ਦੋਸਤਾਂ ਦੀ ਦੁਨੀਆਂ

ਗੁਰਮਾਨ ਸੈਣੀ

(ਸਮਾਜ ਵੀਕਲੀ)

1977 ਦੀ ਗਰਮੀਆਂ ਦੇ ਦਿਨ। ਮਈ – ਜੂਨ ਦਾ ਮਹੀਨਾ। ਸਾਡੇ ਸਭ ਤੋਂ ਵੱਡੇ ਭਾਈ ਗੁਰਮੁਖ ਦਾ ਵਿਆਹ। ਟੱਬਰ ਵਿੱਚ ਪਹਿਲਾ ਵਿਆਹ ਹੋਣ ਕਰਕੇ ਸਭ ਨੂੰ ਬੜਾ ਚਾਅ ਚੜਿਆ ਹੋਇਆ ਸੀ।ਮਾਮੇ ਪਹਿਲੀ ਨਾਨਕ ਛੱਕ ਲਾਉਣ ਆਏ। ਸਾਡੀ ਮਾਂ ਤਿੰਨ ਭਾਈਆਂ ਦੀ ਕੱਲੀ ਕੱਲੀ ਭੈਣ। ਵੱਡੇ ਮਾਮੇ ਦੇ ਦੋ ਛੋਟੇ ਮੁੰਡੇ ਮੇਰੇ ਹਾਣੋ ਹਾਣੀ। ਮੇਲ਼ ਵਾਲਾ ਦਿਨ। ਸਭ ਰਿਸ਼ਤੇਦਾਰ ਮੇਲ਼ ਦੇ ਰੰਗ ਵਿਚ ਰੰਗੇ ਹੋਏ। ਬਾਹਰ ਖਲਵਾੜਿਆਂ ਵਿੱਚ ਪਿੱਪਲ ਹੇਠਾਂ ਸਾਡਾ ਗੱਡਾ ਖੜਿਆ ਰਹਿੰਦਾ। ਫਸਲ ਚੱਕਣ ਤੋਂ ਬਾਅਦ ਗੱਡਾ ਗੁੰਮਸੁੰਮ ਕੱਲਾ ਕਾਰਾ ਖੜਿਆ ਸੀ।

ਸਾਡੇ ਘਰ ਉਦੋਂ ਇੱਕ ਬੱਕਰੀ ਰੱਖੀ ਹੋਈ ਸੀ। ਰੋਟੀ ਪਾਣੀ ਤੋਂ ਬਾਅਦ ਮੈਨੂੰ ਆਪਣੀ ਬੱਕਰੀ ਦਾ ਖਿਆਲ ਆਇਆ। ਮਾਮੇ ਦੇ ਹਮ ਉਮਰ ਮੁੰਡਿਆਂ ਨੂੰ ਨਾਲ ਲੈ ਕੇ ਚੱਲ ਗੱਡੇ ਤੇ। ਤਿੰਨਾਂ ਨੂੰ ਪਤਾ ਨਹੀਂ ਕੀ ਸੁੱਝਿਆ ਕਿ ਬੱਕਰੀ ਗੱਡੇ ਦੇ ਗੋਡੂਏ ਉੱਤੇ ਖੜੀ ਕਰਕੇ ਗੱਡਾ ਲਾਲ਼ ਦਿੱਤਾ ਤਾਂ ਜ਼ੋ ਬੱਕਰੀ ਪਿੱਪਲ ਦੇ ਪੱਤੇ ਖਾ ਲਵੇ।ਸਾਡਾ ਰੌਲਾ ਪੈਂਦਾ ਦੇਖ ਬੇਬੇ ਉੱਥੇ ਹੀ ਆ ਗਈ। ਆਪਣੀ ਗਰਮ ਸੁਭਾਅ ਭੂਆ ਨੂੰ ਦੇਖ ਮਾਮੇ ਦੇ ਦੋਵੇਂ ਮੁੰਡੇ ਲਾਲਿਆ ਗੱਡਾ ਛੱਡ ਕੇ ਭੱਜੇ ਗਏ ਤਾਂ ਗੱਡਾ ਠਾਹ ਦੇਣੀ ਹੇਠਾਂ ਆ ਵੱਜਿਆ ਤੇ ਗੋਡੂਆ ਟੁੱਟ ਗਿਆ। ਮਾੜੇ ਭਾਅ ਨੂੰ ਪਤਾ ਨਹੀਂ ਕਿਸ ਤਰ੍ਹਾਂ ਬੱਕਰੀ ਦਾ ਰੱਸਾ ਪਿਪਲ ਦੀ ਟਾਹਣੀ ਵਿੱਚ ਫਸ ਗਿਆ ਤੇ ਬੱਕਰੀ ਵਿਚਾਰੀ ਤੋਰੀ ਵਾਂਗ ਪਿੱਪਲ ਤੇ ਲਟਕ ਗਈ।

ਹੁਣ ਬੱਕਰੀ ਨੂੰ ਲਾਹੂਣ ਲਈ ਮੇਰੇ ਕੱਲੇ ਤੋਂ ਗੱਡਾ ਨਾ ਲਾਲਿਆ ਜਾਵੇ ਤਾਂ ਕੱਠੇ ਹੋਏ ਮੇਲ਼ ਵਿੱਚ ਰੌਲਾ ਪੈ ਗਿਆ।ਕਰ ਕਰਾ ਕਾ ਕਿਸੀ ਤਰ੍ਹਾਂ ਬੱਕਰੀ ਹੇਠਾਂ ਉਤਾਰੀ। ਬੇਬੇ ਨੇ ਮੇਰੇ ਕੰਨ ਪਿੱਛੇ ਦੋ ਧਰਦਿਆਂ ਆਖਿਆ ,’ ਦਾਦੇ ਮਗਾਉਣੇ ਜੇ ਤੂੰ ਉੱਥੇ ਹੁੰਦਾ, ਮਸਤਗੜ੍ਹ ਆਪਣੇ ਨਾਨਕੇ ਇਹ ਤੈਨੂੰ ਨਾਲ ਲੈ ਕੇ ਕਦੋਂ ਦੇ ਘਾਹ ਲੈਣ ਗਏ ਹੁੰਦੇ।’

ਗੁਰਮਾਨ ਸੈਣੀ
ਰਾਬਤਾ : 9256346906

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁੱਖ
Next articleਧੁੰਦ ਦਾ ਹਨੇਰਾ ਵੀਰੋ ਫਿਰ ਛਾ ਗਿਆ