰ ਸਾਲਾਂ ਦੇ ਸਨ ਅਤੇ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨਮਿੱਤ ਰੱਖੇ ਪਾਠ ਦਾ ਭੋਗ 26 ਅਗਸਤ ਨੂੰ ਖਨੌਰੀ ਮੰਡੀ ਵਿਖੇ ਪਵੇਗਾ। ਇਸ ਸ਼ੋਕ ਸਭਾ ਵਿੱਚ ਦਲਬਾਰ ਸਿੰਘ ਚੱਠੇ ਸੇਖਵਾਂ, ਕਰਮ ਸਿੰਘ ਜ਼ਖ਼ਮੀ, ਸੁਖਵਿੰਦਰ ਸਿੰਘ ਲੋਟੇ, ਰਜਿੰਦਰ ਸਿੰਘ ਰਾਜਨ, ਕੁਲਵੰਤ ਖਨੌਰੀ, ਸੁਖਵਿੰਦਰ ਕੌਰ ਸਿੱਧੂ, ਪਰਮਜੀਤ ਕੌਰ ਸੰਗਰੂਰ, ਭੁਪਿੰਦਰ ਸਿੰਘ ਬੋਪਾਰਾਏ, ਜਗਜੀਤ ਸਿੰਘ ਲੱਡਾ, ਕਲਵੰਤ ਕਸਕ, ਭੁਪਿੰਦਰ ਨਾਗਪਾਲ, ਜੱਗੀ ਮਾਨ ਅਤੇ ਸੁਰਜੀਤ ਸਿੰਘ ਮੌਜੀ ਆਦਿ ਸਾਹਿਤਕਾਰ ਸ਼ਾਮਲ ਹੋਏ। ਇਸ ਇਕੱਤਰਤਾ ਵਿੱਚ ਪੰਜਾਬੀ ਸਾਹਿਤ ਸਭਾ (ਰਜਿ:) ਧੂਰੀ ਦੇ ਪ੍ਰਧਾਨ ਮੂਲ ਚੰਦ ਸ਼ਰਮਾ, ਜਨਰਲ ਸਕੱਤਰ ਗੁਰਦਿਆਲ ਨਿਰਮਾਣ ਅਤੇ ਸਾਹਿਤ ਸਭਾ (ਰਜਿ:) ਸੁਨਾਮ ਦੇ ਸਰਪ੍ਰਸਤ ਜੰਗੀਰ ਸਿੰਘ ਰਤਨ, ਪ੍ਰਧਾਨ ਜਸਵੰਤ ਸਿੰਘ ਅਸਮਾਨੀ ਨੇ ਵੀ ਹਿੱਸਾ ਲਿਆ।