ਵਿਸ਼ਵ ਕਵਿਤਾ ਦਿਵਸ

ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ)-ਅੱਜ ਵਿਸ਼ਵ ਕਵਿਤਾ ਦਿਵਸ ਦੇ ਮੌਕੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ।ਕਵਿਤਾ ਕੇਵਲ ਲਿਖਣ ਵਾਲੇ ਦੀ ਨਹੀਂ ਪੜ੍ਹਨ ਵਾਲੇ ਦੀ ਵੀ ਦਿਲ ਦੀ ਗੱਲ ਕਹਿੰਦੀ ਹੈ।ਕਵਿਤਾ ਹਾਲਾਤ ਦੀ ਗੱਲ ਤੋਂ ਸੰਭਾਵਨਾਵਾਂ ਦੀ ਗੱਲ ਕਰਦੀ ਹੈ।ਕਵਿਤਾ ਸੁਫ਼ਨਿਆਂ ਦੀ ਗੱਲ ਕਰਦੀ ਹੈ।ਕਵਿਤਾ ਮਨੁੱਖਤਾ ਦੀ ਗੱਲ ਕਰਦੀ ਹੈ। ਅੱਜ ਦੀ ਇੱਕ ਝੂਠੀ ਜ਼ਿੰਦਗੀ ਜੀਅ ਰਹੇ ਮਨੁੱਖ ਦੇ ਦਿਲ ਦੀ ਗੱਲ ਸਿਰਫ਼ ਕਵਿਤਾ ਹੀ ਕਰਦੀ ਹੈ।ਨੀਰਸ ਜੀਵਨ ਨੂੰ ਰਸ ਭਰਪੂਰ ਕਵਿਤਾ ਹੀ ਬਣਾਉਂਦੀ ਹੈ।ਕਵਿਤਾ ਵਿੱਚ ਮਾਰਿਆ ਨਿਹੋਰਾ ਸਿੱਧਾ ਦਿਲ ਤੇ ਜਾ ਵੱਜਦਾ ਹੈ।ਕਵਿਤਾ ਹਾਕਮ ਨੂੰ ਸੰਬੋਧਿਤ ਕਰ ਉਸ ਨੂੰ ਉਸ ਦੀਆਂ ਕਮੀਆਂ ਦੱਸਦੀ ਹੈ।ਕਵਿਤਾ ਸਮਾਜ ਨੂੰ ਬਦਲਣ ਵਾਲੀ ਦਸ਼ਾ ਤੇ ਦਿਸ਼ਾ ਦੀ ਗੱਲ ਕਰਦੀ ਹੈ।ਕਵਿਤਾ ਦਿਲ ਦੀਆਂ ਤਰੰਗਾਂ ਦੀ ਗੱਲ ਕਰਦੀ ਹੈ।ਦਿਮਾਗ ਦੀ ਗੱਲ ਤਾਂ ਅਸੀਂ ਅਕਸਰ ਕਰਦੇ ਰਹਿੰਦੇ ਹਾਂ ਪਰ ਦਿਲ ਦੀਆਂ ਗੱਲਾਂ ਕਵਿਤਾ ਹੀ ਕਰਦੀ ਹੈ।ਕਵੀ ਜੋ ਵੀ ਲਿਖਦਾ ਹੈ ਕਿਸੇ ਨਾ ਕਿਸੇ ਦੀ ਆਪ ਬੀਤੀ ਜ਼ਰੂਰ ਹੁੰਦੀ ਹੈ।ਕਵਿਤਾ ਪੜ੍ਹ ਅਸੀਂ ਆਪਣੇ ਆਪ ਨੂੰ ਉਸ ਨਾਲ ਜੋੜਦੇ ਹਾਂ।ਇੰਜ ਮਹਿਸੂਸ ਹੁੰਦਾ ਹੈ ਕਿ ਸਾਡੇ ਭਾਵਾਂ ਨੂੰ ਅਭਿਵਿਅਕਤ ਕੀਤਾ ਗਿਆ ਹੈ।ਪਰਮਾਤਮਾ ਆਪ ਧਰਤੀ ਤੇ ਨਹੀਂ ਆ ਸਕਦਾ ਇਸ ਲਈ ਉਸਦੀ ਕਵਿਤਾ ਰਚੀ।ਕਵਿਤਾ ਆਤਮਾ ਦੇ ਪਰਮਾਤਮਾ ਨਾਲ ਮਿਲਣ ਦੀ ਗੱਲ ਕਰਦੀ ਹੈ।ਸਾਡੇ ਸ਼ਬਦ ਗੁਰੂ ਕਵਿਤਾ ਵਿੱਚ ਹੈ।ਕਵਿਤਾ ਮਨ ਨੂੰ ਝੰਜੋੜਨ ਤੇ ਹਲੂਨਣ ਦੀ ਸ਼ਕਤੀ ਰੱਖਦੀ ਹੈ।ਵਿਰਸੇ ਤੇ ਵਿਰਾਸਤ ਨੂੰ ਸੰਭਾਲਦੀ ਹੈ।
ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ
ਸ਼ੀਸ਼ਿਆਂ ਚੋਂ ਦਿਸੇ ਮੇਰਾ ਵੀਰ ਮੱਝਾਂ ਚਾਰਦਾ
ਇਕ ਸਹੁਰੇ ਜਾਂਦੀ ਧੀ ਦੀਅਾਂ ਭਾਵਨਾਵਾਂ ਨੂੰ ਵਿਅਕਤ ਇੰਨੇ ਸੋਹਣੇ ਤਰੀਕੇ ਨਾਲ ਕਵਿਤਾ ਹੀ ਕਰ ਸਕਦੀ ਹੈ।

ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੇਚ ਵੱਟ ਕੇ
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ
ਕੱਛੇ ਮਾਰ ਵੰਝਲੀ ਆਨੰਦ ਛਾ ਗਿਆ
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ
ਇੱਥੇ ਕਵਿਤਾ ਕਿਸਾਨਾਂ ਦੇ ਉਤਸ਼ਾਹ ਦੀ ਗੱਲ ਕਰਦੀ ਹੈ।ਉਸ ਦੇ ਮਨ ਦੇ ਭਾਵਾਂ ਦੀ ਗੱਲ ਕਰਦੀ ਹੈ।

ਕਿੱਕਰਾ ਵੇ ਕੰਡਿਆਲਿਆ ਉੱਤੋਂ ਚੜ੍ਹਿਆ ਪੋਹ
ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋਹ

ਹੁਣ ਕਵਿਤਾ ਹੱਕਾਂ ਦੀ ਗੱਲ ਕਰਦੀ ਹੈ।ਸੁਚੇਤ ਕਰਦੀ ਹੈ ਹੱਕਾਂ ਪ੍ਰਤੀ।

ਏਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇਂ
ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ

ਹਾਲਾਤ ਤੇ ਤਨਜ਼ ਹੈ।ਤੇ ਸਿਰਫ਼ ਕਵਿਤਾ ਕਰ ਸਕਦੀ ਹੈ।

ਬੇਹਿੰਮਤੇ ਨੇ ਜਿਹੜੇ ਬਹਿਕੇ ਸ਼ਿਕਵਾ ਕਰਨ ਮੁਕੱਦਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ

ਕਵਿਤਾ ਹਾਲਾਤ ਦਾ ਮੁਕਾਬਲਾ ਕਰਨ ਦੀ ਹਿੰਮਤ ਦਿੰਦੀ ਹੈ।

ਕਵਿਤਾ ਜ਼ਿੰਦਗੀ ਦੇ ਹਰ ਖੇਤਰ ਵਿੱਚ ਹੈ ਕਿਉਂਕਿ ਉਹ ਹਰ ਖੇਤਰ ਦੀ ਗੱਲ ਕਰਦੀ ਹੈ।ਜ਼ਿੰਦਗੀ ਚ ਕੋਈ ਵੀ ਵਿਸ਼ਾ ਕਵਿਤਾ ਤੋਂ ਅਛੂਤਾ ਨਹੀਂ ਹੈ।ਕਵਿਤਾ ਮੇਰੀ ਤੁਹਾਡੀ ਸਾਰਿਆਂ ਦੀ ਗੱਲ ਕਰਦੀ ਹੈ।ਕਈ ਤਾਂ ਖਾਲੀ ਮਨ ਨੂੰ ਭਾਵਨਾਵਾਂ ਨਾਲ ਭਰਦੀ ਹੈ ਤੇ ਭਰੇ ਹੋਏ ਮਨ ਨੂੰ ਹਲਕਾ ਕਰਦੀ ਹੈ।

ਵਿਸ਼ਵ ਕਵਿਤਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ

ਹਰਪ੍ਰੀਤ ਕੌਰ ਸੰਧੂ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਹ ਦਿਨ ਸਭ ਤੋਂ ਖ਼ਰਾਬ ਹੁੰਦਾ ਹੈ ਜੋ ਬਿਨਾਂ ਹੱਸੇ ਲੰਘ ਜਾਵੇ।
Next article” ਕੀਮਤੀ ਡਾਇਮੰਡ “