ਸ਼੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਦੇ ਸਟੇਟ ਐਵਾਰਡੀ ਪ੍ਰਸਿੱਧ ਲੇਖਕ ਤੇ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ ਮਾਸਟਰ ਸੰਜੀਵ ਧਰਮਾਣੀ ਨੇ ਸਵੇਰ ਦੀ ਸਭਾ ਦੇ ਦੌਰਾਨ ਵਿਦਿਆਰਥੀਆਂ ਨੂੰ ਵਿਸ਼ਵ ਧਰਤੀ ਦਿਵਸ ਦੇ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਨੂੰ ਸਮਝਾਉਂਦੇ ਹੋਇਆਂ ਮਾਸਟਰ ਸੰਜੀਵ ਧਰਮਾਣੀ ਨੇ ਕਿਹਾ ਕਿ ਧਰਤੀ ਦਾ ਤਾਪਮਾਨ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ , ਪਲਾਸਟਿਕ ਦੀ ਵਰਤੋਂ ਵੀ ਬਹੁਤ ਜਿਆਦਾ ਹੋਣ ਲੱਗ ਪਈ ਹੈ , ਇਸਦੇ ਨਾਲ ਹੀ ਰੁੱਖ ਘੱਟਦੇ ਜਾ ਰਹੇ ਹਨ। ਉਹਨਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਵੱਧ ਤੋਂ ਵੱਧ ਰੁੱਖ ਲਗਾਉਣੇ , ਰੁੱਖਾਂ ਦੀ ਸੰਭਾਲ ਕਰਨਾ , ਹਵਾ ਅਤੇ ਪਾਣੀ ਨੂੰ ਸ਼ੁੱਧ ਰੱਖਣਾ ਵੀ ਬਹੁਤ ਜ਼ਰੂਰੀ ਹੈ ਅਤੇ ਇਹਨਾਂ ਦੀ ਲੋੜ ਅਨੁਸਾਰ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਇਹ ਵੀ ਕਿਹਾ ਕਿ ਸਾਨੂੰ ਵਾਹਨਾਂ ਦੀ ਵਰਤੋਂ ਬਹੁਤ ਜਰੂਰਤ ਪੈਣ ‘ਤੇ ਕਰਨੀ ਚਾਹੀਦੀ ਹੈ , ਪਲਾਸਟਿਕ ਦੇ ਥੈਲਿਆਂ ਦੀ ਥਾਂ ਬਾਜ਼ਾਰ ਤੋਂ ਸਮਾਨ ਲਿਆਉਣ ਲਈ ਕੱਪੜੇ ਦੇ ਬਣੇ ਹੋਏ ਥੈਲਿਆਂ ਦੀ ਵਰਤੋਂ ਕਰਨੀ ਚਾਹੀਦੀ ਅਤੇ ਵੱਧ ਤੋਂ ਵੱਧ ਪੈਦਲ ਆਉਣ – ਜਾਣ ਨੂੰ ਤਵੱਜੋ ਦੇਣੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮਾਸਟਰ ਸੰਜੀਵ ਧਰਮਾਣੀ ਨੇ ਕਿਹਾ ਕਿ ਜੇਕਰ ਅਸੀਂ ਇਹ ਛੋਟੇ – ਛੋਟੇ ਉਪਰਾਲੇ ਆਪਣੇ ਪੱਧਰ ‘ਤੇ ਕਰਦੇ ਰਹੀਏ ਤਾਂ ਸਾਡੀ ਧਰਤੀ ਹਰੀ – ਭਰੀ , ਸ਼ੁੱਧ ਅਤੇ ਖੁਸ਼ਹਾਲ ਬਣੀ ਰਹਿ ਸਕਦੀ ਹੈ ਅਤੇ ਇਸ ਵਿੱਚ ਸਾਰੀ ਮਨੁੱਖਤਾ ਤੇ ਜੀਵ – ਜੰਤੂਆਂ ਦਾ ਭਲਾ ਹੈ। ਇਸ ਮੌਕੇ ਸਕੂਲ ਹੈਡ ਟੀਚਰ ਅਮਨਪ੍ਰੀਤ ਕੌਰ , ਮਾਸਟਰ ਸ਼ਾਮ ਲਾਲ, ਮਾਸਟਰ ਅਮਨਪ੍ਰੀਤ ਸਿੰਘ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj