(ਸਮਾਜ ਵੀਕਲੀ)
“ਪੂਜਾ ਕਰਹਿ ਪਰੁ ਬਿਧਿ ਨਹੀ ਜਾਣਹਿ ਦੂਜੈ ਭਾਇ ਮਲੁ ਲਾਈ”
ਸਵੇਰ ਦਾ ਭੋਜਨ ਕਰਨ ਸਮੇਂ ਖ਼ਬਰਾਂ ਲਾ ਲਈਆਂ। ਖ਼ਬਰ ਚੱਲ ਰਹੀ ਸੀ। ਦੇਸ਼ ਨੂੰ ਮਿਲਿਆ ਨਵਾਂ ਸੰਸਦ ਭਵਨ। ਕਰਵਾਈ ਗਈ ਸਰਬ ਧਰਮ ਪੂਜਾ। ਨਵੇਂ ਸੰਸਦ ਭਵਨ ‘ਤੇ ਬਹੁਤ ਸਾਰੇ ਸਵਾਲ / ਕਿੰਤੂ ਵੀ ਹਨ । “ਨਵੀਂ ਇਮਾਰਤ ਦੀ ਜ਼ਰੂਰਤ ਸੀ ਜਾਂ ਨਹੀਂ ਸੀ”। “ਰਾਸ਼ਟਰਪਤੀ ਨੂੰ ਜਾਣਬੁੱਝ ਕੇ ਦੂਰ ਰੱਖਿਆ ਗਿਆ”।” ਉਦਘਾਟਨ ਰਾਸ਼ਟਰਪਤੀ ਤੋਂ ਕਰਵਾਉਣਾ ਚਾਹੀਦਾ ਸੀ, ਵਗੈਰਾ ਵਗੈਰਾ”। ਇਨ੍ਹਾਂ ਸਵਾਲਾਂ ‘ਤੇ ਬਹੁਤ ਰੌਲਾ ਪੈ ਰਿਹਾ ਹੈ, ਸਭ ਦੇ ਆਪਣੇ ਆਪਣੇ ਵਿਚਾਰ ਤੇ ਤਰਕ ਹਨ। ਇਨ੍ਹਾਂ ਸਵਾਲਾਂ ਦੇ ਨਾਲ ਨਾਲ ਅੱਜ ਨਵੇਂ ਸੰਸਦ ਭਵਨ ਦਾ ਉਦਘਾਟਨ ਹੋ ਚੁੱਕਾ ਹੈ।
ਉਦਘਾਟਨ ਸਮਾਰੋਹ ਸਮੇਂ ਸਰਬ ਧਰਮ ਪੂਜਾ ਦਾ ਭਰਮ ਸਿਰਜ ਕੇ ਹਿੰਦੂ ਰਹੁ ਰੀਤਾਂ ਨਾਲ ਸੰਸਦ ਦਾ ਉਦਘਾਟਨ ਕੀਤਾ ਗਿਆ। ਮੈਨੂੰ ਇਕ ਗੱਲ ਦੀ ਸਮਝ ਅੱਜ ਤੱਕ ਨਹੀ ਆਈ। ਭਾਰਤ ਅਤੇ ਇਸ ਵਰਗੇ ਦੇਸ਼ਾਂ ਵਿਚ ਹਰ ਕੰਮ ਤੋਂ ਪਹਿਲਾਂ ਪੂਜਾ ਜ਼ਰੂਰ ਕੀਤੀ ਜਾਂਦੀ ਹੈ। ਸੰਸਦ ਕੋਈ ਧਾਰਮਿਕ ਸਥਾਨ ਨਹੀਂ। ਇਹ ਲੋਕਾਂ ਦੁਆਰਾ ਚੁਣੇ ਗਏ ਨੁਮਾਇੰਦਿਆਂ ਦਾ ਕਰਮ ਸਥਾਨ ਹੈ। ਇਥੇ ਹੀ ਲੋਕਾਂ ਦੁਆਰਾ ਭੇਜੇ ਨੇਤਾਵਾਂ ਨੇ ਸਮਾਜ ਦੇ ਵਿਕਾਸ ਲਈ ਨਵੀਆਂ ਨੀਤੀਆਂ ਤੇ ਕਨੂੰਨ ਬਣਾਉਣੇ ਹੁੰਦੇ ਨੇ। ਚੰਗਾ ਹੁੰਦਾ ਜੇ ਸਰਬ ਪਾਰਟੀਆਂ ਦੇ ਨੇਤਾ ਇਹ ਪ੍ਰਣ ਕਰਦੇ ਕਿ ਅਸੀਂ ਇਮਾਨਦਾਰੀ ਨਾਲ ਕੰਮ ਕਰਾਂਗੇ ਪਰ ਪ੍ਰਣ ਤਾਂ ਇਹ ਉੱਚੀ ਉੱਚੀ ਬੋਲ ਕੇ ਕਰਦੇ ਨੇ, ਜਦੋਂ ਸਾਂਸਦ ਵਜੋਂ ਚੁਣੇ ਜਾਂਦੇ ਨੇ ਪਰ ਬਹੁਤੇ ਕਰਦੇ ਘਪਲੇ ਹੀ ਨੇ।
ਪੂਜਾ ਕਰਕੇ ਇਨ੍ਹਾਂ ਦੇ ਸਾਰੇ ਪਾਪ ਖ਼ਤਮ ਹੋ ਜਾਂਦੇ ਨੇ। ਪੂਜਾ ਨਾਲ ਨਵਾਂ ਸੰਸਦ ਭਵਨ ਵੀ ਪਵਿੱਤਰ ਹੋ ਗਿਆ। ਹੁਣ ਪੂਜਾ ਨਾਲ ਪਵਿੱਤਰ ਹੋਏ ਇਸ ਨਵੇਂ ਸੰਸਦ ਭਵਨ ਵਿਚ ਸਾਰੇ ਨੇਤਾ ਰੱਜ ਕੇ ਝੂਠ ਬੋਲ ਸਕਣਗੇ ਤੇ ਉਮੀਦ ਹੈ ਅੰਤਾਂ ਦੇ ਝੂਠ ਸੁਣ ਕੇ ਵੀ ਪਵਿੱਤਰ ਸੰਸਦ ਨਹੀਂ ਡੋਲੇਗੀ ਕਿਉਂਕਿ ਇਹ ਵਾਸਤੂਸ਼ਾਸਤਰ ਨਾਲ ਬਣਾਈ ਗਈ ਹੈ, ਭਾਵੇਂ ਠੇਕੇਦਾਰ ਤੇ ਅਫ਼ਸਰ ਕੁਝ ਸੀਮਿੰਟ, ਰੇਤਾ ਅਤੇ ਸਰੀਆ ਛੱਕ ਹੀ ਗਏ ਹੋਣ। ਨਾ ਹੀ ਇਸ ਦੀ ਪਵਿੱਤਰਤਾ ਭੰਗ ਹੋਵੇਗੀ, ਕਿਉਂਕਿ ਪੂਜਾ ਕਰ ਲਈ ਗਈ ਹੈ।
ਅਸੀਂ ਕੁਝ ਵੀ ਨਵਾਂ ਕਰਨਾ ਹੋਵੇ,ਸਾਡਾ ਸਾਰਾ ਜੋਰ ਪੂਜਾ ‘ਤੇ ਲਗਦਾ ਹੈ। ਨੇਤਾ,ਅਫ਼ਸਰ ਤੇ ਵਪਾਰੀ ਲੋਕਾਂ ਦਾ ਖ਼ੂਨ ਚੂਸ ਚੂਸ ਕੇ ਨਵਾਂ ਘਰ ਬਣਾਉਣਗੇ, ਮੁਆਫ਼ ਕਰਨਾ ਜੀ ਮਹਿਲ ਉਸਾਰਨਗੇ ਤੇ ਗ੍ਰਹਿ ਪ੍ਰਵੇਸ਼ ਤੋਂ ਪਹਿਲਾਂ ਪੂਜਾ ਕਰਵਾਉਣਗੇ ਤੇ ਦੋਸਤਾਂ ਨੂੰ ਲੰਗਰ ਖਵਾਉਣਗੇ। ਸਾਡੇ ਵਰਗੇ ਵੀ ਉਸ ਦੀਆਂ ਲਹੂ ਭਿੱਜੀਆਂ ਰੋਟੀਆਂ ਖਾ ਕੇ ਸਿਫ਼ਤਾਂ ਦੇ ਪੁਲ ਬੰਨ੍ਹ ਕੇ ਤੁਰਦੇ ਹੋਣਗੇ। ਗੁਰੂ ਸਹਿਬਾਨ ਨੇ ਤਾਂ ਹੱਕ ਹਲਾਲ ਦੀ ਕਮਾਈ ਦੀ ਗੱਲ ਕੀਤੀ ਹੈ।
“ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ”
ਦੁਖ ਤਾਂ ਇਸ ਗੱਲ ਦਾ ਹੈ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹੀ ਕੁਝ ਪਰੋਸ ਰਹੇ ਹਾਂ। ਸਕੂਲ ਕਾਲਜਾਂ ਵਿਚ ਵੀ ਧਰਮ ਦੀ ਤੂਤੀ ਬੋਲਦੀ ਹੈ। ਅੰਧ ਵਿਸ਼ਵਾਸੀ ਤਰੀਕੇ ਨਾਲ ਧਰਮ ਦੇ ਅਰਥ ਸਮਝਾਏ ਜਾਂਦੇ ਹਨ। ਸੰਸਥਾ ਦਾ ਸਬੰਧ ਜਿਸ ਧਰਮ ਨਾਲ ਹੈ,ਉਸ ਦੇ ਅਡੰਬਰ ਵਿਦਿਆਰਥੀਆਂ ਦੇ ਮਨ ਵਿਚ ਭਰ ਦਿੱਤੇ ਜਾਂਦੇ ਹਨ। ਵਿਦਿਆਰਥੀਆਂ ਨਾਲ ਗੱਲ ਕਰਕੇ ਵੇਖੋ ਬਹੁਤਿਆਂ ਦੀ ਆਜ਼ਾਦ ਸੋਚ ਨਹੀਂ ਹੈ ਸਗੋਂ ਜਿਵੇਂ ਦਾ ਸੰਸਥਾਵਾਂ ਵਿਚ ਪਰੋਸਿਆ ਜਾ ਰਿਹਾ ਹੈ ਉਹ ਉਸੇ ਤਰ੍ਹਾਂ ਹੀ ਸੋਚ ਰਹੇ ਹਨ। ਇਸੇ ਕਰਕੇ ਹੀ ਅੰਧ ਵਿਸ਼ਵਾਸ ਵੱਧ ਰਿਹਾ ਹੈ। ਇਕ ਵਾਰ ਇਕ ਸਮਾਗਮ ਵਿਚ ਪੁਜਾਰੀ ਕੁਦਰਤ ਅੱਗੇ ਫ਼ਰਿਆਦ ਕਰ ਰਿਹਾ ਸੀ,” ਹੇ ਪਰਮਾਤਮਾ ਸਾਰੇ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋ ਜਾਣ। ਅਧਿਆਪਕਾਂ ਨੂੰ ਤਰੱਕੀ ਬਖ਼ਸ਼ਿਸ਼ ਕਰਨੀ।
ਪੇਪਰਾਂ ਸਮੇਂ ਵਿਦਿਆਰਥੀਆਂ ‘ਤੇ ਮਿਹਰ ਭਰਿਆ ਹੱਥ ਰੱਖਣਾ “। ਸਮਾਗਮ ਖ਼ਤਮ ਹੋਣ ਬਾਅਦ, ਮੈਂ ਬਹੁਤ ਨਿਮਰਤਾ ਨਾਲ ਪੁੱਛਿਆ,”ਜੋ ਵਿਦਿਆਰਥੀ ਕਲਾਸ ਵਿਚ ਨਹੀ ਆਏ, ਸਾਰਾ ਸਾਲ ਮੌਜਾਂ ਮਾਣਦੇ ਰਹੇ, ਰੱਬ ਉਨ੍ਹਾਂ ਦੀ ਮਦਦ ਪਰਚੀਆਂ ਭੇਜ ਕੇ ਕਰੇਗਾ ਤੇ ਨਲੈਕ ਕਿਸਮ ਦੇ ਅਧਿਆਪਕਾਂ ਦੀ ਡਿਊਟੀ ਪੇਪਰਾਂ ਵਿਚ ਲਾਵੇਗਾ ਜੋ ਨਕਲ ਕਰਨ ਤੋਂ ਨਾ ਰੋਕਣ”। ਪੁਜਾਰੀ ਬੋਲਿਆ, “ਨਹੀ ਜੀ ਅਸੀਂ ਤਾਂ ਇਸ ਤਰ੍ਹਾਂ ਹੀ ਕਹਿਣਾ ਹੁੰਦਾ”। ਪੁਜਾਰੀ ਦੀ ਗੱਲ ਵੀ ਠੀਕ ਹੈ। ਪੁਜਾਰੀ ਵੀ ਸਾਡੇ ਵਿਚੋਂ ਹੀ ਹੈ ਉਸ ਨੇ ਵੀ ਜਵਾਕ ਪਾਲਣੇ ਨੇ।
ਸਾਡਾ ਪ੍ਰਧਾਨ ਮੰਤਰੀ ਮੋਦੀ ਹੋਵੇ ਜਾਂ ਕੋਈ ਹੋਰ ਨੇਤਾ ਜਦ ਭਾਸ਼ਣ ਦੇਣਗੇ, ਵੱਡੇ ਮੁਲਕਾਂ ਤੋਂ ਵੀ ਵੱਧ ਤਰੱਕੀ ਦੀ ਗੱਲ ਕਰਨਗੇ ਤੇ ਇਨ੍ਹਾਂ ਦੀ ਸੋਚ ਹੋਵੇਗੀ ਸੌ ਸਾਲ ਪੁਰਾਣੀ। ਇਨ੍ਹਾਂ ਨੂੰ ਕੋਈ ਪੁੱਛਣ ਵਾਲਾ ਹੋਵੇ, ਮੰਤਰ ਪੜ੍ਹ ਕੇ ਵੀ ਕਦੇ ਕੋਈ ਸਥਾਨ ਪਵਿੱਤਰ ਹੋਇਆ, ਸਥਾਨ ਪਵਿੱਤਰ ਹੁੰਦੇ ਨੇ ਕਰਮ ਕਰਨ ਨਾਲ ਦੇਸ਼ ਅਤੇ ਸਮਾਜ ਦਾ ਸਬੰਧ ਹੈ ਵੀ ਕੇਵਲ ਕਰਮ ਨਾਲ। ਧਰਮ ਦਾ ਇਕ ਫ਼ਾਇਦਾ ਹੈ , ਹੈ ਵੀ ਨੇਤਾਵਾਂ ਨੂੰ ਧਰਮ ਦੇ ਨਾਮ ‘ਤੇ ਦੰਗੇ ਕਰਵਾ ਕੇ ਵੋਟਾਂ ਮਿਲ ਜਾਂਦੀਆਂ ਨੇ ।
ਧਰਮ ਇਕ ਜੀਵਨ ਜਾਚ ਹੈ। ਤੁਸੀਂ ਆਪਣੀ ਆਜ਼ਾਦੀ ਨਾਲ ਕਿਸੇ ਵੀ ਧਰਮ ਨੂੰ ਮੰਨ ਸਕਦੇ ਹੋ ਪਰ ਧਰਮ ਦੀ ਪਹਿਲੀ ਪੌੜੀ ਹੈ ਉਸ ਧਰਮ ਦੀ ਸਿਖਿਆ ਅਤੇ ਅਸੂਲ । ਹਰ ਧਰਮ ਇਮਾਨਦਾਰੀ ਨਾਲ ਕਮਾਈ ਕਰਨ,ਵੰਡ ਛਕਣ ਤੇ ਦੂਸਰਿਆਂ ਦੀ ਮਦਦ ਦੀ ਗੱਲ ਕਰਦਾ ਹੈ ਪਰ ਕੀ ਅਸੀਂ ਕਦੇ ਧਰਮ ਦੇ ਸਹੀ ਅਰਥਾਂ ਨੂੰ ਜਾਣਿਆ ਹੈ? ਇਕ ਹੀ ਕੰਮ ਆਉਂਦਾ ਅੰਧਵਿਸ਼ਵਾਸੀ ਤਰੀਕੇ ਨਾਲ ਪੂਜਾ ਕਰਨੀ। ਜਿਸ ਨੂੰ ਸਿੱਧੇ ਰੂਪ ਵਿਚ ਪਾਖੰਡ ਕਹਿੰਦੇ ਹਨ।
“ਬਿਨੁ ਨਾਵੈ ਹੋਰ ਪੂਜ ਨ ਹੋਵੀ ਭਰਮਿ ਭੁਲੀ ਲੋਕਾਈ”
ਰਹੀ ਗੱਲ ਸਾਡੇ ਦੇਸ਼ ਦੇ ਨੇਤਾਵਾਂ ਦੀ, ਉਨ੍ਹਾਂ ਦਾ ਹਿਸਾਬ ਮੇਰੇ ਤੋਂ ਹੋਣਾ ਨਹੀਂ,ਤੁਸੀਂ ਦੱਸਣਾ ਹੈ ਕਿ ਕਿੰਨੇ ਨੇਤਾ ਇਮਾਨਦਾਰ ਨੇ ਤੇ ਕਿੰਨੇ ਚੋਰ। ਆਪਣੇ ਘਰ ਪਿੰਡ ਸ਼ਹਿਰ ਦੇ ਵਿਚ ਵੇਖੋ ਤੁਹਾਡੇ ਇਲਾਕੇ ਦਾ ਨੇਤਾ ਕੋਲ ਕਮਾਈ ਦਾ ਕੀ ਵਸੀਲਾ ਹੈ। ਨੇਤਾ ਬਣਨ ਤੋਂ ਪਹਿਲਾਂ ਕੀ ਜਾਇਦਾਦ ਸੀ ਤੇ ਨੇਤਾ ਬਣਨ ਤੋਂ ਬਾਅਦ ਪੂਜਾ ਕਰ ਕਰ ਕੇ,ਕੀ ਕੀ ਇਕੱਠਾ ਕੀਤਾ ਹੈ।
ਇਕ ਗੱਲ ਦਾ ਅੱਜ ਬਹੁਤ ਦੁਖ ਹੋਇਆ ਹੈ। ਇਕ ਪਾਸੇ ਤਾਂ ਨਵੇਂ ਸੰਸਦ ਦਾ ਉਦਘਾਟਨ ਕੀਤਾ ਜਾ ਰਿਹਾ ਸੀ ਤੇ ਦੂਜੇ ਪਾਸੇ ਖੇਡ ਜਗਤ ਵਿਚ ਭਾਰਤ ਦਾ ਨਾਮ ਚਮਕਾਉਣ ਵਾਲੇ ਖਿਡਾਰੀਆਂ ਦੀ ਪੂਜਾ ਕੀਤੀ ਜਾ ਰਹੀ ਸੀ , ਡੰਡਿਆਂ ਨਾਲ। ਪੂਜਾ ਪਵਿੱਤਰਤਾ ਮਰਿਆਦਾ ਤਾਂ ਪਹਿਲੇ ਦਿਨ ਹੀ ਖੰਡਿਤ ਹੋ ਗਈ ਉਮੀਦ ਨਹੀਂ ਯਕੀਨ ਹੈ, ਇਸ ਨਵੇਂ ਸੰਸਦ ਭਵਨ ਵਿਚ ਵੀ ਨੇਤਾਵਾਂ ਦਾ ਵਰਤਾਰਾ ਪੁਰਾਣਾ ਹੀ ਹੋਵੇਗਾ। ਨੇਤਾਵਾਂ ਦੀਆਂ ਸੁਵਿਧਾਵਾਂ ਵਿਚ ਅਤੇ ਮਾੜੀ ਨੀਅਤ ਵਿਚ ਵਾਧਾ ਹੋਵੇਗਾ। ਪੁਰਾਣੇ ਲੋਟੂ ਟੋਲੇ ਵੱਲੋਂ ਬਣਾਏ ਨਵੇਂ ਸੰਸਦ ਭਵਨ ਦੀਆਂ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਨਵੇਂ ਸੰਸਦ ਭਵਨ ਨੂੰ ਬਣਾਉਣ ਲਈ ਵਰਤਿਆ ਗਿਆ ਪੈਸਾ ਤੁਹਾਡੀਆਂ ਜੇਬਾਂ ਵਿਚੋਂ ਹੀ ਕੱਢਿਆ ਗਿਆ ਹੈ। ਇਕ ਸਲਾਹ ਨੇਤਾਵਾਂ ਦੀ ਪੂਜਾ ਕਰਨ ਵਾਲਿਆਂ ਨੂੰ ਵੀ ਹੈ ਕਿ ਆਪਣੇ ਰੱਬ ਰੂਪੀ ਨੇਤਾਵਾਂ ਬਾਰੇ ਸੱਚ ਜਾਨਣ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ, ਅੱਖਾਂ ਦੇ ਨਾਲ ਨਾਲ ਦਿਮਾਗ ਤੋਂ ਭਰਮ ਦੀ ਪੱਟੀ ਉਤਾਰ ਕੇ।
ਨਰਿੰਦਰਜੀਤ ਸਿੰਘ ਬਰਾੜ
9815656601
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly