(ਸਮਾਜ ਵੀਕਲੀ)-ਪੰਜਾਬੀ ਦਾ “ਪਤੰਦਰ” ਸ਼ਬਦ ਕਿਵੇਂ ਬਣਿਆ?
ਸ਼ਬਦ ਮਨੁੱਖ ਲਈ ਹਮੇਸ਼ਾਂ ਇੱਕ ਬੁਝਾਰਤ ਬਣੇ ਰਹੇ ਹਨ। ਇਹਨਾਂ ਦੀ ਵਿਉਤਪਤੀ ਬਾਰੇ ਜਾਣਨਾ ਭਾਸ਼ਾ-ਵਿਗਿਆਨੀਆਂ ਅਤੇ ਵਿਦਵਾਨਾਂ ਲਈ ਹੁਣ ਤੱਕ ਇੱਕ ਚੁਨੌਤੀ ਬਣਿਆ ਰਿਹਾ ਹੈ। ਅਜਿਹੇ ਸ਼ਬਦਾਂ ਵਿੱਚੋਂ ਹੀ ਇੱਕ ਸ਼ਬਦ ਹੈ – ਪਤੰਦਰ। ਇਹ ਸ਼ਬਦ ਅੱਜ-ਕੱਲ੍ਹ ਤਾਂ ਭਾਵੇਂ ਬਹੁਤ ਘੱਟ ਵਰਤਿਆ ਜਾਂਦਾ ਹੈ ਪਰ ਬੀਤੇ ਸਮਿਆਂ ਵਿੱਚ ਆਮ ਪੰਜਾਬੀ ਘਰਾਂ ਵਿੱਚ ਵੀ ਇਸ ਦੀ ਵਰਤੋਂ ਅਕਸਰ ਹੁੰਦੀ ਰਹੀ ਹੈ। ਸ਼ਰਾਰਤਾਂ ਕਰਦੇ ਬੱਚਿਆਂ ਨੂੰ ਪਿਤਾ ਦਾ ਡਰਾਵਾ ਦੇਣ ਲਈ ਮਾਂਵਾਂ ਆਮ ਤੌਰ ‘ਤੇ ਇਹ ਕਹਿ ਕੇ ਹੀ ਡਰਾਇਆ ਕਰਦੀਆਂ ਸਨ ਕਿ ‘ਆ ਲੈਣ ਦੇ, ਆਪਣੇ ਪਤੰਦਰ ਨੂੰ’, ‘ਦੱਸਦੀ ਆਂ, ਤੇਰੇ ਪਤੰਦਰ ਨੂੰ’ ਆਦਿ। ਮਾਂਵਾਂ ਦੁਆਰਾ ਵਰਤੇ ਗਏ ਇਹਨਾਂ ਸ਼ਬਦਾਂ ਵਿੱਚ ਪਤੰਦਰ ਦੇ ਅਰਥ ਤਾਂ ਭਾਵੇਂ ਬੱਚਿਆਂ ਦੇ ਪਿਤਾ ਵਾਲ਼ੇ ਹੀ ਹੁੰਦੇ ਸਨ ਪਰ ਪਿਤਾ ਦਾ ਪਰਛਾਂਵਾਂ ‘ਪਤੰਦਰ’ ਦੇ ਰੂਪ ਵਿੱਚ ਢਾਲ਼ ਕੇ ਪਿਓ ਨੂੰ ਜ਼ਰਾ ਡਰਾਉਣੀ ਕਿਸਮ ਦਾ ਬਣਾ ਕੇ ਹੀ ਪੇਸ਼ ਕੀਤਾ ਜਾਂਦਾ ਸੀ। ਇਸ ਤੋਂ ਬਿਨਾਂ ਕਿਸੇ ਖ਼ਾਸ ਖੇਤਰ ਦੇ ‘ਕਹਿੰਦੇ-ਕਹਾਉਂਦੇ’ ਕਿਸੇ ਵਿਅਕਤੀ ਲਈ ਵੀ ਇਹ ਸ਼ਬਦ ਅਕਸਰ ਵਰਤ ਲਿਆ ਜਾਂਦਾ ਸੀ ਕਿ ‘ਉਹ ਤਾਂ ਬਈ ਸਾਰਿਆਂ ਦਾ ਹੀ ਪਤੰਦਰ ਹੈ।’
ਬੇਸ਼ੱਕ ‘ਪਤੰਦਰ’ ਸ਼ਬਦ ਦੇ ਅਰਥ ਕੁਝ ਕੋਸ਼ਾਂ ਵਿੱਚ ਸਹੀ ਢੰਗ ਨਾਲ਼ ਦੱਸੇ ਵੀ ਗਏ ਹਨ ਪਰ ਬਹੁਤੇ ਲੋਕਾਂ ਕੋਲ਼ ਇਹ ਸੁਵਿਧਾ ਉਪਲਬਧ ਨਾ ਹੋਣ ਕਾਰਨ ਇਹ ਸ਼ਬਦ ਲੋਕਾਂ ਲਈ ਆਮ ਤੌਰ ‘ਤੇ ਇੱਕ ਬੁਝਾਰਤ ਹੀ ਬਣਿਆ ਰਿਹਾ ਹੈ।
ਪਿਛਲੇ ਦਿਨੀਂ ਇੱਕ ਮੀਡੀਆ-ਚੈਨਲ ਵਾਲ਼ੇ ਕਿਸੇ ਵਿਦਵਾਨ ਨਾਲ਼ ਇੱਕ ਭੇਂਟ-ਵਾਰਤਾ ਕਰਵਾ ਰਹੇ ਸਨ ਜਿਸ ਵਿੱਚ ਗੱਲ-ਬਾਤ ਦਾ ਵਿਸ਼ਾ ਇਸ ਲੇਖ ਦੇ ਵਿਸ਼ੇ ‘ਪਤੰਦਰ’ ਸ਼ਬਦ ਨਾਲ਼ ਹੀ ਸੰਬੰਧਿਤ ਸੀ। ਇਸ ਸ਼ਬਦ ਨੂੰ ਪਹਿਲਾਂ ਤਾਂ ਉਹਨਾਂ ਨੇ ਇਸ ਦਾ ਵਿਸ਼ਲੇਸ਼ਣ ਕਰਦਿਆਂ ਅੱਗੋਂ ਕਿਸੇ ਹੋਰ ਵਿਦਵਾਨ ਦੇ ਹਵਾਲੇ ਨਾਲ਼ ‘ਪੱਤ+ਅੰਗ’ ਸ਼ਬਦਾਂ ਨਾਲ਼ ਜੋੜਿਆ ਅਰਥਾਤ ਜੋ ਕਿਸੇ ਢੰਗ ਨਾਲ਼ ਕਿਸੇ ਔਰਤ ਦੀ ‘ਪੱਤ ਦਾ ਰਾਖਾ’ ਅਰਥਾਤ ਉਸ ਦਾ ਪਤੀ ਬਣਿਆ ਹੋਵੇ। ਫਿਰ ਇਸ ਨੂੰ ‘ਪਤ+ਤੰਗ’ (!) ਸ਼ਬਦਾਂ ਅਤੇ ਫਿਰ ‘ਪਤੰਗ’ (!) ਸ਼ਬਦ ਨਾਲ਼ ਜੋੜ ਕੇ ਵੀ ਵਿਸ਼ਲੇਸ਼ਣ ਕਰਦੇ ਰਹੇ ਜਦਕਿ ਅਜਿਹੇ ਸਾਰੇ ਸ਼ਬਦਾਂ ਦਾ ਵੀ ‘ਪਤੰਦਰ’ ਸ਼ਬਦ ਦੇ ਅਰਥਾਂ ਨਾਲ਼ ਕੋਈ ਸੰਬੰਧ ਹੀ ਨਹੀਂ ਸੀ। ਅੰਤ ਵਿੱਚ ਕੁਝ ਸਮਾਂ ਵਿਸ਼ਾ-ਮਾਹਰ ਪਤੰਦਰ ਸ਼ਬਦ ਨੂੰ ‘ਪਿਤਾਂਬਰ’ ਸ਼ਬਦ ਨਾਲ਼ ‘ਅੰਤਰ-ਸੰਬੰਧਿਤ’ ਕਰ ਕੇ ਤੇ ਇਸ ਦੇ ‘ਅਰਥ’ ਦੱਸ ਕੇ ਵੀ ਵਿਸ਼ਲੇਸ਼ਣ ਕਰਨ ਦੀਆਂ ਕੋਸ਼ਸ਼ਾਂ ਕਰਦਾ ਰਿਹਾ। ਉਸ ਦੇ ਦੱਸਣ ਅਨੁਸਾਰ ‘ਪਿਤਾਂਬਰ’ ਸ਼ਬਦ ਦੇ ਅਰਥ ਹੁੰਦੇ ਹਨ- ਸ਼ਰਾਰਤੀ, ਖ਼ੁਰਾਫ਼ਾਤੀ, ਖਲਨਾਇਕ ਕਿਸਮ ਦਾ ਆਦਮੀ ਅਤੇ ਫ਼ਿਲਮਾਂ ਵਿੱਚ ਖ਼ਤਰਨਾਕ ਕਿਸਮ ਦੇ ਐਕਸ਼ਨ ਕਰਨ ਵਾਲ਼ੇ ‘ਸਟੰਟਮੈਨ’ ਵਰਗਾ ਕੋਈ ਵਿਅਕਤੀ ਜਦਕਿ ਸ਼ਬਦ-ਕੋਸ਼ਾਂ ਅਨੁਸਾਰ ਉਹਨਾਂ ਦੁਆਰਾ ਪਿਤਾਂਬਰ (पीताम्बर) ਸ਼ਬਦ ਦੇ ਦੱਸੇ ਗਏ ਇਹ ਅਰਥ ਪਤੰਦਰ ਸ਼ਬਦਾਂ ਦੇ ਅਰਥਾਂ ਨਾਲ਼ ਕਿਧਰੇ ਵੀ ਕੋਈ ਮੇਲ਼ ਨਹੀਂ ਸਨ ਖਾਂਦੇ ਕਿਉਂਕਿ ਸ਼ਬਦ-ਕੋਸ਼ਾਂ ਵਿੱਚ ‘ਪਿਤਾਂਬਰ’ ਸ਼ਬਦ ਦੇ ਅਜਿਹੇ ਅਰਥ ਕਿਧਰੇ ਦਰਜ ਹੀ ਨਹੀਂ ਹਨ।
ਜਦੋਂ ਮਾਹਰ-ਮਹਿਮਾਨ ‘ਪਿਤਾਂਬਰ’ ਸ਼ਬਦ ਦੇ ਅਰਥਾਂ ਦੀ ਉਪਰੋਕਤ ਢੰਗ ਨਾਲ਼ ‘ਵਿਆਖਿਆ’ ਅਜੇ ਕਰ ਹੀ ਰਿਹਾ ਸੀ ਕਿ ਗੱਲ ਨੂੰ ਕਿਸੇ ਵੀ ਸਿਰੇ ਨਾ ਲੱਗਦਿਆਂ ਦੇਖ, ਦਰਸ਼ਕਾਂ ਨੂੰ ਬਿਨਾਂ ਕੋਈ ਸੂਚਨਾ ਦਿੱਤਿਆਂ/ਬਿਨਾਂ ਆਗਿਆ ਲਿਆਂ ਇਸ ਵਾਰਤਾ ਨੂੰ ਇਕਦਮ ਬੰਦ ਕਰਵਾ ਦਿੱਤਾ ਗਿਆ। ਹੋ ਸਕਦਾ ਹੈ ਕਿ ਸੰਬੰਧਿਤ ਐਂਕਰ ਜਾਂ ਫਿਰ ਪ੍ਰੋਗ੍ਰਾਮ ਦੇ ਪ੍ਰੋਡਿਊਸਰ ਨੇ ਹੀ ਅਸਲੀ ਗੱਲ ਨੂੰ ਭਾਂਪਦਿਆਂ ਕਿ ਤੀਰ-ਤੁੱਕੇ ਲਾ ਰਹੇ ਇਸ ‘ਵਿਸ਼ਾ-ਮਾਹਰ’ ਦੀਆਂ ਗੱਲਾਂ ਵਿੱਚ ਕੋਈ ਸਚਾਈ ਨਹੀਂ ਹੈ ਅਤੇ ਇਹ ਦੇਖਦਿਆਂ ਕਿ ‘ਇਹਨਾਂ ਤਿਲ਼ਾਂ ਵਿੱਚ ਤੇਲ ਨਹੀਂ ਹੈ’, ਇਸ ਵਾਰਤਾ ਨੂੰ ਇਸ਼ਾਰੇ ਨਾਲ਼ ਇਕਦਮ ਬੰਦ ਕਰਵਾ ਦਿੱਤਾ ਹੋਵੇ।
‘ਮਹਾਨ ਕੋਸ਼’ ਅਤੇ ਭਾਸ਼ਾ ਵਿਭਾਗ ਦੇ ਕੋਸ਼ਾਂ ਅਨੁਸਾਰ ਉਪਰੋਕਤ ‘ਪਿਤਾਂਬਰ’ (पीताम्बर) ਸ਼ਬਦ ਸੰਸਕ੍ਰਿਤ ਮੂਲ ਦਾ ਹੈ। ਇਹ ਸੰਸਕ੍ਰਿਤ ਦੇ ਹੀ ਪੀਤ (पीत) ਸ਼ਬਦ ਤੋਂ ਹੀ ਬਣਿਆ ਹੋਇਆ ਹੈ ਜਿਸ ਦੇ ਅਰਥ ਹਨ- ਪੀਲ਼ਾ। ਇਸੇ ਕਾਰਨ ਪਿਤਾਂਬਰ ਸ਼ਬਦ ਦੇ ਅਰਥ ਹਨ: ਪੀਲ਼ੇ ਬਸਤਰ ਧਾਰਨ ਕਰਨ ਵਾਲ਼ਾ ਗੁਰੂ; ਸ੍ਰੀ ਕ੍ਰਿਸ਼ਨ ਜੀ, ਵਿਸ਼ਨੂੰ ਭਗਵਾਨ; ਸ੍ਵਾਮੀ ਰਾਮਾਨੰਦ ਆਦਿ। ਇਹਨਾਂ ਕੋਸ਼ਾਂ ਦੇ ਅਰਥਾਂ ਅਨੁਸਾਰ ਤਾਂ ‘ਪਿਤਾਂਬਰ’ ਦੇ ਅਰਥ ਉਪਰੋਕਤ ਵਿਦਵਾਨਾਂ ਦੁਆਰਾ ਦੱਸੇ ਗਏ ਅਰਥਾਂ ਤੋਂ ਕੋਹਾਂ ਦੂਰ ਹਨ। ਪਿਤਾਂਬਰ ਵਿਚਲੇ ‘ਪੀਤ’ ਸ਼ਬਦ ਤੋਂ ਹੀ ਪੀਤਲ (ਪੀਤ+ਲ= ਪੀਲ਼ੇ ਰੰਗ ਦੀ ਇੱਕ ਧਾਤ) ਅਰਥਾਤ ‘ਪਿੱਤਲ਼’ ਸ਼ਬਦ ਵੀ ਹੋਂਦ ਵਿੱਚ ਆਇਆ ਹੈ। ਸੋ, ਜਿਵੇਂਕਿ ਅਸੀਂ ਦੇਖ ਹੀ ਚੁੱਕੇ ਹਾਂ ਕਿ ‘ਪੀਤ’ ਸ਼ਬਦ ਤੋਂ ਬਣੇ ‘ਪਿਤਾਂਬਰ’ ਸ਼ਬਦ ਦਾ ਤਾਂ ‘ਪਤੰਦਰ’ ਨਾਲ਼ ਕੋਈ ਦੂਰ-ਨੇੜੇ ਦਾ ਵੀ ਵਾਸਤਾ ਹੀ ਨਹੀਂ ਹੈ ਪਰ ਉਪਰੋਕਤ ਚੈਨਲ ਵਾਲ਼ੇ ਫਿਰ ਵੀ ਇਸ ਨੂੰ ਬਦੋ-ਬਦੀ ਪਤੰਦਰ ਸ਼ਬਦ ਨਾਲ਼ ਜੋੜਨ ਦਾ ਵਾਰ-ਵਾਰ ਜਤਨ ਕਰ ਰਹੇ ਸਨ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਾਡੇ ਵਿਦਵਾਨ ਏਨੀਆਂ ਸੰਜੀਦਾ ਗੱਲਾਂ ਨੂੰ ਵੀ ਕਿੰਨੇ ਹਲਕੇ ਅਤੇ ਗ਼ੈਰਜ਼ਿੰਮੇਵਾਰਾਨਾ ਢੰਗ ਨਾਲ਼ ਲੈਂਦੇ ਹਨ ਅਤੇ ਆਪ ਗ਼ਲਤ ਹੁੰਦਿਆਂ ਹੋਇਆਂ ਵੀ ਹਮੇਸ਼ਾਂ ਆਪਣੇ-ਆਪ ਨੂੰ ਸਹੀ ਸਿੱਧ ਕਰਨ ਦੀ ਕੋਸ਼ਸ਼ ਵਿੱਚ ਹੀ ਲੱਗੇ ਰਹਿੰਦੇ ਹਨ।
ਉਪਰੋਕਤ ਕਥਾ-ਵਾਰਤਾ ਲਿਖਣ ਤੋਂ ਮੇਰਾ ਭਾਵ ਇਹ ਹੈ ਕਿ ਸ਼ਬਦ-ਵਿਉਤਪਤੀ ਸੰਬੰਧੀ ਕਿਆਫ਼ੇ ਲਾਉਣ ਵਾਲ਼ਿਆਂ ਦਾ ਜਿਹੋ-ਜਿਹਾ ਹਾਲ ਸਾਡੇ ਉਪਰੋਕਤ ਕਿਸਮ ਦੇ ਕੱਚ-ਘਰੜ ਵਿਦਵਾਨਾਂ ਦਾ ਹੈ, ਲਗ-ਪਗ ਵਧੇਰੇ ਕਰਕੇ ਉਹੀ ਹਾਲ ਸਾਡੇ ਅੱਜ-ਕੱਲ੍ਹ ਦੇ ਹਿੰਦੀ/ਪੰਜਾਬੀ ਭਾਸ਼ਾਵਾਂ ਦੇ ਵਧੇਰੇ ਨਿਰੁਕਤਕਾਰਾਂ ਦਾ ਵੀ ਹੈ ਜੋਕਿ ਅਸਲੀਅਤ ਤੋਂ ਅਕਸਰ ਕੋਹਾਂ ਦੂਰ ਰਹਿ ਕੇ ਹੀ ਸ਼ਬਦਾਂ ਦਾ ਵਿਸ਼ਲੇਸ਼ਣ ਕਰਦੇ ਹਨ।
ਖ਼ੈਰ, ਬਹੁਤੇ ਕੋਸ਼ਾਂ ਅਨੁਸਾਰ ਇਹ ਸ਼ਬਦ ਫ਼ਾਰਸੀ ਭਾਸ਼ਾ ਦੇ ‘ਪਿਦਰਾਂਦਰ’ (ਪਿਦਰ+ਅੰਦਰ= پيدرآندر) ਸ਼ਬਦ ਤੋਂ ਬਣਿਆ ਹੋਇਆ ਹੈ। ਫ਼ਾਰਸੀ ਸ਼ਬਦ-ਕੋਸ਼ਾਂ ਅਨੁਸਾਰ ਬੇਸ਼ੱਕ ਇਹ ਸ਼ਬਦ ਇਹਨਾਂ ਦੋ ਸ਼ਬਦਾਂ ਦੇ ਮੇਲ਼ ਨਾਲ਼ ਬਣਿਆ ਹੋਇਆ ਹੈ ਪਰ ਫ਼ਾਰਸੀ ਵਿੱਚ ਇਸ ਦਾ ਲਿਖਤੀ ਰੂਪ ਅਤੇ ਉਚਾਰਨ ‘ਪਿਦੰਦਰ’ /ਪਦੰਦਰ (پدندر) ਹੀ ਹੈ। ਖ਼ਿਆਲ ਕੀਤਾ ਜਾਂਦਾ ਹੈ ਕਿ ਇਹ ਸ਼ਬਦ ‘ਪਿਦੰਦਰ’ ਤੋਂ ‘ਪਦੰਦਰ’ ਅਤੇ ਫਿਰ ‘ਪਦੰਦਰ’ ਤੋਂ ‘ਪਤੰਦਰ’ ਬਣਿਆ ਹੈ ਕਿਉਂਕਿ ਫ਼ਾਰਸੀ ਭਾਸ਼ਾ ਦੇ ਸ਼ਬਦਾਂ ਵਿਚਲਾ ਦ ਅੱਖਰ ਕਈ ਵਾਰ ਪੰਜਾਬੀ ਦੇ ਤ ਅੱਖਰ ਵਿੱਚ ਬਦਲ ਜਾਂਦਾ ਹੈ, ਜਿਵੇਂ: ਪਲੀਦ (ਗੰਦਾ) ਸ਼ਬਦ ਫ਼ਾਰਸੀ ਤੋਂ ਆ ਕੇ ਪੰਜਾਬੀ ਵਿੱਚ ‘ਪਲੀਤ’ ਵਿੱਚ ਬਦਲ ਗਿਆ ਹੈ (ਮੂਤ ਪਲੀਤੀ ਕਪੜੁ ਹੋਇ)। ਇਸ ਪ੍ਰਕਾਰ ਲੋਕ-ਉਚਾਰਨ ਕਾਰਨ ‘ਪਦੰਦਰ’ ਵਿਚਲਾ ਪਹਿਲਾ ਦ, ਤ ਵਿੱਚ ਬਦਲ ਗਿਆ ਹੈ।
ਫ਼ਾਰਸੀ ਵਿੱਚ ਪਿਦਰ ਸ਼ਬਦ ਦਾ ਅਰਥ ਹੈ- ਪਿਤਾ ਅਤੇ ਸ਼ਬਦ-ਕੋਸ਼ਾਂ ਅਨੁਸਾਰ ‘ਅੰਦਰ’ ਸ਼ਬਦ ਦੇ ਇੱਥੇ ਅਰਥ ਹਨ- ਅੰਦਰਖਾਤੇ ਜਾਂ ਅੰਦਰਖ਼ਾਨੇ ਅਰਥਾਤ ਚੋਰੀ-ਛੁਪੇ, ਧੱਕੇ ਨਾਲ਼, ਵਲ਼-ਛਲ਼ ਨਾਲ਼ ਜਾਂ ਜ਼ੋਰ-ਜਬਰਦਸਤੀ ਨਾਲ਼ ਕਿਸੇ ਔਰਤ ਦਾ ਬਣਿਆ ਪਤੀ। ਇਸ ਪ੍ਰਕਾਰ ਇਹਨਾਂ ਦੋ ਸ਼ਬਦਾਂ (ਪਿਦਰ+ਅੰਦਰ) ਦੇ ਮੇਲ਼ ਨਾਲ਼ ਬਣੇ ‘ਪਤੰਦਰ’ ਸ਼ਬਦ ਦੇ ਅਰਥ ਹਨ- ਉਹ ਵਿਅਕਤੀ ਜਿਸ ਨੇ ਧੱਕੇ ਨਾਲ਼ ਹੀ ਕਿਸੇ ਅਜਿਹੀ ਔਰਤ ਨਾਲ਼ ਵਿਆਹ ਕਰਵਾ ਲਿਆ ਹੋਵੇ ਜਿਹੜੀ ਪਹਿਲਾਂ ਹੀ ਵਿਆਹੀ-ਵਰੀ ਹੋਵੇ ਅਤੇ ਜਿਸ ਦੇ ਪਹਿਲੇ ਪਤੀ ਤੋਂ ਕੋਈ ਉਲ਼ਾਦ ਵੀ ਹੋਵੇ ਅਰਥਾਤ ਉਸ ਔਰਤ ਦੇ ਬੱਚਿਆਂ ਦਾ ਮਤਰੇਆ ਪਿਤਾ। ਭਾਸ਼ਾ-ਵਿਭਾਗ ਦੇ ਸ਼ਬਦ-ਕੋਸ਼ ਅਨੁਸਾਰ ਇਸ ਸ਼ਬਦ ਦੇ ਅਰਥ ਹਨ- ਮਤਰੇਆ ਬਾਪ; ਮੱਲੋ-ਮੱਲੀ ਬਣਿਆ ਪਤੀ; ਧਗੜਾ; ਵਿਭਚਾਰੀ ਵੱਡਾ ਬਜ਼ੁਰਗ , ਬਾਬਾ (ਨਿੰਦਿਆਵਾਚਕ ਸ਼ਬਦ); ਗੁਰੂ ਘੰਟਾਲ, ਉਸਤਾਦ ਆਦਿ।
ਮਹਾਨ ਕੋਸ਼ ਅਨੁਸਾਰ ਭਾਈ ਕਾਨ੍ਹ ਸਿੰਘ ਨਾਭਾ ਨੇ ਪਤੰਦਰ ਸ਼ਬਦ ਨੂੰ ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਨਾਲ਼ ਸੰਬੰਧਿਤ ਆਪਣਾ ਦੇਸੀ ਸ਼ਬਦ ਹੀ ਗਰਦਾਨਿਆ ਹੈ। ਇਸ ਸ਼ਬਦ ਦੀ ਵਿਉਤਪਤੀ ਬਾਰੇ ਦੱਸਦਿਆਂ ਉਹ ਲਿਖਦੇ ਹਨ ਕਿ ਇਹ ਸ਼ਬਦ ‘ਪਤਿ+ਅੰਤਰ’ ਸ਼ਬਦਾਂ ਦੇ ਮੇਲ਼ ਨਾਲ਼ ਬਣਿਆ ਹੈ। ਇਸ ਪ੍ਰਕਾਰ ਜੇਕਰ ਉਹਨਾਂ ਅਨੁਸਾਰ ਦੇਖਿਆ ਜਾਵੇ ਫਿਰ ਤਾਂ ਪਤੰਦਰ ਸ਼ਬਦ ਦੇ ਜਨਮ-ਦਾਤੇ ਇਹ ਦੋਵੇਂ ਸ਼ਬਦ (ਪਤਿ+ਅੰਤਰ) ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਦੇ ਮੂਲ ਦੇ ਹੀ ਹਨ ਪਰ ਦੂਜੇ ਪਾਸੇ, ਉਪਰੋਕਤ ਫ਼ਾਰਸੀ-ਪੰਜਾਬੀ ਕੋਸ਼ਾਂ ਵਿੱਚ ਇਹ ਸ਼ਬਦ ‘ਪਿਦਰ+ਅੰਦਰ’ ਸ਼ਬਦਾਂ ਦੇ ਮੇਲ਼ ਤੋਂ ਬਣਿਆ ਦੱਸਿਆ ਗਿਆ ਹੈ ਜਿਸ ਅਨੁਸਾਰ ਇਹ ਸ਼ਬਦ ਫ਼ਾਰਸੀ ਭਾਸ਼ਾ ਨਾਲ਼ ਸੰਬੰਧਿਤ ਹੈ।
ਦਰਅਸਲ ਉੱਤਰ-ਭਾਰਤੀ ਹਿੰਦ-ਆਰੀਆਈ ਭਾਸ਼ਾਵਾਂ ਅਤੇ ਈਰਾਨ ਦੀ ਪੁਰਾਤਨ ਫ਼ਾਰਸੀ ਭਾਸ਼ਾ ਇੱਕ ਹੀ ਭਾਸ਼ਾ-ਪਰਿਵਾਰ (ਆਰੀਆਈ ਭਾਸ਼ਾ-ਪਰਿਵਾਰ) ਨਾਲ਼ ਜੁੜੀਆਂ ਹੋਈਆਂ ਹੋਣ ਕਾਰਨ ਇਹਨਾਂ ਵਿੱਚ ਬਹੁਤ ਸਾਰੇ ਸ਼ਬਦ ਆਪਸ ਵਿੱਚ ਰਲ਼ਦੇ-ਮਿਲ਼ਦੇ ਹੋਣ ਦਾ ਮੁਹਾਂਦਰਾ ਸਿਰਜਦੇ ਹਨ। ਇਸੇ ਕਾਰਨ ਦੋਂਹਾਂ ਭਾਸ਼ਾਵਾਂ ਵਿੱਚ ਰੰਗ ਅਤੇ ਕਾਰ (ਕਿੱਤਾ) ਵਰਗੇ ਸ਼ਬਦ; ਰੂਪ ਅਤੇ ਅਰਥਾਂ ਪੱਖੋਂ ਇਕਸਮਾਨ ਹਨ ਅਤੇ ਇਹਨਾਂ ਤੋਂ ਬਿਨਾਂ ਹੋਰ ਬਹੁਤ ਸਾਰੇ ਸ਼ਬਦਾਂ ਦੀ ਵੀ ਆਪਸ ਵਿੱਚ ਕਾਫ਼ੀ ਸਾਂਝ ਹੈ। ਇਸੇ ਕਾਰਨ ਪਤੰਦਰ ਸ਼ਬਦ ਦੀ ਦੋਂਹਾਂ ਭਾਸ਼ਾਵਾਂ ਵਿੱਚ ਬਹੁਤ ਮਾਮੂਲੀ ਜਿਹੇ ਅੰਤਰ ਨਾਲ਼ ਉਪਲਬਧਤਾ ਹੋਣੀ ਕੋਈ ਅਲੋਕਾਰੀ ਗੱਲ ਨਹੀਂ ਹੈ। ਹੋ ਸਕਦਾ ਹੈ ਕਿ ਇਹ ਸ਼ਬਦ ਉਪਰੋਕਤ ਦੋਂਹਾਂ ਭਾਸ਼ਾਵਾਂ- ਫ਼ਾਰਸੀ ਅਤੇ ਹਿੰਦੀ/ਸੰਸਕ੍ਰਿਤ ਤੋਂ ਬਣਿਆ ਇੱਕ ਤਦਭਵ ਪੰਜਾਬੀ ਸ਼ਬਦ ਹੋਵੇ।
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 9888403052.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly