ਸਾਹਿਤਕਾਰ ਅਤੇ ਪੱਤਰਕਾਰ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਪਾਕਿਸਤਾਨ ਵਿਖੇ ਹੋਏ ਨਤਮਸਤਕ – ਲੇਖਕ ਮਹਿੰਦਰ ਸੂਦ ਵਿਰਕ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਦੀ ਗੱਲ ਹੈ ਕਿ ਮੈਂ ਖੁੱਦ ਲੇਖਕ ਅਤੇ ਗੀਤਕਾਰ ਮਹਿੰਦਰ ਸੂਦ ਵਿਰਕ ਅਤੇ ਮੇਰਾ ਬਹੁਤ ਪਿਆਰਾ ਮਿੱਤਰ ਲੇਖਕ ਪਾਲ ਜਲੰਧਰੀ ਅਸੀਂ ਦੋਵੇਂ ਆਪਣੇ ਗੂੜ੍ਹੇ ਮਿੱਤਰ ਅਸ਼ੋਕ ਗੋਬਿੰਦਪੁਰੀ ਦੇ ਫੋਟੋ ਸਟੂਡੀਓ ਵਿਖੇ ਮਿਲੇ । ਉਸ ਵਕਤ ਅਸ਼ੋਕ ਗੋਬਿੰਦਪੁਰੀ ਨੇ ਦੱਸਿਆ ਕਿ ਮਿਤੀ 20 ਅਗਸਤ 2024 ਦਿਨ ਮੰਗਲਵਾਰ ਨੂੰ ਉਹ ਅਤੇ ਡੀ ਜੇ ਭੰਗੜਾ ਗਰੁੱਪ ਵਾਲੇ ਅਮਨ ਬਹੂਆ, ਪੱਤਰਕਾਰ ਅਸ਼ੋਕ ਸ਼ਰਮਾ, ਸਰਕਾਰੀ ਬੈਂਕ ਦੇ ਡੀ ਐੱਸ ਏ ਨਰੇਸ ਕੁਮਾਰ, ਸਾਬਕਾ ਮਾਸਟਰ ਸੁਸੀਲ ਸ਼ਰਮਾ , ਡੇਰਾ ਬਾਬਾ ਨਾਨਕ ਸ਼੍ਰੀ ਕਰਤਾਰਪੁਰ ਸਾਹਿਬ ਕਰੀਡੋਰ ਦੇ ਦਰਸ਼ਨ ਦੀਦਾਰੇ ਕਰਨ ਲਈ ਜਾ ਰਹੇ ਹਨ। ਅਸ਼ੋਕ ਗੋਬਿੰਦਪੁਰੀ ਨੇ ਸਾਨੂੰ ਵੀ ਨਾਲ ਜਾਣ ਲਈ ਪੁੱਛਿਆ ਤਾਂ ਇਹ ਸੁਣ ਕੇ ਇੰਝ ਮਹਿਸੂਸ ਹੋਇਆ ਕਿ ਜਿਵੇਂ ਸਾਡੀ ਰੱਬ ਨੇ ਸੁਣ ਲਈ ਹੋਵੇ। ਕਿਉੰਕਿ ਅਸੀ ਦੋਵੇਂ ਕਾਫ਼ੀ ਦਿਨ ਤੋਂ ਇਹੀ ਸਲਾਹ ਕਰ ਰਹੇ ਸੀ। ਅਸੀਂ ਦੋਵਾਂ ਨੇ ਹਾਂ ਕਰ ਦਿੱਤੀ ਅਤੇ ਰੱਬ ਦੀ ਕਿਰਪਾ ਨਾਲ ਸਾਡੀ ਵੀ ਮਿਤੀ 20 ਅਗਸਤ ਵਾਲੇ ਦਿਨ ਦੀ ਰਜਿਸਟ੍ਰੇਸ਼ਨ ਹੋਈ। ਸਾਡੇ ਸਾਰਿਆਂ ਦੀਆਂ 5T1 L5TT5R 17 ਅਗਸਤ ਤੱਕ ਆ ਗਈਆਂ ਅਤੇ ਅਸੀਂ ਚਾਵਾਂ ਨਾਲ ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ।

ਮਿਤੀ 20 ਅਗਸਤ ਦਿਨ ਮੰਗਲਵਾਰ ਤੜਕ ਸਵੇਰੇ 5 ਵਜੇ ਅਸੀਂ ਸਾਰੇ ਫਗਵਾੜਾ ਬੱਸ ਅੱਡੇ ਤੇ ਇਕੱਠੇ ਹੋਕੇ ਅਮਨ ਬਹੂਆ  ਦੀ ertiga ਕਾਰ ਵਿੱਚ ਬੈਠ ਕੇ ਮੰਜ਼ਿਲ ਵੱਲ ਚੱਲ ਪਏ ਅਤੇ ਫਗਵਾੜਾ ਤੋਂ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਵਿਖੇ ਲਗਭਗ 5 ਘੰਟੇ ਵਿੱਚ ਪਹੁੰਚ ਗਏ। ਫਗਵਾੜਾ ਤੋਂ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਲਗਭਗ 140 ਕਿਲੋਮੀਟਰ ਦੇ ਕਰੀਬ ਹੈ ਡੇਰਾ ਬਾਬਾ ਨਾਨਕ ਦਾ ਖੂਬਸੂਰਤ ਆਲੀਸ਼ਾਨ ਆਕਰਸ਼ਣ ਭਰਪੂਰ ਕੋਰੀਡੋਰ ਵੇਖ ਕੇ ਮਨ ਬਾਗੋ ਬਾਗ਼ ਹੋ ਗਿਆ। ਸਭ ਨੂੰ ਚਾਅ ਚੜ੍ਹ ਗਏ ਇਵੇਂ ਮਹਿਸੂਸ ਹੋਣ ਲੱਗਾ ਜਿਵੇਂ ਹਕੀਕਤ ਵਿੱਚ ਹੀ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨੇ ਚੱਲੇ ਹਾਂ। ਉਹਨਾਂ ਦੀ ਇੱਕ ਤਸਵੀਰ ਜਿਹਨ ਵਿੱਚ ਉਤਰਨ ਲੱਗੀ, ਜਿਵੇਂ ਆਪਣੇ ਵਿਛੜੇ ਮਹਾਨ ਤੀਰਥ ਸਥਾਨ ਨੂੰ ਵੇਖਣ ਚੱਲੇ ਹੋਈਏ ਜਿਵੇਂ ਆਪਣੀ ਵਿਛੜੀ ਧਰਤੀ ਦਾ ਨਿੱਘ ਮਾਨਣ ਲਈ ਉਸ ਦਾ ਅਸ਼ੀਰਵਾਦ,ਉਸ ਦੀਆਂ ਸ਼ੁਭਕਾਮਨਾਵਾਂ ਲੈਣ ਲਈ ਜਾ ਰਹੇ ਹੋਈਏ। ਸਾਰਾ ਤਨ ਮਨ ਰੂਹ ਭਾਵੁਕ ਹੋ ਗਏ। ਮਨ ਵਿੱਚ ਤਾਂਘ ਵਲੇਵੇ ਖਾਣ ਲੱਗੀ। ਡੇਰਾ ਬਾਬਾ ਨਾਨਕ ਕੋਰੀਡੋਰ ਨੂੰ ਤਰ੍ਹਾਂ-ਤਰ੍ਹਾਂ ਦੇ ਸਟੈਚੂ ਸੁੰਦਰ ਸ਼ਿਲਪ ਦੀ ਕਾਰੀਗਰੀ ਆਕਰਸ਼ਕ ਬਣਾਵਟ ਸਜਾਵਟ ਅਤੇ ਸੱਭਿਆਚਾਰ ਦੀ ਰਹੁ ਰੀਤੀ ਦਾ ਰੰਗ ਰੂਪ ਦਿੱਤਾ ਹੋਇਆ ਸੀ। ਪ੍ਰਵੇਸ਼ ਦੁਆਰ ‘ਤੇ ਅੱਗੇ ਜਾ ਕੇ ਏਅਰਪੋਰਟ ਦੀ ਤਰਜ਼ ਵਰਗੀ ਚੈਕਿੰਗ। ਇੱਥੇ ਸਾਡੇ ਪਾਸਪੋਰਟ, ਟਿਕਟਾਂ ਵਾਲਾ ਫਾਰਮ, ਕੋਵਿਡ ਫਾਰਮ ਆਦਿ ਚੈੱਕ ਕੀਤੇ ਗਏ, ਇੱਕ ਇੱਕ ਚੀਜ਼ ਦੀ ਚੈਕਿੰਗ ਕੀਤੀ ਗਈ। ਤੁਸੀਂ ਪੁਸਤਕਾਂ ਜਾਂ ਕੋਈ ਵੀ ਲਿਟਰੇਚਰ ਨਾਲ ਨਹੀਂ ਲਿਜਾ ਸਕਦੇ। ਭਾਰਤੀ ਕਰੰਸੀ 11000 ਰੁਪਏ ਤੋਂ ਵੱਧ ਨਾਲ ਨਹੀਂ ਲਿਜਾ ਸਕਦੇ।

ਬਾਅਦ ਇੱਕ ਕਤਾਰ ਦੇ ਰੂਪ ਵਿੱਚ ਸਭ ਨੂੰ ਪੋਲੀਓ ਬੂੰਦਾ ਪਿਲਾਈਆਂ ਗਈਆਂ। ਸਾਰੇ ਸਾਮਾਨ ਦੀ ਫਿਰ ਤੋਂ ਚੈਕਿੰਗ ਕੀਤੀ। ਚੈਕਿੰਗ ਤੋਂ ਬਾਅਦ ਇੱਕ ਆਖਰੀ ਹਾਲ ਵਿੱਚ ਪ੍ਰਵੇਸ਼ ਕੀਤਾ ਅਤੇ ਉਸ ਦੇ ਬਾਹਰ ਇਲੈਕਟਰੋਨਿਕ ਕਾਰਾਂ ‘ਚ ਬਿਠਾ ਕੇ ਸਾਨੂੰ ਭਾਰਤ ਪਾਕਿਸਤਾਨ ਸੀਮਾ ਤੱਕ ਪਹੁੰਚਾਇਆ। ਉੱਥੇ ਫਿਰ ਚੈਕਿੰਗ ਹੋਈ। ਭਾਰਤ ਪਾਕਿਸਤਾਨ ਸੀਮਾ ਵੇਖ ਕੇ ਸਭ ਦਾ ਮਨ ਖੁਸ਼ ਹੋ ਗਿਆ। ਖੁਸ਼ੀ ਰੂਹ ਤੱਕ ਪਹੁੰਚ ਗਈ ਉੱਥੇ ਅਸੀਂ ਸਭ ਨੇ ਪਿਆਰੀ ਜਿਹੀ ਗਰੁੱਪ ਫੋਟੋ ਕਰਕੇ ਇੱਕ ਯਾਦ ਸਾਂਭੀ।ਪਾਕਿਸਤਾਨ ਸੀਮਾ ‘ਤੇ ਇੱਕ ਖੂਬਸੂਰਤ ਬਸ ਖੜ੍ਹੀ ਸੀ ਜਿਸ ਵਿੱਚ ਅਸੀਂ ਤੇ ਹੋਰ ਯਾਤਰੀ ਸ਼ਰਧਾਲੂ ਬੈਠ ਗਏ। ਥੋੜ੍ਹੀ ਦੇਰ ਬਾਅਦ ਬਸ ਚੱਲ ਪਈ,ਅਤੇ ਕੁੱਝ ਹੀ ਮਿੰਟਾਂ ਦੇ ਵਿੱਚ ਹੀ ਪਾਕਿਸਤਾਨ ਦੇ ਕੋਰੀਡੋਰ ਵਿੱਚ ਬਸ ਪ੍ਰਵੇਸ਼ ਕਰ ਗਈ। ਭਾਰਤ ਪਾਕਿਸਤਾਨ ਸੀਮਾ ਤੋਂ ਇਹ ਕੋਰੀਡੋਰ ਲਗਭਗ 5 ਕਿਲੋਮੀਟਰ ਦੂਰ ਹੈ, ਚਾਰੇ ਪਾਸੇ ਖੇਤ ਦੇ ਦ੍ਰਿਸ਼ ਉੱਥੇ ਬੱਸ ਰੁਕਦੀ ਹੈ ਸਭ ਉੱਤਰ ਜਾਂਦੇ ਹਨ। ਇਸ ਦੇ ਨਾਲ ਸੱਜੇ ਪਾਸੇ ਛੱਤ ਵਾਲਾ ਖੁੱਲਾ ਪਲੇਟਫਾਰਮ ਹੈ ਇੱਥੋਂ ਪਾਕਿਸਤਾਨੀ ਕਰੰਸੀ ਮਿਲਦੀ ਹੈ ਅਤੇ ਇੱਥੇ ਹੀ ਅਧਿਕਾਰੀ ਪ੍ਰਵੇਸ਼ ਫੀਸ ਅਮਰੀਕਾ ਦੇ 20 ਡਾਲਰ ਲੈਂਦੇ ਹਨ। ਪਾਕਿਸਤਾਨ ਦੀ ਕਰੰਸੀ ਦੇ ਮੁਤਾਬਿਕ ਭਾਰਤ ਦਾ ਇੱਕ ਰੁਪਏ ਅਤੇ ਪਾਕਿਸਤਾਨ ਦੇ ਦੋ ਰੁਪਏ ਅੱਸੀ ਪੈਸੇ ਬਣਦੇ ਹਨ। ਇਸ ਤੋਂ ਬਾਅਦ ਪਾਕਿਸਤਾਨ ਚੈਕਿੰਗ ਵਿਭਾਗ ਦੀ ਇਮਾਰਤ ਸ਼ੁਰੂ ਹੋ ਜਾਂਦੀ ਹੈ। ਇਸ ਦੇ ਪ੍ਰਵੇਸ਼ ਦੁਆਰ ਤੋਂ ਪਹਿਲਾਂ ਕਈ ਏਕੜ ਖੁੱਲ੍ਹਾ ਡੁੱਲਾ ਖੂਬਸੂਰਤ ਪਾਰਕ ਹੈ। ਅਸੀਂ ਜਲਦੀ ਜਲਦੀ ਚੈਕਿੰਗ ਵਿਭਾਗ ਦੀ ਇਮਾਰਤ ਵਿੱਚ ਪ੍ਰਵੇਸ਼ ਕਰ ਗਏ ਉੱਥੇ ਫਿਰ ਪੂਰੀ ਚੈਕਿੰਗ ਸਾਰੇ ਕਾਗਜ਼ਾਤ ਵੇਖੇ ਜਾਂਦੇ ਹਨ। ਇੱਕ ਬੈਗ ਵਿੱਚ  ਤੁਸੀਂ ਸੱਤ ਕਿਲੋ ਭਾਰ ਨਾਲ ਲਿਜਾ ਸਕਦੇ ਹੋ। ਇਸ ਇਮਾਰਤ ਤੋਂ ਬਾਹਰ ਫਿਰ ਬੱਸਾਂ ਲੱਗੀਆਂ ਹੋਈਆਂ ਸੀ, ਸਭ ਯਾਤਰੀ ਬੈਠ ਗਏ। ਫਿਰ ਜੈਕਾਰਿਆਂ ਦੀ ਗੂੰਜ ਬੱਸ ਨੇ ਸਭ ਨੂੰ ਕਰਤਾਰਪੁਰ ਸਾਹਿਬ ਦੇ ਬਾਹਰ ਚੈਕਿੰਗ ਪੋਸਟ ਤੇ ਉਤਾਰ ਦਿੱਤਾ। ਉਸ ਦੇ ਬਾਹਰ ਨਿਕਲਦਿਆਂ ਹੀ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਨਜ਼ਰ ਆਉਂਦੀ ਹੈ। ਇੱਕ ਉਤਸੁਕਤਾ ਵਿੱਚ ਜਗਿਆਸਾ ਨੂੰ ਖੰਭ ਲੱਗ ਗਏ।

ਸਭ ਤੋਂ ਪਹਿਲਾਂ ਦਰਸ਼ਨੀ ਡਿਉੜੀ ਦੇ ਮਨਮੋਹਣੇ ਦਰਸ਼ਨ ਹੋਏ।ਦਰਸ਼ਨੀ ਡਿਉੜੀ ਦੇ ਮੁੱਖ ਦੁਆਰ ਤੇ ਜਦੋਂ ਸ਼ਰਧਾਲੂ ਅੰਦਰ ਪ੍ਰਵੇਸ਼ ਕਰਨ ਲਗਦੇ ਹਨ, ਉਨ੍ਹਾਂ ਨੂੰ ਉਥੇ ਰੋਕ ਕੇ ਮੁਲਾਜ਼ਿਮ ਨੇ ਸਭ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੀ ਸੰਖੇਪ ਜਿਹੀ ਜਾਣਕਾਰੀ ਦਿੱਤੀ। ਕਿਥੇ ਕੀ ਹੈ? ਸਭ ਕੁਝ ਸਮਝਾਉਂਦੇ ਹਨ। ਇਸ ਤੋਂ ਬਾਅਦ ਅਸੀਂ ਅੰਦਰ ਪ੍ਰਵੇਸ਼ ਕੀਤਾ ਤਨ ਮਨ ਰੂਹ ਆਨੰਦਿਤ ਹੋਈ ਜਾ ਰਹੀ ਸੀ। ਜਿਵੇਂ ਹਕੀਕਤ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਣੇ ਹੋਣ। ਸੰਗਮਰਮਰ ਦਾ ਦਿਲਕਸ਼ ਫਰਸ਼, ਸਾਰੀ ਇਮਾਰਤ ਸਫੇਦ ਰੰਗ ਦੀ ਜਿਵੇਂ ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਪ੍ਰਵੇਸ਼ ਦੁਆਰ ਦੇ ਨਾਲ ਸੱਜੇ ਪਾਸੇ ਜੋੜਾ ਘਰ ਹੈ। ਜਿੱਥੇ ਸਭ ਨੇ ਅਪਣੇ- ਅਪਣੇ ਜੋੜੇ (ਜੁੱਤੇ) ਜਮ੍ਹਾ ਕਰਵਾ ਕੇ ਟੋਕਣ ਲੈ ਲਏ। ਸਭ ਨੇ ਦਰਸ਼ਨੀ ਡਿਉੜੀ ਦੀਆਂ ਸੁੰਦਰ ਤਸਵੀਰਾਂ ਖਿੱਚੀਆਂ। ਇਸ ਸਥਾਨ ਤੇ ਸ੍ਰੀ ਦਰਬਾਰ ਸਾਹਿਬ ਦਾ ਸਕੂਨ ਭਰਿਆ ਅਲੋਕਿਕ ਦ੍ਰਿਸ਼, ਤਨ ਮਨ ਰੂਹ ਨੂੰ ਛੁਹ ਜਾਂਦਾ ਹੈ। ਸ੍ਰੀ ਦਰਬਾਰ ਸਾਹਿਬ ਦੇ ਚਾਰੇ ਪਾਸਿਆਂ ਤੋਂ ਤੁਸੀਂ ਅੰਦਰ ਜਾ ਸਕਦੇ ਹੈ। ਚਾਰੇ ਪਾਸੇ ਲੰਬਾ ਚੋੜਾ ਬਰਾਮਦਾ ਨੁਮਾਂ ਗਲਿਆਰਾ ਹੈ। ਪ੍ਰਾਚੀਨ ਸਮੇਂ ਦੀ ਸ਼ਿਲਪ ਸ਼ੈਲੀ ਦੀ ਤਰਜ਼ ਵਿੱਚ ਆਧੁਨਿਕ ਸਮਗਰੀ ਨਾਲ ਬਣਿਆ।

ਅਸੀਂ ਪ੍ਰਵੇਸ਼ ਦੁਆਰ ਤੋਂ ਥੋੜਾ ਅੱਗੇ ਜਾ ਕੇ ਖੱਬੇ ਪਾਸੇ ਵੱਲ ਮੁੜ ਗਏ ਅਤੇ ਵਿਚਕਾਰ ਸਾਹਮਣੇ ਦਿਸ਼ਾ ਵੱਲ ਰਸਤਾ ਜਾਂਦਾ ਹੈ। ਰਸਤਿਆਂ ਵਿੱਚ ਸਾਫ ਸੁਥਰੇ ਕਲੀਨ ਵਿਛੇ ਹੋਏ ਹਨ ਗਰਮੀ ਸਰਦੀ ਤੋਂ ਬਚਣ ਲਈ। ਇੱਥੇ ਅਸੀਂ ਕੁਝ ਗਰੁੱਪ ਫੋਟੋ ਲਏ। ਇੱਥੋਂ ਸ੍ਰੀ ਦਰਬਾਰ ਸਾਹਿਬ ਦਾ ਪੂਰਾ ਦ੍ਰਿਸ਼ ਕੈਮਰੇ ਵਿੱਚ ਖਿੱਚ ਹੋ ਜਾਂਦਾ ਹੈ। ਅਸੀਂ ਖੱਬੇ ਪਾਸਿਓਂ ਘੁੰਮ ਕੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦੁਆਰ ਤੇ ਪਹੁੰਚ ਗਏ ਜਿਵੇਂ ਕੋਈ ਸਦੀਆਂ ਤੋਂ ਵਿਛੜੀ ਮੰਜਿਲ ਮਿਲ ਗਈ ਹੋਵੇ। ਅਧੂਰੇ ਚਾਵਾਂ ਨੂੰ ਜਿਵੇਂ ਸੰਪੂਰਨਤਾ ਦੇ ਖੰਭ ਲੱਗ ਗਏ ਹੋਣ। ਸੱਜੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਮਾਧੀ ਸਥਾਨ ਹਨ। ਇਸ ਨੂੰ ਦੇਖ ਕੇ ਦਰਸ਼ਨ ਕਰਕੇ ਮਨ ਦੀ ਤ੍ਰਿਪਤੀ ਪੂਰਨਤਾ ਵਿੱਚ ਬਦਲ ਗਈ। ਝੁਕ-ਝੁਕ ਮੱਥਾ ਟੇਕਿਆ ਅਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਵੇਸ਼ ਦਹਲੀਜ਼ ਨੂੰ ਢੰਡੌਤ ਬੰਦਨਾ ਕਰਦੇ ਹੋਏ ਅੰਦਰ ਪ੍ਰਵੇਸ਼ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਚੱਲ ਰਹੇ ਸੀ, ਸੱਜੇ ਪਾਸੇ ਕੀਰਤਨੀਏ ਜੱਥਾ ਭਾਈ ਸਾਹਿਬ ਕੀਰਤਨ ਕਰ ਰਹੇ ਸਨ।ਇੱਥੇ ਵੀ ਅਸੀਂ ਵੱਖ-ਵੱਖ ਕੋਨਿਆਂ ਤੋਂ ਤਸਵੀਰਾਂ ਖਿੱਚੀਆਂ। ਇੰਝ ਜਾਪੇ ਜਿਵੇਂ ਮਨ ਦੀ ਰੀਝ ਅਧਿਆਤਮਕ ਹੋ ਗਈ ਹੋਵੇ, ਤ੍ਰਿਪਤ ਸਕੂਨ ਹੋ ਗਈ ਹੋਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ ‘ਚੋਂ ਪਿੱਛੇ ਦੀ ਬਾਹਰ ਨਿਕਲਦੇ ਸਾਰ ਹੀ ਸੁੱਕਾ ਪ੍ਰਸ਼ਾਦ ਪੈਕਟਾਂ ਵਿੱਚ ਸਭ ਨੂੰ ਮਿਲਦਾ ਹੈ ਅਤੇ ਨਾਲ ਦੇਗ ਦਾ ਪ੍ਰਸ਼ਾਦ ਵੀ ਦਿੱਤਾ ਜਾਂਦਾ ਹੈ। ਅਸੀਂ ਪਰਿਕਰਮਾ ਕਰਕੇ ਫਿਰ ਮੁੱਖ ਦੁਆਰ ‘ਤੇ ਆ ਗਏ। ਇਸ ਸਥਾਨ ਦੇ ਬਾਹਰ ਨਾਲ ਹੀ ਪਵਿੱਤਰ ਪ੍ਰਾਚੀਨ ਟਿੰਡਾਂ ਵਾਲਾ ਖੂਹ ਹੈ। ਉਸ ਤੋਂ ਬਾਅਦ ਆਰਟ ਗੈਲਰੀ ਦੇ ਵਿੱਚ ਸੁੰਦਰ ਤਸਵੀਰਾਂ ਖਿੱਚੀਆਂ ਅਤੇ ਫਿਰ ਅਸੀਂ ਲੰਗਰ ਛੱਕਣ ਵਾਸਤੇ ਲੰਗਰ ਹਾਲ  ਪਹੁੰਚ। ਸੇਵਾਦਾਰਾਂ ਨੇ ਬਹੁਤ ਪਿਆਰ ਤੇ ਸਤਿਕਾਰ ਨਾਲ ਗੁਰੂ ਕਾ ਲੰਗਰ ਛਕਾਇਆ। ਲੰਗਰ ਹਾਲ ਤੋਂ ਕੁਝ ਕਦਮ ਦੂਰ ਹੀ ਬਾਜ਼ਾਰ ਹੈ ਜਿੱਥੋਂ ਸੰਗਤਾਂ ਕੱਪੜੇ, ਜੁੱਤੀਆਂ, ਡਰਾਈ ਫਰੂਟ, ਲੱਕੜ ਦਾ ਸਾਜੋ ਸਮਾਨ ਆਦਿ ਖ੍ਰੀਦ ਸਕਦੇ ਹਨ। ਅਸੀਂ ਸਾਰਿਆਂ ਨੇ ਲੋੜ ਮੁਤਾਬਿਕ ਖਰੀਦਦਾਰੀ ਕੀਤੀ।

ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੀ ਯਾਤਰੀ ਦਰਸ਼ਨ ਦੀਦਾਰੇ ਕਰ ਸਕਦੇ ਹਨ। ਅਸੀਂ  ਵੀ ਸ਼ਾਮ ਦੇ ਚਾਰ ਵੱਜਦੇ ਸਾਰ ਵਾਪਿਸ ਚੱਲ ਪਏ। ਆਪਣੇ ਦਿਲਾਂ ਵਿੱਚ ਤਾਂਘ ਲੈ ਕੇ ਕਿ ਜਲਦ ਹੀ ਸਰਕਾਰਾਂ ਆਪਸੀ ਸਾਂਝਾ ਨੂੰ ਹੋਰ ਮਜ਼ਬੂਤ ਕਰਦੇ ਹੋਏ ਸੰਗਤਾਂ ਦੇ ਲਈ ਘੱਟ ਤੋਂ ਘੱਟ ਇੱਕ ਦਿਨ ਰੁੱਕਣ ਦੀ ਇਜ਼ਾਜ਼ਤ ਤਾਂ ਦੇਣਗੀਆਂ। ਅਖ਼ੀਰ ਰੂਹ ਅਤੇ ਤਨ ਮਨ ਨੂੰ ਸਕੂਨ ਇੰਨਾ ਮਿਲਿਆ ਕਿ ਅਸੀਂ ਤਾਂ ਹਰ ਇੱਕ ਨੂੰ ਸਲਾਹ ਦੇਵਾਂਗੇ ਕਿ ਤੁਸੀਂ ਇੱਕ ਵਾਰ ਡੇਰਾ ਬਾਬਾ ਨਾਨਕ ਸ਼੍ਰੀ ਕਰਤਾਰਪੁਰ ਸਾਹਿਬ ਕਰੀਡੋਰ ਦੇ ਦਰਸ਼ਨ ਦੀਦਾਰੇ ਜਰੂਰ ਕਰਕੇ ਆਓ ਜੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪ੍ਰਬੁੱਧ ਭਾਰਤ ਫਾਊਾਡੇਸ਼ਨ ਦੀ 15ਵੀਂ ਪ੍ਰਤੀਯੋਗਤਾ ਦਾ ਵਿਦਿਆਰਥੀਆਂ ਨੇ ਪੇਪਰ ਦਿੱਤਾ
Next articleਉਸਾਰੀ ਮਜ਼ਦੂਰਾਂ ਦੀ ਹੋ ਰਹੀ ਖੱਜਲ ਖੁਆਰੀ ਉਨ੍ਹਾਂ ਦੀਆਂ ਆਸਾਂ ਉਮੀਦਾਂ ਉੱਤੇ ਪਾਣੀ ਫੇਰ ਰਹੀ ਹੈ-ਐੱਨ ਐੱਲ ਓ ਬਲਦੇਵ ਭਾਰਤੀ