ਮਜਦੂਰਾਂ ਦੇ ਮੰਗਾਂ-ਮਸਲਿਆਂ ਸਬੰਧੀ ਮਜਦੂਰ-ਪੰਚਾਇਤ ਭਲ਼ਕੇ

ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਲੁਧਿਆਣੇ ਦੇ ਸੱਨਅਤੀ ਮਜਦੂਰਾਂ ਦੀਆਂ ਜੱਥੇਬੰਦੀਆਂ ਕਾਰਖਾਨਾ ਮਜਦੂਰ ਯੂਨੀਅਨ ਅਤੇ ਟੈਕਸਟਾਈਲ-ਹੌਜਰੀ ਕਾਮਗਾਰ ਯੂਨੀਅਨ ਵੱਲੋਂ ਭਲ਼ਕੇ ਡਾ. ਅੰਬੇਡਕਰ ਧਰਮਸ਼ਾਲਾ, ਜਮਾਲਪੁਰ ਕਲੋਨੀ ਚੰਡੀਗੜ੍ਹ ਰੋਡ ਲੁਧਿਆਣਾ ਵਿਖੇ ਦੁਪਿਹਰ 3 ਵਜੇ ਮਜਦੂਰ-ਪੰਚਾਇਤ ਸੱਦੀ ਗਈ ਹੈ। ਜਿਸ ਸਬੰਧੀ ਪਿਛਲੇ ਕਈ ਦਿਨਾਂ ਤੋਂ ਮਜਦੂਰ ਬਸਤੀਆਂ ਤੇ ਸੱਨਅਤੀ ਇਲਾਕਿਆਂ ਵਿੱਚ ਪਰਚਾ ਵੰਡ ਕੇ ਅਤੇ ਪੋਸਟਰ ਲਗਾ ਕੇ ਪ੍ਰਚਾਰ ਕੀਤਾ ਜਾ ਰਿਹਾ ਸੀ। ਮਜਦੂਰ-ਪੰਚਾਇਤ ਵਿੱਚ ਤਨਖਾਹ/ਦਿਹਾੜੀ/ਪੀਸਰੇਟ ਵਿੱਚ ਵਾਧੇ, ਮਹਿੰਗਾਈ ‘ਤੇ ਰੋਕ ਲਾਉਣ, ਔਰਤਾਂ ਤੇ ਮਰਦਾਂ ਲਈ ਬਰਾਬਰ ਤਨਖਾਹ ਲਾਗੂ ਕਰਵਾਉਣ, ਰਿਹਾਇਸ਼ੀ ਇਲਾਕਿਆਂ ਵਿੱਚ ਹਸਪਤਾਲ, ਸਕੂਲ ਅਤੇ ਹੋਰ ਸਹੂਲਤਾਂ ਲਾਗੂ ਕਰਵਾਉਣ, ਕਾਰਖਾਨਿਆਂ ਵਿੱਚ ਹਾਦਸਿਆਂ ਤੋਂ ਸੁਰੱਖਿਆ ਅਤੇ ਹੋਰ ਕਿਰਤ ਕਨੂੰਨ ਲਾਗੂ ਕਰਵਾਉਣ ਸਬੰਧੀ ਮੰਗਾਂ ‘ਤੇ ਇੱਕ ਮੰਗ-ਪੱਤਰ ਤਿਆਰ ਕੀਤਾ ਜਾਵੇਗਾ ਅਤੇ ਭਵਿੱਖ ਵਿੱਚ ਇਹਨਾਂ ਮੰਗਾਂ ਨੂੰ ਲਾਗੂ ਕਰਵਾਉਣ ਸਬੰਧੀ ਗੱਲਬਾਤ ਹੋਵੇਗੀ। ਕਾਰਖਾਨਾ ਮਜਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਮਜਦੂਰਾਂ ਦੀ ਤਨਖਾਹ ਵਿੱਚ ਕੋਈ ਵਾਧਾ ਨਹੀਂ ਹੋ ਰਿਹਾ ਪਰ ਮਹਿੰਗਾਈ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਕਾਰਖਾਨਿਆਂ ਵਿੱਚ ਮਾਲਕਾਂ ਦੀ ਗੁੰਡਾਗਰਦੀ ਕਾਇਮ ਹੈ, ਜਦੋਂ ਜੀਅ ਕਰਦਾ ਹੈ ਕਿਸੇ ਵੀ ਮਜਦੂਰ ਨੂੰ ਬਿਨਾਂ ਤਨਖਾਹ ਦਿੱਤੇ ਕੰਮ ਤੋਂ ਕੱਢ ਦਿੱਤਾ ਜਾਂਦਾ ਹੈ। 95 ਫੀਸਦੀ ਕਾਰਖਾਨੇ ਗੈਰ-ਕਨੂੰਨੀ ਚੱਲ ਰਹੇ ਹਨ ਅਤੇ ਕਾਰਖਾਨਿਆਂ ਦੇ ਮਾਲਕ ਸ਼ਰੇਆਮ ਕਿਰਤ ਕਨੂੰਨਾਂ ਦੀਆਂ ਧੱਜੀਆਂ ਉਡਾ ਰਹੇ ਹਨ। ਕਾਰਖਾਨਿਆਂ ਵਿੱਚ ਹਰ ਰੋਜ ਹਾਦਸੇ ਹੋ ਰਹੇ ਹਨ, ਮਜਦੂਰ ਅਪਾਹਿਜ ਜਾਂ ਮੌਤ ਦੇ ਸ਼ਿਕਾਰ ਹੋ ਰਹੇ ਹਨ ਪਰ ਪ੍ਰਸ਼ਾਸ਼ਨ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਅਜਿਹੇ ਹਲਾਤਾਂ ਵਿੱਚ ਮਜਦੂਰਾਂ ਕੋਲ਼ ਇਕਜੁੱਟ ਸੰਘਰਸ਼ ਤੋਂ ਬਿਨਾਂ ਕੋਈ ਰਾਹ ਨਹੀਂ। ਉਹਨਾਂ ਨੇ ਮਜਦੂਰਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਸੰਖਿਆ ਵਿੱਚ ਮਜਦੂਰ-ਪੰਚਾਇਤ ਵਿੱਚ ਪਹੁੰਚ ਕੇ ਆਪਣੀ ਹੱਕੀ ਅਵਾਜ ਬੁਲੰਦ ਕਰੋ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪਾਵਰਕਾਮ ਸੀਐਚਬੀ ਕਾਮਿਆਂ ਦੀ ਜਥੇਬੰਦੀ ਵਲੋਂ ਕੈਬਿਨੇਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਦਿੱਤਾ ਮੰਗ ਪੱਤਰ
Next articleਕੈਬਨਿਟ ਮੰਤਰੀ ਜਿੰਪਾ ਨੇ ਨਿਊ ਗੌਤਮ ਨਗਰ ਪਾਰਕ ’ਚ ਵਾਟਰ ਕੂਲਰ ਦਾ ਕੀਤਾ ਉਦਘਾਟਨ