ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਰਾਜ ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਜ਼ਿਲ੍ਹਾ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਫਾਰਮਾਸਿਸਟ ਵੈਲਫੈਅਰ ਐਸੋਸੀਏਸ਼ਨ ਵਲੋਂ ਵਿਸ਼ਵ ਫਾਰਮੇਸੀ ਦਿਵਸ ਦੇ ਸਬੰਧ ਵਿੱਚ ਪ੍ਰੈਜ਼ੀਡੈਂਸੀ ਹੋਟਲ ਵਿੱਚ ਇੱਕ ਪ੍ਰਭਾਵਸ਼ਾਲੀ ਸਮਾਰੋਹ ਕਰਵਾਇਆ ਗਿਆ। ਐਸੋਸੀਏਸ਼ਨ ਦੇ ਚੇਅਰਮੈਨ ਸਾਥੀ ਸੱਤਪਾਲ ਲੱਠ ਦੀ ਅਗਵਾਈ ਹੇਠ ਕਰਵਾਏ ਇਸ ਸਮਾਰੋਹ ਵਿੱਚ ਸਰਕਾਰੀ ਨੌਕਰੀ ਕਰ ਰਹੇ, ਜ਼ਿਲ੍ਹਾ ਪ੍ਰੀਸ਼ਦ, ਸੇਵਾ ਮੁਕਤ ਫਾਰਮਾਸਿਸਟਾਂ ਵਲੋਂ ਸ਼ਮੂਲੀਅਤ ਕੀਤੀ ਗਈ। ਸਮਾਰੋਹ ਦੀ ਸ਼ੁਰੂਆਤ ਚੇਅਰਮੈਨ ਸਾਥੀ ਸੱਤਪਾਲ ਲੱਠ, ਸਾਥੀ ਸੁਰਿੰਦਰ ਘਈ ਜੀ ਦੀ ਧਰਮ ਪਤਨੀ ਮੈਡਮ ਸੁਖਵੰਤ ਕੌਰ ਅਤੇ ਖਾਸ ਤੌਰ ਤੇ ਹਿਮਾਚਲ ਤੋਂ ਪਹੁੰਚੇ ਸਾਬਕਾ ਸੀਨੀਅਰ ਫਾਰਮੇਸੀ ਅਫਸਰ ਸਾਥੀ ਰਾਮ ਕੁਮਾਰ ਵਲੋਂ ਸਾਂਝੇ ਤੌਰ ਤੇ ਸ਼ਮਾਂ ਰੌਸ਼ਨ ਕਰਕੇ ਕੀਤੀ। ਇਸ ਸਮਾਰੋਹ ਦੀ ਕਾਰਵਾਈ ਚਲਾਉਂਦਿਆਂ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਾਥੀ ਬਲਰਾਜ ਸਿੰਘ ਨੇ ਹਾਜਰ ਸਮੂਹ ਸਾਥੀਆਂ ਦੀ ਜਾਣ ਪਹਿਚਾਣ ਕਰਵਾਈ ਗਈ। ਉਹਨਾਂ ਵਲੋਂ ਅੱਜ ਦੇ ਦਿਨ ਦੀ ਮਹੱਤਤਾ ਸਬੰਧੀ ਅਤੇ ਜੱਥੇਬੰਦੀ ਵਲੋਂ ਸੂਬਾ ਪੱਧਰ ਤੇ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਫਾਰਮੇਸੀ ਆਫੀਸਰਜ਼ ਐਸੋਸਏਸ਼ਨ ਦੀ ਜ਼ਿਲ੍ਹਾ ਜਨਰਲ ਸਕੱਤਰ ਦੀਪਾਂਜਲੀ ਭੱਟੀ ਵਲੋਂ ਫਾਰਮੇਸੀ ਕਿੱਤੇ ਦੀਆਂ ਮੁਸ਼ਕਿਲਾਂ ਅਤੇ ਅਹਿਮੀਅਤ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਵੇਂ ਵਿਸ਼ਵ ਪੱਧਰ ਤੇ ਇਸ ਕਿੱਤੇ ਨੂੰ ਬਹੁਤ ਉੱਚ ਪੱਧਰ ਦਾ ਦਰਜਾ ਹਾਂਸਿਲ ਹੈ ਪ੍ਰੰਤੁ ਸਾਡੇ ਦੇਸ਼ ਅੰਦਰ ਇਸ ਕਿੱਤੇ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ, ਫਾਰਮੇਸੀ ਐਕਟ ਨੂੰ ਪੂਰਣ ਰੂਪ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ, ਜਿਸ ਲਈ ਸਾਨੂੰ ਸੰਘਰਸ਼ਾਂ ਦੇ ਨਾਲ-ਨਾਲ ਆਮ ਲੋਕਾਂ ਅਤੇ ਬੁੱਧੀਜੀਵੀਆਂ ਨੂੰ ਫਾਰਮਾਸਿਸਟ ਦੀ ਭੂਮਿਕਾ ਸਬੰਧੀ ਜਾਗਰੂਕ ਕਰਨ ਦੀ ਅਹਿਮ ਲੋੜ ਹੈ। ਜ਼ਿਲ੍ਹਾ ਪ੍ਰਧਾਨ ਸਾਥੀ ਇੰਦਰਜੀਤ ਵਿਰਦੀ ਵਲੋਂ ਜੱਥੇਬੰਦੀ ਦੀ ਮਹੱਤਤਾ, ਟ੍ਰੇਡ ਯੂਨੀਅਨ ਸਿਥਾਂਤਾਂ ਤੇ ਚੱਲਦਿਆਂ ਮੰਗਾਂ ਪ੍ਰਤੀ ਜਾਗਰੂਕ ਹੋ ਕੇ ਮੰਗਾਂ ਦੇ ਹਾਣ ਦਾ ਸੰਘਰਸ਼ ਉਲੀਕਣ ਅਤੇ ਸਾਂਝੀਆਂ ਮੰਗਾਂ ਦੀ ਪ੍ਰਾਪਤੀ ਲਈ ਸਾਂਝੇ ਸੰਘਰਸ਼ਾਂ ਦਾ ਹਿੱਸਾ ਬਣਨ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਕੇਂਦਰੀ ਸਕੇਲ ਰੱਦ ਕਰਵਾਉਣੇ, ਪੁਰਾਣੀ ਪੈਨਸ਼ਨ ਲਾਗੂ ਕਰਵਾਉਣੀ ਅਤੇ ਫਾਰਮੇਸੀ ਐਕਟ ਨੂੰ ਲਾਗੂ ਕਰਵਾਉਣਾ ਮੁੱਖ ਚੋਣੌਤੀਆਂ ਹਨ। ਸਾਬਕਾ ਜ਼ਿਲ੍ਹਾ ਪ੍ਰਧਾਨ ਸਾਥੀ ਪਰਮਿੰਦਰ ਸਿੰਘ ਨੇ ਪਿਛਲੇ ਸਮੇਂ ਦੌਰਾਨ ਸੰਘਰਸ਼ਾਂ ਦੁਆਰਾ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਜਿਹਨਾਂ ਵਿੱਚ ਮੁੱਢਲੀ ਯੋਗਤਾ ਨੂੰ ਵਧਾਉਣਾਂ, ਅਹੁਦੇ ਦਾ ਨਾਮ ਫਾਰਮੇਸੀ ਅਪਸਰ ਕਰਨਾ ਅਤੇ ਖਾਸ ਕਰਕੇ ਕਈ ਦਹਾਕਿਆਂ ਤੋਂ ਬੰਦ ਨਵੀਂ ਭਰਤੀ ਨੂੰ ਮੁੜ ਚਾਲੂ ਕਰਵਾਉਣਾ ਸ਼ਾਮਿਲ ਹੈ ਜਿਸ ਕਰਕੇ 2021 ਵਿੱਚ ਨਵੀਂ ਭਰਤੀ ਕਾਰਣ ਫਾਰਮੇਸੀ ਅਫਸਰ ਨੂੰ ਨੌਕਰੀ ਮਿਲੀ ਹੈ। ਉਹਨਾਂ ਇਸ ਗੱਲ ਦੀ ਵੀ ਚੇਤਾਵਨੀ ਦਿੱਤੀ ਕਿ ਜਿਹੜੀਆਂ ਜੱਥੇਬੰਦੀਆਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਹਨ, ਉਹ ਕਦੇ ਵੀ ਸੰਘਰਸ਼ ਦੇ ਮੈਦਾਨ ਵਿੱਚ ਸਫਲ ਨਹੀਂ ਹੁੰਿਦੀਆਂ ਅਤੇ ਅਫਸਰਾਂ ਦੀ ਕਠਪੁਤਲੀ ਬਣ ਕੇ ਰਹਿ ਜਾਂਦੀਆਂ ਹਨ। ਇਸ ਇਕੱਤਰਤਾ ਨੂੰ ਸਾਬਕਾ ਪ੍ਰਧਾਨ ਗੋਪਾਲ ਦਾਸ ਮਲਹੋਤਰਾ, ਫਾਰਮੇਸੀ ਅਫਸਰ ਤਮੰਨਾ ਕਾਲੀਆਂ, ਰਮਨ ਸੈਣੀ, ਰੂਰਲ ਫਾਰਮੇਸੀ ਅਫਸਰਜ਼ ਯੂਨੀਅਨ ਆਗੂ ਅਜੈ ਸ਼ਰਮਾ, ਹਰਪਾਲ ਭੱਟੀ ਨੇ ਸਮੂਹ ਕੇਡਰ ਨੂੰ ਇੱਕਮੁੱਠ ਹੋ ਕੇ ਸਰਕਾਰ ਦੀਆਂ ਨੀਤੀਆਂ ਦਾ ਟਾਕਰਾ ਕਰਨ ਅਤੇ ਆਪਣੇ ਕਿੱਤੇ ਅਤੇ ਖਿੱਤੇ ਦੀ ਪਹਿਚਾਣ ਬਣਾਉਣ ਦੀ ਗੱਲ ਆਖੀ। ਸਮਾਰੋਹ ਦੇ ਅੰਤ ਵਿੱਚ ਚੇੇਅਰਮੈਨ ਸਾਥੀ ਸੱਤਪਾਲ ਲੱਠ ਵਲੋਂ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੱਥੇਬੰਦੀ ਹੀ ਸਭ ਤੋਂ ਵੱਡੀ ਤਾਕਤ ਹੈ ਅਤੇ ਜੱਥੇਬੰਦ ਹੋ ਕੇ ਕੀਤੇ ਸੰਘਰਸ਼ਾਂ ਸਦਕਾ ਹੀ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ। ਉਹਨਾਂ ਕਿਹਾ ਕਿ ਸਮੂਹ ਕੇਡਰ ਨੂੰ ਜੱਥੇਬੰਦੀ ਤੇ ਵਿਸ਼ਵਾਸ ਰੱਖਦਿਆਂ ਲੋਕ ਘੋਲਾਂ ਦਾ ਹਿੱਸਾ ਬਣਨਾ ਚਾਹੀਦਾ ਹੈ ਤਾਂ ਜੋ ਸਰਕਾਰ ਦੀਆਂ ਨੀਤੀਆਂ ਦਾ ਟਾਕਰਾ ਕਰਨ ਦੇ ਨਾਲ ਨਾਲ ਅਫਸਰਸ਼ਾਹੀ ਨੂੰ ਭਾਰੂ ਹੋਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਪਿਛਲੇ ਸਾਲ ਸੇਵਾ ਮੁਕਤ ਹੋਏ ਸੀਨੀਅਰ ਫਾਰਮੇਸੀ ਅਫਸਰ ਮੈਡਮ ਸੰਜੀਵ ਸੈਣੀ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਨੂੰ ਸਫਲ ਬਣਾਉਣ ਵਿੱਚ ਅਜੈ ਸ਼ਰਮਾ, ਦੀਪਾਂਜਲੀ ਭੱਟੀ, ਰਘਵੀਰ ਸਿੰਘ ਵਲੋਂ ਅਹਿਮ ਯੋਗਦਾਨ ਪਾਉਣ ਤੇ ਸਾਰੀ ਕਮੇਟੀ ਵਲੋਂ ਧੰਨਵਾਦ ਕੀਤਾ ਗਿਆ। ਅੰਤ ਵਿੱਚ ਨਾਅਰਿਆਂ ਦੀ ਗੂੰਜ ਹੇਠ ਸਮਾਪਤ ਹੋਇਆ ਇਹ ਸਮਾਗਰ ਇੱਕ ਸਫਲ ਟ੍ਰੇਡ ਯੂਨੀਅਨ ਸਕੂਲ ਹੋ ਨਿੱਬੜਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly