*ਖੂਬਸੂਰਤ ਗੀਤ ਲਿਖਣ ਵਾਲਾ:-ਗੀਤਕਾਰ ਤਰਸੇਮ ਖਾਸਪੁਰੀ*

(ਸਮਾਜ ਵੀਕਲੀ) ਗੀਤ ਸੰਗੀਤ ਮਨੁੱਖ ਦੇ ਪਹਿਲਾਂ ਸਾਹ ਲੈਣ ਵੇਲੇ ਤੋਂ ਹੀ ਨਾਲ ਚਲਿਆ ਆ ਰਿਹਾ ਹੈ।ਵਧੀਆ ਗੀਤ ਸੰਗੀਤ ਮਨ ਦੀ ਖੁਰਾਕ ਵੀ ਹੈ, ਜਿਸ ਨੂੰ ਸਰੋਤੇ ਸੁਣਕੇ ਮੰਤਰ ਮੁਗਧ ਵੀ ਹੁੰਦੇ ਹਨ। ਜੇ ਗੀਤ ਵਿੱਚ ਸੁੱਚੇ ਮੋਤੀਆਂ ਦੀ ਮਾਲਾ ਵਾਂਗ ਢੁਕਵੇਂ ਥਾਂ ਤੇ ਸ਼ਬਦ ਪਰੋਏ ਹੋਣ ਤਾਂ ਗੀਤ ਖ਼ੂਬਸੂਰਤ ਬਣ ਜਾਦਾ ਹੈ।ਜੇ  ਵਧੀਆ ਗੀਤ ਨੂੰ ਸੰਗੀਤਕਾਰ ਸਾਜ਼ ਦੀਆਂ ਧੁਨਾਂ ਨਾਲ ਸ਼ਿੰਗਾਰ ਰਸ ਭਰਕੇ ਵਧੀਆ ਗਾਇਕ ਤਰੰਨਮ ਚ ਗਾ ਦੇਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਜਾਂਦੀ ਹੈ। ਇਹੋ ਜਿਹੇ ਖੂਬਸੂਰਤ ਗੀਤਾਂ ਦੀ ਬਣਤਰ ਦੇ ਮਾਪ ਦੰਡ ਤੇ ਖਰਾ ਉਤਰਦਾ ਹੈ ਗੀਤਕਾਰ “ਤਰਸੇਮ ਖਾਸਪੁਰੀ”.    ਇਹ ਸਾਰੀ ਖ਼ੂਬਸੂਰਤੀ ਇਸ ਕਲਮ ਤੋਂ ਲਿਖੇ ਗੀਤ ਪੜ੍ਹਕੇ ਵਿਚਾਰਨ ਤੋਂ ਬਾਅਦ ਪਤਾ ਲੱਗਦੀ ਹੈ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀਂ ਇਹ ਸਭ ਕੁੱਝ ਇਨ੍ਹਾਂ ਦੇ ਸਾਹਿਤ ਪੇਜ਼ ਗਰੁੱਪਾਂ ਤੇ ਰਿਕਾਰਡ ਹੋਏ ਗੀਤਾਂ ਚੋਂ ਦੇਖ ਸੁਣ ਸਕਦੇ ਹੋ। ਤਰਸੇਮ ਖਾਸਪੁਰੀ ਜਦੋ ਕਲਮ ਕੋਰੇ ਕਾਗਜ਼ ਤੇ ਚਲਾਉਦਾਂ ਹੈ ਤਾਂ ਸ਼ਬਦ ਇਸ ਦੀ ਕਲਮ ਅੱਗੇ ਖੇਡਣ ਲੱਗ ਜਾਂਦੇ ਹਨ ਤੇ ਸੋਚਾਂ ਦੇ ਸਮੁੰਦਰ ਚੋਂ ਚੁਣ ਚੁਣ ਸ਼ਬਦ ਗੀਤ  ਢੁੱਕਵੇਂ ਥਾਂ ਤੇ ਕਲਮ ਅੱਗੇ ਆਈ ਜਾਂਦੇ ਹਨ। ਜ਼ਿੰਦਗੀ ਦੇ ਸਾਰੇ ਰੰਗਾਂ ਨੂੰ ਲਿਖਣ ਦੀ ਇਸ ਕਲਮ ਕੋਲ ਮੁਹਾਰਤ ਹਾਸਲ ਹੈ। ਜੋ ਉਸੇ ਹਾਵ ਭਾਵ ਨਾਲ ਸੋਹਣੇ ਢੰਗ ਨਾਲ ਰੰਗ ਭਰ ਦਿੰਦੀ ਹੈ। ਖਾਸਪੁਰੀ ਤਰਸੇਮ ਸਿੰਘ ਜੀ ਦੀ ਕਲਮ ਤੋਂ ਦਰਜਨਾਂ ਗੀਤ ਵੱਖ ਵੱਖ ਗਾਇਕ ਜੋੜੀਆਂ ਦੀ ਆਵਾਜ਼ ਵਿੱਚ ਰਿਕਾਰਡ ਵੀ ਹੋ ਚੁੱਕੇ ਹਨ।ਆਓ ਇਸ ਗੀਤਕਾਰ ਦੀ ਕਲਮ ਤੋਂ ਗੀਤਾਂ ਦੀਆਂ ਕੁਝ ਵੰਨਗੀਆਂ ਤੇ ਝਾਤ ਮਾਰਦੇ ਹਾਂ।
ਚੋਣਾਂ ਦੇ ਸਮੇਂ ਮਹੌਲ ਨੂੰ ਦੇਖਦੇ ਹੋਏ ਦੋਵੇਂ ਪਾਰਟੀਆਂ ਦੇ ਮੁੱਖੀਆਂ ਦੀ  ਨੋਕ ਝੋਕ ਵਾਲਾ ਗੀਤ ਗੱਠਜੋੜ ਜਿਸ ਨੂੰ ਗਾਇਕ ਜੋੜੀ ਨਿਰਮਲ ਮਾਹਲਾ ਅਤੇ ਜੱਸ ਧਾਲੀਵਾਲ ਨੇ ਸੋਹਣੇ ਢੰਗ ਨਾਲ ਗਾਇਆ ਹੈ । ਚੋਣਾਂ ਸਮੇਂ ਇਹ ਗੀਤ ਬਹੁਤ ਯੂ ਟਿਊਬ ਚੈਨਲਾਂ ਤੇ ਡੀ ਜੇ ਗੱਡੀਆਂ ਤੇ ਸਰੋਤਿਆਂ ਨੇ ਖ਼ੂਬ ਗੁਣ ਗਣਾਇਆ ਤੇ ਮਨੋਰੰਜਨ ਕੀਤਾ ਹੈ।
ਕੁੜੀ
ਤੇਰਾ ਤਾਂ ਪੰਜਾਬ ਵਿੱਚ ਬਾਹਲਾ ਬੁਰਾ ਹਾਲ ਵੇ
ਬੱਚਾ ਬੱਚਾ ਮੂੰਹ ਤੇ ਤੈਨੂੰ ਕੱਢਦਾ ਹੈ ਗਾਲ਼ ਵੇ
ਹੁੰਦਾ ਪਿੰਡਾਂ ਚ ਵਿਰੋਧ ਬੜਾ ਤੇਰਾ
ਵੇ ਗੱਠਜੋੜ ਤੇਰਾ ਬਾਦਲਾ
ਹਾਥੀ ਲੰਡਾ ਨਾ ਕਰਾਦੇ ਕਿਤੇ ਮੇਰਾ
ਗੱਠਜੋੜ ਤੇਰਾ ਬਾਦਲਾ।
ਮੁੰਡਾ
ਚਿੰਤਾ ਨਾ ਕਰ ਤੂੰ ਖਿਡਾਰੀ ਮੈਂ ਪੁਰਾਣਾ ਨੀ
ਰਗ ਰਗ ਲੋਕਾਂ ਦੀ ਪੰਜਾਬ ਵਿੱਚ ਜਾਣਾ ਨੀ
ਜਿੱਤ ਹਾਰ ਦਾ ਫ਼ਰਕ ਹੈ ਨਾ ਜ਼ਿਆਦਾ
ਨੀ ਮਾਝੇ ਵਿੱਚ ਜਿੱਤੂ ਤੱਕੜੀ
ਹਾਥੀ ਜਿੱਤੂਗਾ ਦੁਆਬੇ ਵਿੱਚ ਸਾਡਾ
ਨੀ ਮਾਝੇ ਵਿੱਚ ਜਿੱਤੂ ਤੱਕੜੀ।
ਇਹ ਦੂਸਰਾ ਗੀਤ ਵੀ ਵੋਟਾਂ ਵੇਲੇ ਦਾ ਹੈ ਜੋ ਚੋਣਾਂ ਸਮੇਂ ਲੋਕ ਖੁੰਡ ਚਰਚਾ ਨੂੰ ਆਪਣੀ ਕਲਮ ਰਾਹੀਂ ਕਲਮਬੰਦ ਕਰਕੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਦੀ ਚੋਣ ਮੁਹਿੰਮ ਨੂੰ ਸਰਗਰਮ ਕਰਨ ਚ ਗੀਤ “ਮੁੱਖ ਮੰਤਰੀ” ਨੇ  ਯੂ ਟਿਊਬ ਚੈਨਲਾਂ ਡੀ ਜੇ ਤੇ ਸਾਰੇ ਪਾਸੇ ਧੁੰਮ ਪਾਈ ਰੱਖੀ।ਇਸ ਗੀਤ ਨੂੰ ਵੀ ਗਾਇਕ ਜੋੜੀ ਨਿਰਮਲ ਮਾਹਲਾ ਤੇ ਅਮਿ੍ਤ ਰਾਵੀ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਹੈ
ਇਹ ਵੀ ਮੁੰਡੇ ਕੁੜੀ ਦੀ ਆਪਸੀ ਨੋਕ ਝੋਕ ਹੈ।
ਕੁੜੀ
ਬੜਾ ਚਿਰ ਹੋ ਗਿਆ ਜਿਤਾਉਂਦੇ ਆਏ ਹਾਂ
ਅਕਾਲੀ ਕਾਂਗਰਸ ਨੂੰ,
ਏਸ ਵਾਰੀ ਸਾਰਾ ਹੀ ਪੰਜਾਬ ਆਖਦਾ
ਵੋਟ ਪਾਉਣੀ ਆਪ ਨੂੰ,
ਘਰ ਘਰ ਜਾ ਕੇ ਆਪਾਂ ਕਹਿਕੇ ਆਵਾਂਗੇ
ਦੋਵੇਂ ਜਣੇ ਸ਼ਾਮ ਨੂੰ
ਐਤਕੀ ਬਣਾਉਣਾ ਆਪਾਂ ਮੁੱਖ ਮੰਤਰੀ
ਭਗਵੰਤ ਮਾਨ ਨੂੰ।
ਮੁੰਡਾ
ਜਿੱਥੇ ਤੂੰ ਕਹੇਂਗੀ ਮੇਰੀ ਲਾਡੋ ਰਾਣੀਏਂ
ਵੋਟ ਉੱਥੇ ਪਾਵਾਂਗੇ
ਬੱਚਾ ਬੱਚਾ ਆਖਦਾ ਪੰਜਾਬ ਵਿੱਚ ਨੀ
ਝਾੜੂ ਨੂੰ ਜਿਤਾਵਾਂਗੇ
ਜਿੱਧਰ ਝੁਕਾ ਹੋਵੇ ਸਾਰੇ ਲੋਕਾਂ ਦਾ
ਨੀ ਝੋਕਾ ਦੇਣਾ ਚਾਹੀਦਾ
ਭਗਵੰਤ ਮਾਨ ਮੁੱਦੇ ਚੱਕੇ ਠੋਕ ਠੋਕ ਕੇ
ਮੌਕ਼ਾ ਦੇਣਾ ਚਾਹੀਦਾ।
ਪ੍ਰੋਡਿਊਸਰ ਤਰਸੇਮ ਖਾਸਪੁਰੀ
ਪੇਸ਼ਕਸ਼ ਗਿੱਲ ਅਕੋਈ ਵਾਲਾ
ਸੰਗੀਤ ਬਲੈਕ ਲਾਈਫ ਸਟੂਡੀਓ
ਕੰਪਨੀ ਖਾਸਪੁਰੀ ਰਿਕਾਰਡਜ਼ ਪਾਤੜਾਂ ।
ਤਰਸੇਮ ਖਾਸ ਪੁਰੀ ਜੀ ਦੱਸਦੇ ਹਨ ਕਿ ਉਨ੍ਹਾਂ ਦੀ ਜਾਣ ਪਛਾਣ ਸੰਗੀਤ ਦੀ ਦੁਨੀਆਂ ਵਿੱਚ ਇਹਨਾਂ ਗੀਤਾਂ ਕਰਕੇ ਹੀ ਬਣੀ ਹੈ ਸਰਪੰਚੀ ਦੀ ਚੋਣ ਸਮੇਂ ਜੀਜੇ ਸਾਲੀ ਦੀ ਨੋਕ ਝੋਕ ਵਾਲਾ ਗੀਤ ਵੀ ਰਿਸ਼ਤਿਆਂ ਨੂੰ ਸਵਾਲ ਜਵਾਬ ਚ ਗੀਤ ਰਾਹੀਂ ਇਸ ਤਰ੍ਹਾਂ ਲਿਖਿਆ ਹੈ
ਕੁੜੀ
ਕੀ ਗੱਲ ਹੋ ਗਈ ਜੀਜਾ ਹੋਇਆ ਕਿਓ ਉਦਾਸ,
ਰਾਜੀ ਖੁਸ਼ੀ ਭੈਣ ਦੀ ਸੁਣਾ ਕੋਈ ਗੱਲਬਾਤ,
ਆਈ ਮੁੱਖੜੇ ਤੇ ਦੱਸ ਕਿਉਂ ਨਿਰਾਸ਼ਾ
ਤੂੰ ਬੁੱਲ੍ਹ ਲਟਕਾਈ ਫ਼ਿਰਦਾ
ਕਿਹੜਾ ਪੈ ਗਿਆ ਦੱਸੀਂ ਵੇ ਤੈਨੂੰ ਘਾਟਾ
ਕਿਉਂ ਬੁੱਲ੍ਹ ਲਟਕਾਈ ਫ਼ਿਰਦਾ।
ਮੁੰਡਾ
ਲੋਕਾਂ ਨੇ ਖੜਾਤੀ ਹਾਏ ਨੀ ਦੇ ਕੇ ਐਵੇਂ ਚੱਕ
ਰੋਕੀ ਮੈਂ ਵਥੇਰਾ ਪਰ ਚੱਲਿਆ ਨਾ ਵੱਸ
ਗਹਿਣੇ ਰੱਖਤੀ ਜ਼ਮੀਨ ਵੀ ਸੁਦੈਣ ਨੇ
ਮਰਾਊ ਸਰਪੰਚੀ ਸਾਲੀਏ
ਪੰਗਾ ਲੈ ਲਿਆ ਵੋਟਾਂ ਚ ਤੇਰੀ ਭੈਣ ਨੇ
ਮਰਾਊ ਸਰਪੰਚੀ ਸਾਲੀਏ।
ਜੇ ਤਰਸੇਮ ਸਿੰਘ ਖਾਸ ਪੁਰੀ ਦੀ ਦੀ ਕਲਮ ਦਾ ਧਾਰਮਿਕ ਰੰਗ ਵਿੱਚ ਸ਼ਹੀਦੀ ਰੰਗ ਦੀ ਗੱਲ ਕਰੀਏ ਤਾਂ ਕਮਾਲ ਦਾ ਸ਼ਹੀਦੀ ਦਿਰਸ਼ਾਟ ਲਿਖਿਆ ਹੈ ਜੋ ਵੈਰਾਗ ਚ ਸਾਰਾ ਸਮੋਇਆ ਹੈ ਸੁਣਨ ਵਾਲੇ ਦੀ ਅੱਖ ਹੰਝੂਆ ਨਾਲ ਤਿ੍ਪਤ ਹੋ ਜਾਂਦੀ ਹੈ ਮਨ ਉਦਾਸੀ ਚ ਗਮਲੀਨ ਹੋ ਜਾਂਦਾ ਹੈ। ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕਲਮ ਨੇਂ ਇਸ ਤਰਾਂ ਲਿਖਿਆ ਹੈ।
ਬਾਜਾਂ ਵਾਲਾ ਮਾਹੀ
ਦੱਸੋ  ਚੰਨ  ਤਾਰਿਓ ਵੇ ,ਕੌਣ ਕੌਣ ਰੋਇਆ ਸੀ
ਬਾਜਾਂ ਵਾਲਾ ਮਾਹੀ ਜਦੋਂ, ਕੰਡਿਆਂ ਤੇ ਸੋਇਆ ਸੀ,
ਅਜੀਤ ਤੇ ਜੁਝਾਰ, ਗੜ੍ਹੀ ਚਮਕੌਰ ਦੀ ਚ, ਵਾਰ,
ਜ਼ੋਰਾਵਰ ਫਤਹਿ ਵਾਰੇ ਸਰਹੰਦ ਦੀ ਦੀਵਾਰ,
ਮਾਤਾ ਬੁਰਜ਼ ਚ ਵਾਰਕੇ ਉਦਾਸ ਕਿੰਨਾ ਹੋਇਆ ਸੀ,
ਬਾਜਾਂ ਵਾਲਾ ਮਾਹੀ ਜਦੋਂ ਕੰਡਿਆਂ ਤੇ ਸੋਇਆ ਸੀ,
ਦੱਸੋ ਚੰਨ ਤਾਰਿਓ ਵੇ ਕੌਣ ਕੌਣ ਰੋਇਆ ਸੀ।
ਗਾਇਕਾ ਕਿਰਨ ਸ਼ਰਮਾ
ਪਤਨੀ
ਚਲ ਆਪਾਂ ਦੋਵੇਂ ਸਰਹਿੰਦ ਚੱਲੀਏ
ਜਿੱਥੇ ਸੰਗਤ ਰਹੀ ਹੈ ਸਾਰੀ ਜਾ,
ਕੀਏ ਇਤਿਹਾਸ ਦੱਸ ਜੋੜ ਮੇਲੇ ਦਾ
ਮੈਂ ਸੁਣਨੀ ਹੈ ਉੱਥੋਂ ਦੀ ਗਾਥਾ।
ਪਤੀ
ਬੱਚਾ ਬੱਚਾ ਜਾਣੇ ਇਤਿਹਾਸ ਗੁਰਾਂ
ਚੱਲ ਤੈਨੂੰ ਵੀ ਦਿਆਂ ਸਮਝਾਅ
ਜ਼ੋਰਾਵਰ ਫਤਹਿ ਸਿੰਘ ਲਾਲ ਗੁਰਾਂ ਦੇ
ਜਿਉਂਦੇ ਨੀਂਹਾਂ ਵਿੱਚ ਦਿੱਤੇ ਚਿਣਵਾ।
ਨਿਰਮਲ ਮਾਹਲਾ ਜੱਸ ਧਾਲੀਵਾਲ ਨੇ ਗਾਏ
ਆਓ ਹੁਣ ਗੱਲ ਕਰਦੇ ਆਂ ਤਰਸੇਮ ਸਿੰਘ ਖਾਸਪੁਰੀ ਦੇ ਜੀਵਨ ਸਫ਼ਰ ਬਾਰੇ 1974 ਚ ਜ਼ਨਮ ਮਾਤਾ ਹਮੀਰ ਕੌਰ ਜੀ ਦੀ ਕੁੱਖ ਤੋਂ ਪਿਤਾ ਸ੍ ਮਹਿੰਦਰ ਸਿੰਘ ਜੀ ਦੇ ਘਰ ਲਿਆ ਪ੍ਰਾਇਮਰੀ  ਤੱਕ ਸਕੂਲੀ ਪੜ੍ਹਾਈ ਆਪਣੇ ਜੱਦੀ ਪਿੰਡ ਖਾਸ ਪੁਰ ਤੋਂ ਕੀਤੀ ਤੇ ਦਸਵੀਂ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਪਾਤੜਾਂ ਤੋਂ ਕੀਤੀ ਖੇਡਾਂ ਵਿੱਚ ਵੀ ਭਾਗ ਲੈਂਦਾ ਰਿਹਾ ਤੇ ਸਰੀਰ ਆਪਣੇ ਨੂੰ ਸੁੰਦਰ ਸਡੌਲ ਬਣਾਉਣਾ ਸ਼ੁਰੂ ਕਰ ਦਿੱਤਾ।ਸਕੂਲ ਸਮੇਂ ਹੀ ਤਰਸੇਮ ਖਾਸ਼ਪੁਰੀ ਬਾਲ ਸਭਾ ਚ ਸ਼ਨਿਚਵਾਰ  ਨੂੰ ਛੋਟੀਆਂ ਕਵਿਤਾਵਾਂ ਗੀਤ ਲਿਖ ਕੇ ਬੋਲ ਲੈਂਦਾ ਸੀ ਏਥੋਂ ਹੀ ਸ਼ੌਕ ਅੱਗੇ ਵੱਧ ਦਾ ਗਿਆ ਲਿਖ ਲੈਂਦਾ ਮਿਟਾ ਲੈਂਦਾ ਅਖੀਰ ਕਾਮਯਾਬੀ ਦੀ ਮੰਜ਼ਲ ਵੱਲ ਵੱਧਣ ਲੱਗਾ ਤੇ ਗੀਤਕਾਰ ਆਪਣੇ ਨਾਮ ਦੇ ਮੂਹਰੇ ਲਵਾ ਲਿਆ। 1995 ਸੰਨ ਚ ਇਹ ਗੀਤਕਾਰ ਫੌਜ ਵਿੱਚ ਭਰਤੀ ਹੋ ਗ਼ਿਆ ਤੇ ਦੇਸ਼ ਦੀ ਸੇਵਾ ਵਿੱਚ ਜੁਟ ਗਿਆ। ਗੁਜਰਾਤ, ਰਾਜਸਥਾਨ,ਜੰਮੂ ਕਸ਼ਮੀਰ, ਪੰਜਾਬ ਚ ਤਨ ਦੇਹੀ ਨਾਲ ਸੇਵਾਵਾਂ ਦਿੰਦਾ ਰਿਹਾ। 2015 ਸੰਨ ਚ ਇਹ ਮਹਾਨ ਸ਼ਖ਼ਸੀਅਤ ਸੇਵਾ ਮੁਕਤੀ ਤੇ ਵਾਪਸ ਆਪਣੇ ਪਿੰਡ ਆ ਗਿਆ । ਪਿੰਡ ਆ ਕੇ ਵੀ ਇਸ ਸ਼ਖ਼ਸੀਅਤ ਨੇਂ ਕੁੱਝ ਚੰਗਾ ਕਰਨ ਲਈ ਸੋਚਿਆ ਤੇ ਸੁਰੱਖਿਆ ਗਾਰਡ ਬਣ ਕੇ ਬੈਂਕ ਚ ਸੇਵਾਵਾਂ ਦੇਣ ਲੱਗਾ ਜੋ ਨਿਰੰਤਰ ਜਾਰੀ  ਹਨ।
ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਨਾਲ਼ ਨਾਲ਼ ਸਮਾਜ ਸੇਵਾ ਅਤੇ ਵਾਤਾਵਰਣ ਸੰਭਾਲ ਕਰਨ ਦਾ ਵੀ ਇਸ ਗੀਤਕਾਰ ਨੂੰ ਬਹੁਤ ਵੱਡਾ ਸ਼ੌਕ ਹੈ। ਪੰਜਾਬੀ ਸਾਹਿਤ ਸਭਾ ਪਾਤੜਾਂ ਬੜੇ ਚਿਰ ਤੋਂ ਡਾਵਾਂ ਡੋਲ ਆਪਣੀਆਂ ਸੇਵਾਵਾਂ ਦੇਣ ਤੋਂ ਬੰਦ ਪਈ ਸੀ ਇਸ ਸ਼ਖ਼ਸੀਅਤ ਨੇਂ ਪੁਰਜ਼ੋਰ ਉਪਰਾਲਾ ਕਰਕੇ ਉਸ ਦਾ ਨਵੇਂ ਸਿਰਿਓ ਗੱਠਨ ਕਰਕੇ ਉਸ ਨੂੰ ਚਾਲੂ ਕੀਤਾ ਜਿਸ ਦੇ ਅੱਜਕਲ੍ਹ ਗੀਤਕਾਰ ਤਰਸੇਮ ਖਾਸਪੁਰੀ ਪ੍ਰਧਾਨਗੀ ਦੇ ਅਹੁਦੇ ਤੇ ਸੇਵਾ ਕਰ ਰਹੇ ਹਨ। ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਸਭਾ ਦੀ ਮੀਟਿੰਗ ਬੁਲਾ ਕੇ ਉਸ ਵਿੱਚ ਵਿਚਾਰਾਂ ਕਵਿਤਾਵਾਂ ਪੜ੍ਹੀਆਂ ਬੋਲੀਆਂ ਜਾਂਦੀਆਂ ਹਨ ਇਸ ਸਭਾ ਨੂੰ ਪੈਰਾਂ ਸਿਰ ਕਰਨ ਦਾ ਉਪਰਾਲਾ ਵੀ ਇਸ ਸ਼ਖ਼ਸੀਅਤ ਨੇਂ ਕੀਤਾ ਹੈ।ਅੰਤ  ਵਿੱਚ ਇਸ ਸ਼ਖ਼ਸੀਅਤ  ਤੇ ਕਲ਼ਮ ਕੋਲੋਂ ਬਹੁਤ ਉਮੀਦਾਂ ਹਨ ਭਵਿੱਖ ਵਿੱਚ ਕੁੱਝ ਬੇਹਤਰ ਤੇ ਵਧੀਆ ਕਰਨਗੇ ਅੱਜ ਕੱਲ੍ਹ ਆਪਣੀ ਪਤਨੀ ਜਸਪ੍ਰੀਤ ਕੌਰ,ਪੁੱਤਰ ਬਲਜਿੰਦਰ ਸਿੰਘ ,ਨੂੰਹ ਕਰਮਜੀਤ ਕੌਰ,ਲਾਡਲੀ ਪੋਤਰੀ ਗੁਰਸੀਰਤ ਕੌਰ ਅਤੇ ਧੀ ਸ਼ਰਨਦੀਪ ਕੌਰ ਸਮੇਤ ਜੱਦੀ ਪਿੰਡ ਖ਼ਾਸ ਪੁਰ ਅਤੇ ਦੁਤਾਲ ਦੀ ਹੱਦ ਤੇ ਡੇਰਾ ਗੰਗਾ ਨਗਰ ਵਿਖੇ ਸੁਖਮਈ ਜੀਵਨ ਬਤੀਤ ਕਰ ਰਿਹਾ ਹੈ। ਬਹੁਤ ਜਲਦੀ ਇਹ ਪਹਿਲੀ ਕਤਾਰ ਦੇ ਗੀਤਕਾਰ ਬਣ ਜਾਣਗੇ ਆਮੀਨ।
ਗੁਰਚਰਨ ਸਿੰਘ ਧੰਜੂ
ਸੰਪਰਕ-9914463576 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੱਖੜੀ ਕਰਵਾ ਚੌਥ ਸਾਡੇ ਤਿਉਹਾਰ
Next articleਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਨੇ ਹਰਮਨਜੀਤ ਸਿੰਘ ਬਾਜਵਾ ਨੂੰ ਮਾਝੇ ਜ਼ੋਨ ਦਾ ਇੰਚਾਰਜ ਨਿਯੁਕਤ ਕੀਤਾ