ਔਰਤਾਂ ਨੂੰ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ “ਅੰਤਰਰਾਸ਼ਟਰੀ ਮਹਿਲਾ ਦਿਵਸ” ਮਨਾਉਣ ਦਾ ਮੁੱਖ ਉਦੇਸ਼

ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਕਰਵਾਇਆ ਜਾਗਰੂਕਤਾ ਸੈਮੀਨਾਰ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ- ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵਿੰਦਰਪਾਲ ਸਿੰਘ ਦੀਆਂ ਹਦਾਇਤਾਂ ਅਨੁਸਾਰ “ਅੰਤਰਰਾਸ਼ਟਰੀ ਮਹਿਲਾ ਦਿਵਸ” ਮੌਕੇ ਡਾ. ਨੀਨਾ ਸ਼ਾਂਤ ਦੀ ਅਗਵਾਈ ਵਿਚ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦਾ ਸਟਾਫ਼, ਇਲਾਜ ਲਈ ਆਏਂ ਹੋਏ ਮਰੀਜ਼ ਅਤੇ ਆਮ ਲੋਕ ਮੌਜੂਦ ਸਨ। ਇਸ ਮੌਕੇ ਡਾਕਟਰ ਨੀਨਾ ਸ਼ਾਂਤ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਹਰ ਸਾਲ 8 ਮਾਰਚ ਨੂੰ “ਅੰਤਰਰਾਸ਼ਟਰੀ ਮਹਿਲਾ ਦਿਵਸ” ਮਨਾਇਆ ਜਾਂਦਾ ਹੈ।ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਮੁੱਖ ਮਕਸਦ ਸਮਾਜ ਵਿਚ ਔਰਤਾਂ ਨੂੰ ਸਸ਼ਕਤ ਬਣਾਉਣਾ ਅਤੇ ਆਰਥਿਕ, ਰਾਜਨੀਤਿਕ, ਸਮਾਜਿਕ ਅਤੇ ਵੱਖ-ਵੱਖ ਖੇਤਰਾਂ ਵਿਚ ਉਨ੍ਹਾਂ ਦੀ ਭਾਗੀਦਾਰੀ ਨੂੰ ਵਧਾਉਣਾ ਅਤੇ ਉਨ੍ਹਾਂ ਨੂੰ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਔਰਤ ਪਹਿਲਾਂ ਨਾਲੋਂ ਵੱਧ ਆਤਮ-ਨਿਰਭਰ ਹੋ ਰਹੀ ਹੈ ਅਤੇ ਸਮਾਜ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਇਸ ਮੌਕੇ ਡਾ. ਮੋਨਿਕਾ ਜੈਨ ਵੱਲੋਂ ਦੱਸਿਆ ਗਿਆ ਕਿ ਅੋਰਤਾਂ ਹਰ ਘਰ ਦੀ ਰੀੜ੍ਹ ਦੀ ਹੱਡੀ ਹੁੰਦੀਆਂ ਹਨ, ਪਰਿਵਾਰਿਕ ਜ਼ਿੰਮੇਵਾਰੀ ਨਿਭਾਉਣ ਵਿੱਚ ਉਹ ਪੂਰੀ ਤਰ੍ਹਾਂ ਸਹਾਈ ਹੁੰਦੀਆਂ ਹਨ। ਔਰਤਾਂ ਦਾ ਸਿਹਤਮੰਦ ਹੋਣਾ ਪਰਿਵਾਰ ਲਈ ਬਹੁਤ ਮਹੱਤਵ ਰੱਖਦਾ ਹੈ ਪਰ ਬਹੁਤੀਆਂ ਅੋਰਤਾਂ ਲਾਪਰਵਾਹੀ ਜਾਂ ਅਗਿਆਨਤਾ ਕਾਰਨ ਆਪਣੀ ਸਿਹਤ ਪ੍ਰਤੀ ਅਣਗਹਿਲੀ ਵਰਤਦੀਆਂ ਹਨ, ਜਿਆਦਾਤਰ ਔਰਤਾਂ ਕੈਲਸ਼ੀਅਮ ਦੀ ਘਾਟ ,ਅਨੀਮਿਆ ਅਤੇ ਹੱਡੀਆਂ ਦਾ ਕਮਜ਼ੋਰ ਹੋਣਾ ਆਦਿ ਸਿਹਤ ਸਮੱਸਿਆਵਾਂ ਤੋਂ ਪ੍ਰਭਾਵਿਤ ਹੋ ਰਹੀਆਂ ਹਨ, ਤੰਦਰੁਸਤ ਰਹਿਣ ਲਈ ਉਨ੍ਹਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿੰਦੇ ਹੋਏ ਸੰਤੁਲਿਤ ਆਹਾਰ ਦਾ ਸੇਵਨ ਕਰਨਾ ਚਾਹੀਦਾ ਹੈ। ਨਰਸਿੰਗ ਸਿਸਟਰ ਸਤਵਿੰਦਰ ਪਾਲ ਕੌਰ ਵੱਲੋਂ ਦੱਸਿਆ ਗਿਆ ਕਿ ਸਾਨੂੰ ਲੜਕੇ ਅਤੇ ਲੜਕੀ ਵਿਚ ਬਿਨਾਂ ਭੇਦਭਾਵ ਕਰਦੇ ਹੋਏ ਉਨ੍ਹਾਂ ਦਾ ਪਾਲਣ-ਪੋਸ਼ਣ ਕਰਨਾ ਚਾਹੀਦਾ ਹੈ ਤਾਂ ਜੋ ਉਹ ਇੱਕ ਖੁਸ਼ਹਾਲ ਜੀਵਨ ਜਿਊ ਸਕਣ ਅਤੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਣ। ਇਸ ਮੌਕੇ ਲਵਪ੍ਰੀਤ ਕੌਰ ਅਤੇ ਜਸਮੀਨ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਨਾਰੀ ਸਸ਼ਕਤੀਕਰਨ ਅਤੇ ਬੱਚੀ ਬਚਾਓ ਵਿਸ਼ੇ `ਤੇ ਪ੍ਰਭਾਵਸ਼ਾਲੀ ਕਵਿਤਾਵਾਂ ਤੇ ਭਾਸ਼ਣ ਦੀ ਪੇਸ਼ਕਾਰੀ ਵੀ ਕੀਤੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਕੌਮੀ ਲੋਕ ਅਦਾਲਤ ਵਿਚ 4044 ਕੇਸਾਂ ਦਾ ਮੌਕੇ ‘ਤੇ ਨਿਪਟਾਰਾ
Next articleਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਸਦਮਾ – ਮਾਤਾ ਦਾ ਹੋਇਆ ਦਿਹਾਂਤ