ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ ਅਨੀਤਾ ਕਟਾਰੀਆ ਦੀ ਅਗਵਾਈ ਹੇਠ ਮੀਡੀਆ ਵਿੰਗ ਵੱਲੋਂ ਵਰਲਡ ਕੈਂਸਰ ਦਿਵਸ ਮੌਕੇ ਰਿਆਤ ਬਾਹਰਾ ਕਾਲਜ ਦੇ ਇੰਜਨੀਅਰਿੰਗ ਵਿਭਾਗ ਵਿਖੇ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ.ਗੁਰਜੀਤ ਸਿੰਘ ਅਤੇ ਡਾ.ਜਯੋਤਸਨਾ ਤੇ ਰੈਡ ਰੀਬਨ ਕਲੱਬ ਦੇ ਸਹਿਯੋਗ ਨਾਲ ਕਾਲਜ ਦੇ ਵਿਦਿਆਰਥੀਆਂ ਲਈ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੀਐਚਸੀ ਹਾਰਟਾ ਬਡਲਾ ਤੋਂ ਮੈਡੀਕਲ ਅਫਸਰ ਡਾ ਕ੍ਰਿਤੀਕਾ ਅਤੇ ਡੈਂਟਲ ਸਰਜਨ ਡਾ ਸੰਦੀਪ ਡਮਾਣਾ, ਮਾਸ ਮੀਡੀਆ ਵਿੰਗ ਤੋੰ ਡਿਪਟੀ ਮਾਸ ਮੀਡੀਆ ਅਫਸਰ ਡਾ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਬੀ.ਈ.ਈ ਅਮਨਦੀਪ ਸਿੰਘ ਅਤੇ ਕਾਲਜ ਦਾ ਸਟਾਫ਼ ਅਤੇ ਵਿਦਿਆਰਥੀ ਸ਼ਾਮਿਲ ਹੋਏ। ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ.ਗੁਰਜੀਤ ਸਿੰਘ ਵੱਲੋਂ ਕੈੰਸਰ ਦਿਵਸ ਦਾ ਮਹੱਤਵ ਦੱਸਦਿਆਂ ਸਿਹਤ ਵਿਭਾਗ ਦੇ ਆਏ ਹੋਏ ਨੁਮਾਇੰਦਿਆਂ ਨੂੰ ਜੀ ਆਇਆਂ ਆਖਿਆ ਗਿਆ। ਡਾ. ਕ੍ਰਿਤਿਕਾ ਅਤਰੀ ਨੇ ਦੱਸਿਆ ਕਿ ਕੈਂਸਰ ਰੋਗ ਅਜੋਕੇ ਦਿਨਾਂ ਵਿੱਚ ਵੱਧ ਰਿਹਾ ਹੈ, ਜਿਸ ਦੇ ਕਈ ਕਾਰਨ ਹਨ ਜਿਵੇਂ ਕਿ ਪ੍ਰਦੂਸ਼ਿਤ ਵਾਤਾਵਰਨ, ਸਾਡਾ ਲਾਇਫ਼ ਸਟਾਈਲ, ਕੈਮਿਕਲ ਦੀ ਦੁਰਵਰਤੋਂ, ਸਿਗਰਟ, ਬੀੜੀ ਤੇ ਤੰਬਾਕੂ ਦਾ ਵੱਧ ਪ੍ਰਯੋਗ ਅਤੇ ਸੰਤੁਲਿਤ ਭੋਜਨ ਦੀ ਘਾਟ ਆਦਿ ਹਨ। ਕੈਂਸਰ ਦੀ ਬਿਮਾਰੀ ਸਰੀਰ ਦੇ ਕਿਸੇ ਵੀ ਅੰਗ ਵਿੱਚ ਹੋ ਸਕਦੀ ਹੈ। ਔਰਤਾਂ ਵਿੱਚ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਅਤੇ ਬ੍ਰੈਸਟ ਕੈਂਸਰ ਬਹੁਤ ਆਮ ਹੈ।ਡੈਂਟਲ ਸਰਜਨ ਡਾ ਸੰਦੀਪ ਡਮਾਣਾ ਨੇ ਦੱਸਿਆ ਅਜੋਕੇ ਸਮੇਂ ਵਿੱਚ ਤੰਬਾਕੂ ਦੇ ਸੇਵਨ ਨਾਲ ਹੋਣ ਵਾਲੇ ਮੂੰਹ, ਗਲੇ, ਜੁਬਾਨ, ਫੇਫੜੇ ਆਦਿ ਦਾ ਕੈਂਸਰ ਬਹੁਤ ਆਮ ਹੈ। ਮੂੰਹ ਦੇ ਕੈਂਸਰ ਦੇ ਲੱਛਣ ਜਿਵੇਂ ਕਿ ਮੂੰਹ ਦਾ ਕੋਈ ਛਾਲਾ ਜੋ ਲੰਮੇ ਸਮੇਂ ਤੋਂ ਠੀਕ ਨਾ ਹੋ ਰਿਹਾ ਹੋਵੇ, ਮੂੰਹ ਚ ਕੋਈ ਸਫੇਦ ਰੰਗ ਦਾ ਪੈਚ ਜਾਂ ਮਸੂੜਿਆਂ ਚੋਂ ਖ਼ੂਨ ਨਿਕਲਦਾ ਹੋਵੇ ਤਾਂ ਉਸ ਦੀ ਜਲਦੀ ਜਾਂਚ ਕਰਵਾ ਕੇ ਇਸਦਾ ਸਮੇਂ ਸਿਰ ਇਲਾਜ ਕਰਵਾਉਣ ਨਾਲ ਜਿੰਦਗੀ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ ਨੇ ਦੱਸਿਆ ਕਿ ਵਰਲਡ ਕੈਂਸਰ ਜਾਗਰੂਕਤਾ ਦਿਵਸ ਹਰ ਸਾਲ 4 ਫਰਵਰੀ ਨੂੰ ਮਨਾਇਆ ਜਾਂਦਾ ਹੈ। ਜਿਸ ਦਾ ਮੁੱਖ ਉਦੇਸ਼ ਲੋਕਾਂ ’ਚ ਕੈਂਸਰ ਦੀ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਉਨ੍ਹਾਂ ਨੂੰ ਇਸ ਦੇ ਲੱਛਣਾਂ, ਕਾਰਨਾਂ ਅਤੇ ਇਲਾਜ ਦੇ ਬਦਲਾਂ ਬਾਰੇ ਸਹੀ ਜਾਣਕਾਰੀ ਪ੍ਰਦਾਨ ਕਰਨਾ ਹੈ। ਕੈਂਸਰ ਰੋਗ ਤੋਂ ਬਚਾਅ ਲਈ ਸਾਨੂੰ ਆਪਣਾ ਲਾਇਫ਼ ਸਟਾਈਲ ਬਦਲਣਾ ਚਾਹੀਦਾ ਹੈ ਤੇ ਸ਼ਰੀਰਕ ਤੌਰ ਸਰਗਰਮ ਰਹਿਣਾ ਚਾਹੀਦਾ ਹੈ। ਡਿਪਟੀ ਮਾਸ ਮੀਡੀਆ ਅਫ਼ਸਰ ਸ਼੍ਰੀਮਤੀ ਰਮਨਦੀਪ ਕੌਰ ਨੇ ਦੱਸਿਆ ਕਿ ਕੈਂਸਰ ਦੇ ਇਲਾਜ਼ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਫੰਡ ਵਿੱਚੋਂ ਇਲਾਜ਼ ਲਈ ਡੇਢ ਲੱਖ ਦੀ ਸਹਾਇਤਾ ਰਾਸ਼ੀ ਸੰਬੰਧਿਤ ਹਸਪਤਾਲ ਨੂੰ ਦਿੱਤੀ ਜਾਂਦੀ ਹੈ। ਉਹਨਾਂ ਕੈਂਸਰ ਦੇ ਇਲਾਜ ਲਈ ਸਰਕਾਰੀ ਅਤੇ ਇੰਮਪੈਨਲਡ ਹਸਪਤਾਲਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
https://play.google.com/store/apps/details?id=in.yourhost.samaj