ਵਿਸ਼ਵ ਪ੍ਰਸਿੱਧ ਚਿੱਤਰਕਾਰ ਸਰੂਪ ਸਿੰਘ ਦੀ ਸਵ: ਪਤਨੀ ਗੁਰਮੀਤ ਕੌਰ ਦੀ ਯਾਦ ਚ ਪੁਸਤਕ ਰਿਲੀਜ਼ ਸਮਾਰੋਹ ਅਤੇ ਸਾਹਿਤਕ ਸਮਾਗਮ

ਲੈਸਟਰ (ਇੰਗਲੈਂਡ),(ਸਮਾਜ ਵੀਕਲੀ)  (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਪ੍ਰਸਿੱਧ ਲੇਖਕ  ਸੰਤੋਖ ਸਿੰਘ ਭੁੱਲਰ ਬਾਬਾ ਬਕਾਲਾ ਅਤੇ ਉਨ੍ਹਾਂ ਦੇ ਪ੍ਰਵਾਰ ਵਲੋਂ ਦੁਨੀਆਂ ਭਰ ਵਿੱਚ ਪ੍ਰਸਿੱਧ ਚਿੱਤਰਕਾਰ ਲੈਸਟਰ  ਨਿਵਾਸੀ ਸ.ਸਰੂਪ ਸਿੰਘ ਦੀ ਜੀਵਨ ਸਾਥਣ ਸਰਦਾਰਨੀ ਗੁਰਮੀਤ ਕੌਰ ਦੀ ਸਦੀਵੀ ਯਾਦ ਵਿੱਚ ਇੱਕ  ਵਿਲੱਖਣ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਚਿੱਤਰਕਾਰ ਸਰੂਪ ਸਿੰਘ ਵਲੋਂ ਲਹਿੰਦੇ, ਚੜ੍ਹਦੇ ਅਤੇ ਸਾਂਝੇ ਪੰਜਾਬ  ਦੇ ਸੰਤ, ਸੂਫ਼ੀ, ਕਿੱਸਾਕਾਰ ,ਨਵੀਨ ਅਤੇ ਪੁਰਾਤਨ ਸਾਹਿਤਕਾਰਾਂ ਦੇ ਜੋ‌ ਕੋਈ 100 ਤੋਂ ਵੱਧ ਰੰਗੀਨ ਪੋਰਟਰੇਟ ਬਣਾਏ ਸਨ, ਉਨ੍ਹਾਂ ਤੇ ਅਧਾਰਿਤ ਬਰਤਾਨਵੀ ਸਾਹਿਤਕਾਰ ਸੰਤੋਖ ਭੁੱਲਰ ਵਲੋਂ ਲਿਖੀ ਇੱਕ ਵੱਡ ਆਕਾਰੀ ਪੁਸਤਕ ‘ਚਿੱਤਰਾਂ ਦਾ ਸਾਹਿਤਕ ਸੁਮੇਲ ‘ ਲੋਕ ਅਰਪਣ ਕੀਤੀ ਗਈ।  ਇਸ ਵਿਲੱਖਣ ਕਿਤਾਬ ਵਿਚ ਦਰਜ਼ ਸਾਹਿਤਕਾਰਾਂ ਦੇ ਜੀਵਨ ਤੇ ਸਾਹਿਤਕ ਦੇਣ ਬਾਰੇ ਲੇਖਕ  ਸੰਤੋਖ ਸਿੰਘ ਭੁੱਲਰ ਨੇ ਪੁਖ਼ਤਾ ਜਾਣਕਾਰੀ ਦਿੱਤੀ ਹੈ।ਲੋਕ ਅਰਪਣ ਦੇ ਇਸ ਸ਼ਾਨਦਾਰ ਸਮਾਗਮ ਵਿੱਚ ਇੰਗਲੈਂਡ ਭਰ ਦੇ ਸਾਹਿਤਕਾਰਾਂ, ਕਵੀਆਂ, ਕਵਿੱਤਰੀਆਂ ਅਤੇ ਕਲਾ ਪ੍ਰੇਮੀਆਂ ਨੇ ਭਾਗ ਲਿਆ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ  ਸਮਾਗਮ ਭਾਗ ਲੈਣ ਵਾਸਤੇ ਸਰਦਾਰ ਸਰੂਪ ਸਿੰਘ ਹੁਰੀਂ ਆਪਣੇ ਸਾਥੀਆਂ ਅਤੇ ਪ੍ਰਵਾਰ ਸਮੇਤ ਲੈਸਟਰ ਤੋਂ ਲੰਡਨ ਆਏ ਅਤੇ ਉਨ੍ਹਾਂ ਆਪਣੇ ਸ਼ੁੱਭ ਚਿੰਤਕਾਂ ਲਈ ਕਲਾ ਕ੍ਰਿਤਾਂ ਵਾਲੀ ਵੱਡ ਆਕਾਰੀ ਕਿਤਾਬ ਦੀਆਂ ਕਾਪੀਆਂ ਦਸਤਖਤ ਕੀਤੀਆਂ।ਇਸ ਸਮਾਗਮ ਦੇ ਪਹਿਲੇ ਹਿੱਸੇ ਵਿਚ ਜਿਥੇ ਸਰਦਾਰ ਸਰੂਪ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ ਉੱਥੇ ਹੀ ਆਏ ਸਾਰੇ ਮਹਿਮਾਨਾਂ ਵਲੋਂ ਸਰਦਾਰ ਸਰੂਪ ਜੀ ਅਤੇ ਸੰਤੋਖ ਭੁੱਲਰ ਨੂੰ ਕਿਤਾਬ ਦੇ ਲੋਕ -ਅਰਪਣ ਕਰਨ ਤੇ ਵਧਾਈਆਂ ਅਤੇ ਸ਼ੁਭ ਕਾਮਨਾਵਾਂ ਪੇਸ਼ ਕੀਤੀਆਂ ਗਈਆਂ। ਇਸ ਪ੍ਰੋਗਰਾਮ ਦੀ ਇਹ ਵਿਲੱਖਣਤਾ ਹੈ ਕਿ ਇਸ ਵਿੱਚ ਇੰਗਲੈਂਡ ਤੋਂ ਇਲਾਵਾ ਕੁਝ ਹੋਰ ਦੇਸ਼ਾਂ ਵਿੱਚੋਂ  ਚਿੱਤਰਕਾਰ ਸਰੂਪ ਸਿੰਘ ਅਤੇ ਪੁਸਤਕ ਦੇ ਲੇਖਕ ਸੰਤੋਖ ਸਿੰਘ ਭੁੱਲਰ ਨੂੰ ਆਪਣੇ ਵਧਾਈ ਸੰਦੇਸ਼ ਭੇਜੇ।  ਵਿਦੇਸ਼ਾਂ ਵਿਚੋਂ ਜਿਨ੍ਹਾਂ ਨਾਮਵਰ ਲੇਖਕਾਂ ਦੇ ਵਧਾਈ ਸੰਦੇਸ਼ ਆਏ ਉਨ੍ਹਾਂ ਵਿੱਚ ਅਮਰੀਕਾ ਤੋਂ ਸਰਦਾਰ ਸੁਰਜੀਤ ਸਿੰਘ ਭੁੱਲਰ , ਦਿੱਲੀ ਤੋਂ ਪੰਜਾਬੀ ਸਮਕਾਲੀ ਸਾਹਿਤ ਦੇ ਸੰਪਾਦਕ ਸ਼੍ਰੀ ਬਲਬੀਰ ਮਾਧੋਪੁਰੀ,ਡਾ ਦਵਿੰਦਰ ਕੌਰ, ਗ਼ਜ਼ਲ ਉਸਤਾਦ ਚਾਨਣ ਗੋਬਿੰਦਪੁਰੀ ਯਾਦਗਾਰੀ ਟਰੱਸਟ ਦੀ ਸੰਚਾਲਕ ਉਰਮਿਲ ਪ੍ਰਕਾਸ਼,ਆਸਟ੍ਰੇਲੀਆ ਤੋਂ ਸੁਖਵਿੰਦਰ ਅੰਮ੍ਰਿਤ,ਪੰਜਾਬ ਤੋਂ ਪ੍ਰੋ ਗੁਰਭਜਨ ਗਿੱਲ, ਗੁਰਦਿਆਲ ਰੌਸ਼ਨ, ਜਲੰਧਰ ਤੋਂ ਡਾ ਗੋਪਾਲ ਬੁੱਟਰ,ਕਹਾਣੀਕਾਰ ਬਚਿੰਤ ਕੌਰ ਅਤੇ ਹੁਸ਼ਿਆਰਪੁਰ ਤੋਂ ਅਮਰਜੀਤ ਕੌਰ ਅਮਰ ਦੇ ਨਾਂਮ ਖ਼ਾਸ ਵਰਨਣਯੋਗ ਹਨ।ਇਹ ਸੰਦੇਸ਼ ਬਰਤਾਨਵੀ ਦੇ ਵੱਖ ਵੱਖ ਸਾਹਿਤਕਾਰਾਂ ਨੇ ਆਏ ਮਹਿਮਾਨਾਂ ਨੂੰ ਸਟੇਜ ਤੇ ਪੜ੍ਹ ਕੇ ਸੁਣਾਏ। ਇਸ ਤੋਂ ਇਲਾਵਾ ਬਰਤਾਨੀਆ ਦੇ ਸਾਹਿਤਕਾਰਾਂ ਸਰਦਾਰ ਸੁਖਦੇਵ ਸਿੰਘ ਬਾਂਸਲ, ਜਗਜੀਤ ਸਿੰਘ ਸਹੋਤਾ,ਹਰਦੇਸ਼ ਬਸਰਾ, ਗ਼ਜ਼ਲਕਾਰ ਭੁਪਿੰਦਰ ਸੱਗੂ, ਤਰਲੋਚਨ ਸਿੰਘ ਚੰਨ ਜੰਡਿਆਲਵੀ, ਅਜ਼ੀਮ ਸ਼ੇਖ਼ਰ, ਰੂਪ ਦਵਿੰਦਰ ਕੌਰ, ਕੁਲਵੰਤ ਕੌਰ ਢਿੱਲੋਂ, ਦੇਵਿੰਦਰ ਕੌਰ ਬੁੱਟਰ, ਗੁਰਮੇਲ ਕੌਰ ਸੰਘਾ, ਅਮਨਦੀਪ ਸਿੰਘ ਗਲਾਸਗੋ, ਲਹਿੰਦੇ ਪੰਜਾਬ ਤੋਂ ਸ਼ਗੂਫਤਾ ਲੋਧੀ,ਭਿੰਦਰ ਜਲਾਲਾਬਾਦੀ ਬਿੱਟੂ ਖੰਗੂੜਾ,ਅਤੇ ਕੁਝ ਹੋਰ ਲੇਖਕਾ ਵੀ ਪੁਸਤਕ ਚਿੱਤਰਾਂ ਦਾ ਸਾਹਿਤਕ ਸੁਮੇਲ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਪ੍ਰੋਗਰਾਮ ਦੇ ਪਹਿਲੇ ਭਾਗ ਦੀ ਸੰਚਾਲਨਾਂ ਰੇਡੀਓ ਅਤੇ ਟੀਵੀ ਪੇਸ਼ ਕਾਰਾ ਬੀਬੀ ਮਨਪ੍ਰੀਤ ਕੌਰ ਵਲੋਂ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਈ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਸ਼ਾਨਦਾਰ ਮੁਸ਼ਾਇਰਾ ਹੋਇਆ ਜਿਸ ਵਿਚ ਇੰਗਲੈਂਡ ਭਰ ਤੋਂ ਆਏ ਕਵੀਆਂ, ਕਵਿਤਰੀਆਂ, ਗ਼ਜ਼ਲਕਾਰਾਂ ਨੇ ਆਪਣੇ ਕਲਾਮ ਪੇਸ਼ ਕਰ ਕੇ ਖੂਬ ਰੰਗ ਬੰਨ੍ਹਿਆ। ਸਮਾਗਮ ਦੇ ਦੂਜੇ ਹਿੱਸੇ ਦਾ ਸੰਚਾਲਨ ਬਰਤਾਨੀਆ ਦੀ ਮਸ਼ਹੂਰ ਟੀ ਵੀ ਪੇਸ਼ ਕਾਰਾ ਅਤੇ ਕਵਿਤਰੀ ਰੂਪ ਦਵਿੰਦਰ ਕੌਰ ਵਲੋਂ ਬਹੁਤ ਹੀ ਸੁਚੱਜੇ ਤਰੀਕੇ ਨਾਲ ਤੇ ਖੂਬਸੂਰਤ ਸ਼ਬਦਾਵਲੀ ਨਾਲ ਕੀਤੀ। ਪ੍ਰੋਗਰਾਮ ਦੇ ਅਖੀਰ ਵਿਚ ਸਰਦਾਰ ਸੰਤੋਖ ਸਿੰਘ ਭੁੱਲਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਹ ਪ੍ਰੋਗਰਾਮ ਵਿੱਚ ਭੁੱਲਰ ਪ੍ਰਵਾਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਸਰਪਾਲ ਸੱਪਲ, ਮੋਹਨ ਸਿੰਘ ਭੋਗਲ, ਰਸ਼ਪਾਲ ਸਿੰਘ ਕੰਗ, ਮਹਿੰਦਰ ਸਿੰਘ, ਕ੍ਰਿਪਾਲ ਸਿੰਘ ਨੇ ਆਏ ਮਹਿਮਾਨਾਂ ਦੀ ਆਓ ਭਗਤ ਕੀਤੀ।ਇਹ ਸਮਾਗਮ ਕਲਾ ਅਤੇ ਸਾਹਿਤ ਦੇ ਜਗਤ ਵਿਚ ਇੱਕ ਯਾਦਗਾਰੀ ਸਮਾਗਮ ਹੋ ਨਿਬੜਿਆ ਅਤੇ ਇਹ ਆਪਣੀ ਵਿਲੱਖਣ ਪੈੜ ਛੱਡ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly