ਪੰਜਾਬੀ ’ਚ ਇੰਜਨੀਅਰਿੰਗ ਦੀ ਤਕਨੀਕੀ ਸ਼ਬਦਾਵਲੀ ਦੇ ਨਿਰਮਾਣ ਹਿਤ ਵਰਕਸ਼ਾਪ ਸਮਾਪਤ

ਅੰਮ੍ਰਿਤਸਰ (ਸਮਾਜ ਵੀਕਲੀ):  ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਵਿਗਿਆਨ ਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ (ਸਿੱਖਿਆ ਮੰਤਰਾਲਾ, ਭਾਰਤ ਸਰਕਾਰ) ਵੱਲੋਂ ਸਾਂਝੇ ਤੌਰ ’ਤੇ ਪੰਜਾਬੀ ਭਾਸ਼ਾ ਵਿਚ ਇੰਜਨੀਅਰਿੰਗ ਵਿਸ਼ੇ ਦੀ ਤਕਨੀਕੀ ਸ਼ਬਦਾਵਲੀ ਦਾ ਨਿਰਮਾਣ ਕਰਨ ਹਿਤ ਪੰਜ-ਰੋਜ਼ਾ ਵਰਕਸ਼ਾਪ ਅੱਜ ਸਮਾਪਤ ਹੋ ਗਈ।ਵਰਕਸ਼ਾਪ ਦੇ ਸਮਾਪਤੀ ਸੈਸ਼ਨ ਵਿੱਚ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦਾ ਵਿਕਾਸ ਤੇ ਪ੍ਰਸਾਰ ਕਰਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੁੱਖ ਉਦੇਸ਼ਾਂ ਵਿੱਚੋਂ ਇੱਕ ਹੈ ਅਤੇ ਯੂਨੀਵਰਸਿਟੀ ਇਸ ਉਦੇਸ਼ ਦੀ ਪੂਰਤੀ ਲਈ ਪ੍ਰਤੀਬੱਧਤਾ ਨਾਲ ਕਾਰਜਸ਼ੀਲ ਹੈ।

ਇਸੇ ਉਦੇਸ਼ ਨੂੰ ਸਮਰਪਿਤ ਇਸ ਵਰਕਸ਼ਾਪ ਦਾ ਮੰਤਵ ਇੰਜਨੀਅਰਿੰਗ ਵਿਸ਼ੇ ਦੀ ਬਹੁਪੱਖੀ ਤਕਨੀਕੀ ਸ਼ਬਦਾਵਲੀ ਦਾ ਪੰਜਾਬੀ ਭਾਸ਼ਾ ਵਿੱਚ ਨਿਰਮਾਣ ਕਰਨਾ ਹੈ। ਵਿਗਿਆਨ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ ਦੇ ਸਹਾਇਕ ਡਾਇਰੈਕਟ ਅਸ਼ੋਕ ਸੇਲਵਟਕਰ ਨੇ ਕਿਹਾ ਕਿ ਯੂਨੀਵਸਿਟੀ ਨੇ ਇਸ ਵਰਕਸ਼ਾਪ ਦੌਰਾਨ ਵੱਡੀ ਮਾਤਰਾ ਵਿਚ ਇੰਜਨੀਅਰਿੰਗ ਦੀ ਸ਼ਬਦਾਬਲੀ ਦਾ ਪੰਜਾਬੀ ਵਿੱਚ ਨਿਰਮਾਣ ਕਰਕੇ ਬੜਾ ਅਹਿਮ ਕਾਰਜ ਕੀਤਾ ਹੈ। ਵਰਕਸ਼ਾਪ ਦੇ ਕੋਆਰਡੀਨੇਟਰ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਵਰਕਸ਼ਾਪ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜ ਦਿਨਾਂ ਵਿੱਚ ਇੰਜਨੀਅਰਿੰਗ ਦੇ ਪੰਜ ਹਜ਼ਾਰ ਤੋਂ ਵੱਧ ਸ਼ਬਦਾਂ ਦਾ ਨਿਰਮਾਣ ਪੰਜਾਬੀ ਵਿੱਚ ਕੀਤਾ ਗਿਆ ਹੈ।

ਇਸ ਤੋਂ ਬਾਅਦ ਹੀ ਇਨ੍ਹਾਂ ਵਿਸ਼ਿਆਂ ਨਾਲ ਸਬੰਧਤ ਪੁਸਤਕਾਂ ਦੀ ਪੰਜਾਬੀ ਵਿੱਚ ਰਚਨਾ ਕਰਨਾ ਸੰਭਵ ਹੋ ਸਕਦਾ ਹੈ। ਵਰਕਸ਼ਾਪ ਦੇ ਕੋ-ਕੋਆਰਡੀਨੇਟਰ ਡਾ. ਰਵਿੰਦਰ ਕੁਮਾਰ ਨੇ ਕਿਹਾ ਕਿ ਵਰਕਸ਼ਾਪ ਦੌਰਾਨ ਇੰਜਨੀਅਰਿੰਗ ਦੀ ਗਿਆਨ ਮੂਲਕ ਅਤੇ ਤਕਨੀਕੀ ਸ਼ਬਦਾਵਲੀ ਦਾ ਪੰਜਾਬੀ ਭਾਸ਼ਾ ਵਿੱਚ ਨਿਰਮਾਣ ਕਰਕੇ ਅਜਿਹਾ ਮੁੱਢਲਾ ਕਾਰਜ ਕੀਤਾ ਗਿਆ ਹੈ, ਸੈਸ਼ਨ ਦੇ ਅੰਤ ਵਿੱਚ ਇਲੈਕਟ੍ਰੋਨਿਕਸ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਸਾਲਿਨੀ ਬਹਿਲ ਨੇ ਆਏ ਹੋਏ ਮਹਿਮਾਨਾਂ ਅਤੇ ਵਰਕਸ਼ਾਪ ਵਿਚ ਭਾਗ ਲੈਣ ਵਾਲੇ ਸਮੂਹ ਵਿਦਵਾਨਾਂ ਦਾ ਧੰਨਵਾਦ ਕੀਤਾ।

ਨਵੀਂ ਸਿੱਖਿਆ ਨੀਤੀ ਦੇ ਉਦੇਸ਼ ਦੀ ਪੂਰਤੀ ਲਈ ਸਹਾਇਕ ਹੋਵੇਗੀ ਵਰਕਸ਼ਾਪ

ਸਹਾਇਕ ਸਾਇੰਟੈਫਿਕ ਅਫਸਰ (ਖੇਤੀਬਾੜੀ) ਸ਼ੈਲੇਂਦਰ ਸਿੰਘ ਨੇ ਕਿਹਾ ਕਿ ਵਰਕਸ਼ਾਪ ਦਾ ਇੰਜਨੀਅਰਿੰਗ ਦੀ ਤਕਨੀਕੀ ਸ਼ਬਦਾਵਲੀ ਦਾ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਕੇਵਲ ਅਨੁਵਾਦ ਕਰਨਾ ਨਹੀਂ ਹੈ। ਬਲਕਿ ਪੰਜਾਬੀ ਵਿੱਚ ਇੰਜਨੀਅਰਿੰਗ ਦੀ ਢੁੱਕਵੀਂ ਸ਼ਬਦਾਵਲੀ ਦਾ ਨਿਰਮਾਣ ਕਰਨਾ ਹੈ। ਵਰਕਸ਼ਾਪ ਨਵੀਂ ਸਿੱਖਆ ਦੇ ਊਦੇਸ਼ ਦੀ ਪੂਰਤੀ ਲਈ ਸਹਾਇਕ ਹੋਵਗੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਦਾ ਉਦੇਸ਼ ਵਿਗਿਆਨ ਅਤੇ ਇੰਜਨੀਅਰਿੰਗ ਆਦਿ ਵਿਸ਼ਿਆਂ ਦੀ ਉਚੇਰੀ ਸਿੱਖਿਆ ਨੂੰ ਭਾਰਤ ਦੀਆਂ ਖੇਤਰੀ ਭਾਸ਼ਾਵਾਂ ਵਿੱਚ ਮੁਹਈਆ ਕਰਵਾਉਣਾ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁਣਛ ’ਚ ਦਹਿਸ਼ਤਗਰਦਾਂ ਦੀ ਛੁਪਣਗਾਹ ਤਬਾਹ, ਹਥਿਆਰਾਂ ਦਾ ਜ਼ਖ਼ੀਰਾ ਬਰਾਮਦ
Next articleਅੰਮ੍ਰਿਤਸਰ ਵਿੱਚ ਬਹੁ-ਮੰਜ਼ਿਲਾ ਇਮਾਰਤ ਨੂੰ ਅੱਗ; ਜਾਨੀ ਨੁਕਸਾਨ ਤੋਂ ਬਚਾਅ